ਰੂਸੀ ਸ਼ਹਿਰ ਕਜ਼ਾਨ ’ਚ ਹੋਈ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਮੀਟਿੰਗ
ਰੂਸ ਵੱਧ ਤੋਂ ਵੱਧ ਭਾਰਤੀ ਸੈਲਾਨੀਆਂ ਨੂੰ ਆਕਰਸ਼ਿਤ ਕਰਨਾ ਚਾਹੁੰਦਾ ਹੈ ਤੇ ਇਸਦੇ ਲਈ ਉਹ ਭਾਰਤੀਆਂ ਨੂੰ ਵੀਜ਼ਾ ਫ੍ਰੀ ਐਂਟਰੀ ਦੀ ਇਜਾਜ਼ਤ ਦੇਣ ਜਾ ਰਿਹਾ ਹੈ। ਦੋਵਾਂ ਦੇਸ਼ਾਂ ਦੇ ਵਿਚਾਲੇ ਇਸ ਸਬੰਧ ’ਚ ਇਸ ਸਾਲ ਦੇ ਅੰਤ ਤੱਕ ਸਮਝੌਤਾ ਹੋਣ ਦੀ ਸੰਭਾਵਨਾ ਹੈ। ਇਕ ਦੂਜੇ ਦੇਸ਼ ਦੇ ਨਾਗਰਿਕਾਂ ਨੂੰ ਵੀਜ਼ਾ ਫ੍ਰੀ ਘੁੰਮਣ ਫਿਰਨ ਦੀ ਸਹੂਲਤ ਦੇਣ ਨੂੰ ਲੈ ਕੇ ਭਾਰਤ ਤੇ ਰੂਸ ਦੇ ਉੱਚ ਅਧਿਕਾਰੀਆਂ ਦੀ ਇਕ ਦਿਨ ਪਹਿਲਾਂ ਕਜ਼ਾਨ ਸ਼ਹਿਰ ’ਚ ਮੀਟਿੰਗ ਵੀ ਹੋਈ ਹੈ। ਬਹੁਤ ਹੱਦ ਤੱਕ ਸੰਭਾਵਨਾ ਹੈ ਕਿ ਜਦੋਂ ਇਸ ਸਾਲ ਦੇ ਅੰਤ ’ਚ ਦੋਵਾਂ ਦੇਸ਼ਾਂ ਦੇ ਉੱਚ ਪੱਧਰੀ ਨੇਤਾਵਾਂ ਦੀ ਮੀਟਿੰਗ ਹੋਵੇਗਾ ਤਾਂ ਉਦੋਂ ਇਸ ਸਬੰਧੀ ਸਮਝੌਤਾ ਕੀਤਾ ਜਾ ਸਕਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀਆਂ ਤੇ ਰੂਸ ਦੇ ਰਾਸ਼ਟਰਪਤੀ ਵਿਚਾਲੇ ਸਾਲਾਨਾ ਮੀਟਿੰਗ ਹੁੰਦੀ ਹੈ।ਹਾਲਾਂਕਿ ਸਾਲ 2022 ਤੇ ਸਾਲ 2023 ’ਚ ਇਹ ਨਹੀਂ ਹੋਈ ਸੀ। ਦੋਵਾਂ ਪਾਸੇ ਦੇ ਵਿਦੇਸ਼ ਮੰਤਰਾਲਿਆਂ ਵੱਲੋਂ ਇਸ ਸਾਲ ਮੀਟਿੰਗ ਕਰਾਉਣ ਦੀ ਯੋਜਨਾ ਹੈ। ਨਵੀਂ ਦਿੱਲੀ ਸਥਿਤ ਰੂਸੀ ਦੂਤਘਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਭਾਰਤੀ ਪੱਖ ਸਮੂਹ ’ਚ ਯਾਤਰਾ ਕਰਨ ਵਾਲੇ ਰੂਸੀ ਸੈਲਾਨੀਆਂ ਨੂੰ ਵੀਜ਼ਾ ਫ੍ਰੀ ਦੀ ਸਹੂਲਤ ਦੇਣ ਨੂੰ ਲੈ ਕੇ ਵਿਚਾਰ ਸ਼ੁਰੂ ਕੀਤਾ ਜਾ ਚੁੱਕਾ ਹੈ। ਨਾਲ ਹੀ ਇਸ ਸਬੰਧੀ ਸਾਰੇ ਸੂਬਿਆਂ ਵਿਚਾਲੇ ਤਾਲਮੇਲ ਬਣਾਉਣ ਦਾ ਵੀ ਕੰਮ ਕੀਤਾ ਜਾ ਰਿਹਾ ਹੈ। ਰੂਸ ਨੇ ਹਾਲ ਹੀ ਵਿਚ ਚੀਨ ਤੇ ਈਰਾਨ ਨਾਲ ਵੀ ਇਸੇ ਤਰ੍ਹਾਂ ਦਾ ਸਮਝੌਤਾ ਕੀਤਾ ਹੈ। ਯੂਕਰੇਨ ਜੰਗ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਬਣੇ ਹਨ, ਉਸ ਵਿਚ ਰੂਸ ਵੱਲੋਂ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਦੇ ਤਹਿਤ ਇਹ ਕੰਮ ਕੀਤਾ ਜਾ ਰਿਹਾ ਹੈ। ਉਂਝ ਹਾਲ ਹੀ ਦੇ ਸਾਲਾਂ ’ਚ ਦੂਜੇ ਕਈ ਦੇਸ਼ਾਂ ਨੇ ਵੀ ਭਾਰਤੀਆਂ ਲਈ ਵੀਜ਼ਾ ਫ੍ਰੀ ਐਂਟਰੀ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚ ਸ੍ਰੀਲੰਕਾ, ਈਰਾਨ, ਥਾਈਲੈਂਡ ਵਰਗੇ ਦੇਸ਼ ਵੀ ਸ਼ਾਮਲ ਹਨ।ਯੂਰਪੀ ਸੰਘ ਨੇ ਵੀ ਭਾਰਤੀ ਨੂੰ ਲੰਬੀ ਮਿਆਦ ਦੇ ਵੀਜ਼ਾ ਦੇਣ ਦੀ ਯੋਜਨਾ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਫਿੱਕੀ ਦੀ ਇਕ ਰਿਪੋਰਟ ਦੱਸਦੀ ਹੈ ਕਿ ਸਾਲ 2022 ’ਚ ਦੋ ਕਰੋੜ ਭਾਰਤੀਆਂ ਨੇ ਵਿਦੇਸ਼ ਯਾਤਰਾ ਕੀਤੀ ਸੀ। ਹਾਲਾਂਕਿ ਕੋਵਿਡ ਤੋਂ ਪਹਿਲਾਂ ਇਹ ਗਿਣਤੀ 2.7 ਕਰੋੜ ਸੀ। ਸਾਲ 2024 ’ਚ ਕੋਵਿਡ ਦੇ ਪਹਿਲਾਂ ਵਾਲੇ ਪੱਧਰ ’ਤੇ ਭਾਰਤੀ ਸੈਲਾਨੀਆਂ ਦੀ ਗਿਣਤੀ ਪੁੱਜਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਸਾਲ ਬਾਹਰ ਜਾਣ ਵਾਲੇ ਭਾਰਤੀਆਂ ਵੱਲੋਂ 42 ਲੱਖ ਡਾਲਰ ਦੀ ਰਾਸ਼ੀ ਖਰਚ ਕੀਤੇ ਜਾਣ ਦੀ ਸੰਭਾਵਨਾ ਹੈ।