ਵੋਟਰਾਂ ਨਾਲ ਸਿੱਧਾ ਸੰਪਰਕ ਕਰਨ ਤੋਂ ਇਲਾਵਾ ਧਾਰਮਿਕ ਅਸਥਾਨਾਂ ਤੇ ਡੇਰਿਆਂ ਵੱਲ ਕਰ ਰਹੇ ਰੁਖ
ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ’ਚ ਮੈਦਾਨ ਭਖ ਚੁੱਕਾ ਹੈ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਵੋਟਰਾਂ ਨਾਲ ਸਿੱਧਾ ਸੰਪਰਕ ਕਰਨ ਤੋਂ ਇਲਾਵਾ ਧਾਰਮਿਕ ਅਸਥਾਨਾਂ ਤੇ ਡੇਰਿਆਂ ਵੱਲ ਵੀ ਰੁਖ਼ ਕਰ ਰਹੇ ਹਨ। ਜਿੱਥੇ ਉਹ ਵੋਟਰਾਂ ਨੂੰ ਸਿੱਧੇ ਤੌਰ ’ਤੇ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ, ਉਥੇ ਹੀ ਇਨ੍ਹਾਂ ਨਾਲ ਜੁੜੇ ਸ਼ਰਧਾਲੂਆਂ ਉਪਰ ਪ੍ਰਭਾਵ ਪਾਉਣ ਵਾਸਤੇ ਉਹ ਡੇਰਿਆਂ ਤੇ ਧਾਰਮਿਕ ਅਸਥਾਨਾਂ ਦੇ ਮੁਖੀਆਂ ਕੋਲੋਂ ਅਸ਼ੀਰਵਾਦ ਲੈਣ ਪੁੱਜ ਰਹੇ ਹਨ।ਇਨ੍ਹਾਂ ਡੇਰਿਆਂ ’ਚ ਡੇਰਾ ਰਾਧਾ ਸੁਆਮੀ ਬਿਆਸ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਇਸ ਡੇਰੇ ਦੇ ਸ਼ਰਧਾਲੂ ਪੰਜਾਬ ਦੇ ਹਰ ਕਸਬੇ ਤੇ ਸ਼ਹਿਰ ’ਚ ਮੌਜੂਦ ਹਨ। ਇਸ ਤੋਂ ਇਲਾਵਾ ਡੇਰੇ ਦਾ ਦੇਸ਼ ’ਚ ਵੀ ਕਾਫੀ ਪ੍ਰਭਾਵ ਹੈ ਅਤੇ ਵਿਦੇਸ਼ਾਂ ’ਚ ਵੀ ਇਸ ਦੇ ਸ਼ਰਧਾਲੂ ਹਨ। ਹਰ ਵਾਰ ਚੋਣਾਂ ਦੌਰਾਨ ਬਾਕੀ ਡੇਰਿਆਂ ਵਾਂਗ ਸਿਆਸੀ ਪਾਰਟੀਆਂ ਦੇ ਆਗੂ ਡੇਰਾ ਰਾਧਾ ਸੁਆਮੀ ਅਸ਼ੀਰਵਾਦ ਲੈਣ ਲਈ ਆਉਂਦੇ ਰਹੇ ਹਨ ਪਰ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਸੂਬੇ ਦੇ ਵੱਖ-ਵੱਖ ਹਲਕਿਆਂ ਤੋਂ ਚੋਣ ਲੜ ਰਹੇ ਉਮੀਦਵਾਰ ਵੀ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਅਸ਼ੀਰਵਾਦ ਲੈਣ ਲਈ ਪੁੱਜ ਰਹੇ ਹਨ। ਹਾਲਾਂਕਿ ਡੇਰਾ ਮੁਖੀ ਤੇ ਡੇਰੇ ਦੇ ਪ੍ਰਬੰਧਕਾਂ ਵੱਲੋਂ ਕਦੇ ਵੀ ਆਪਣੇ ਸ਼ਰਧਾਲੂਆਂ ਨੂੰ ਵੋਟਾਂ ਪਾਉਣ ਲਈ ਕੋਈ ਸੰਦੇਸ਼ ਜਾਰੀ ਨਹੀਂ ਕੀਤਾ ਜਾਂਦਾ ਹੈ। 2022 ਦੀਆਂ ਚੋਣਾਂ ਦੌਰਾਨ ਵੀ ਡੇਰਾ ਬਿਆਸ ਦੇ ਪ੍ਰਬੰਧਕਾਂ ਵੱਲੋਂ ਆਪਣੇ ਸਾਰੇ ਸਤਿਸੰਗ ਭਵਨਾਂ ’ਚ ਆਉਣ ਵਾਲੀ ਸੰਗਤ ਲਈ ਇਕ ਸਰਕੂਲਰ ਜਾਰੀ ਕੀਤਾ ਗਿਆ ਸੀ ਕਿ ਉਹ ਸਾਰੀਆਂ ਪਾਰਟੀਆਂ ਦਾ ਸਨਮਾਨ ਕਰਦੇ ਹਨ ਤੇ ਸਾਰੀਆਂ ਪਾਰਟੀਆਂ ਉਨ੍ਹਾਂ ਲਈ ਬਰਾਬਰ ਹਨ। ਸ਼ਰਧਾਲੂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਆਪਣੀ ਮਰਜ਼ੀ ਮੁਤਾਬਕ ਹੀ ਕਰਨ। ਇਸ ਦੇ ਬਾਵਜੂਦ ਸਿਆਸਤਦਾਨ ਚੋਣਾਂ ਦੌਰਾਨ ਇੱਥੇ ਆਉਂਦੇ ਹਨ ਤੇ ਅਸ਼ੀਰਵਾਦ ਲੈਣ ਦੇ ਬਹਾਨੇ ਸ਼ਰਧਾਲੂਆਂ ’ਤੇ ਪ੍ਰਭਾਵ ਪਾਉਣ ਦਾ ਯਤਨ ਕਰਦੇ ਰਹੇ ਹਨ। ਜੇ ਪਿਛਲੇ ਦਿਨਾਂ ’ਚ ਡੇਰਾ ਬਿਆਸ ਮੁਖੀ ਦਾ ਅਸ਼ੀਰਵਾਦ ਲੈਣ ਲਈ ਪੁੱਜੇ ਉਮੀਦਵਾਰਾਂ ਤੇ ਸਿਆਸਤਦਾਨਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ, ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਤੇ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ, ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਅਮਰ ਸਿੰਘ ਤੇ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ, ਅੰਮਿਤਸਰ ਤੋਂ ਗੁਰਜੀਤ ਔਜਲਾ, ਜਲੰਧਰ ਤੋਂ ਮਹਿੰਦਰ ਸਿੰਘ ਕੇਪੀ, ਜਲੰਧਰ ਤੋਂ ਬਸਪਾ ਉਮੀਦਵਾਰ ਬਲਵਿੰਦਰ ਸਿੰਘ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਬਸਪਾ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ ਹੈ। ਅਗਲੇ ਦਿਨਾਂ ਦੌਰਾਨ ਹੋਰ ਵੀ ਕਈ ਉਮੀਦਵਾਰ ਡੇਰਾ ਬਿਆਸ ਵਿਖੇ ਅਸ਼ੀਰਵਾਦ ਲੈਣ ਲਈ ਪੁੱਜ ਸਕਦੇ ਹਨ। ਜੇ ਦੇਸ਼ ਦੇ ਵੱਡੇ ਸਿਆਸਤਦਾਨਾਂ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਇੱਥੇ ਆਉਂਦੇ ਰਹੇ ਹਨ ਅਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਡੇਰਾ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਭਾਣਜੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਈ ਵਾਰ ਡੇਰੇ ’ਤੇ ਆ ਚੁੱਕੇ ਹਨ। 2022 ’ਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਪਣੀ ਜਲੰਧਰ ਰੈਲੀ ਤੋਂ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਲਈ ਬਿਆਸ ਪੁੱਜੇ ਸਨ। ਉਨ੍ਹਾਂ ਤੋਂ ਇਲਾਵਾ 2023 ’ਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਵੀ ਡੇਰਾ ਬਿਆਸ ਜਾ ਕੇ ਬਾਬਾ ਜੀ ਨਾਲ ਮੁਲਾਕਾਤ ਕੀਤੀ ਸੀ। ਅੰਮ੍ਰਿਤਸਰ ਜ਼ਿਲ੍ਹੇ ’ਚ ਕੌਮੀ ਸ਼ਾਹ-ਮਾਰਗ ’ਤੇ ਪੈਂਦੇ ਕਸਬਾ ਬਿਆਸ ਵਿਖੇ ਸਥਿਤ ਡੇਰਾ ਰਾਧਾ ਸੁਆਮੀ 1891 ’ਚ ਹੋਂਦ ਵਿਚ ਆਇਆ ਸੀ। ਇਸ ਦੀ ਸਥਾਪਨਾ ਬਾਬਾ ਜੈਮਲ ਸਿੰਘ ਜੀ ਵੱਲੋਂ ਕੀਤੀ ਗਈ ਸੀ। ਮੌਜੂਦਾ ਸਮੇਂ ਪੂਰੇ ਦੇਸ਼ ਅੰਦਰ ਡੇਰਾ ਰਾਧਾ ਸੁਆਮੀ ਦੇ 5000 ਤੋਂ ਵੱਧ ਸਤਿਸੰਗ ਭਵਨ ਹਨ ਜਿੱਥੇ ਹਰ ਹਫਤੇ ਲੱਖਾਂ ਲੋਕ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਪ੍ਰਵਚਨ ਸੁਣਨ ਲਈ ਇਕੱਠੇ ਹੁੰਦੇ ਹਨ। ਦੇਸ਼ ਤੋਂ ਬਾਹਰ ਦੀ ਗੱਲ ਕੀਤੀ ਜਾਵੇ ਤਾਂ ਕਰੀਬ 90 ਦੇਸ਼ਾਂ ’ਚ ਇਸ ਦੇ ਸਤਿਸੰਗ ਭਵਨ ਬਣੇ ਹੋਏ ਹਨ। ਡੇਰਾ ਰਾਧਾ ਸੁਆਮੀ ਬਿਆਸ ਵਿਖੇ ਸਥਿਤ ਹੈੱਡਕੁਆਰਟਰ ’ਚ ਬਣਾਏ ਗਏ ਸਤਿਸੰਗ ਭਵਨ ’ਚ ਹਰ ਹਫਤੇ ਦੇ ਅਖੀਰ ’ਚ 2 ਤੋਂ 5 ਲੱਖ ਦੇ ਕਰੀਬ ਸ਼ਰਧਾਲੂ ਬਾਬਾ ਜੀ ਦੇ ਦਰਸ਼ਨ ਕਰਨ ਤੇ ਸਤਿਸੰਗ ਸੁਣਨ ਲਈ ਪੁੱਜਦੇ ਹਨ।