ਏਸ਼ੀਅਨ ਖੇਡਾਂ ’ਚ ਚਾਈਨਾ ਵਿਖੇ ਜਿੱਤਿਆ ਸੀ ਦੇਸ਼ ਲਈ ਪਹਿਲਾ ਤਗਮਾ
ਫ਼ਰੀਦਕੋਟ ਦੇ ਪਵਨਦੀਪ ਸਿੰਘ ਬੰਪੀ ਸਮਰਾ, ਰਮਣੀਕ ਕੌਰ ਸਮਰਾ ਦੀ ਲਾਡਲੀ ਬੇਟੀ ਸਿਫ਼ਤ ਕੌਰ ਸਮਰਾ ਨੇ ਜੁਲਾਈ ਮਹੀਨੇ ਹੋਣ ਵਾਲੇ ਪੈਰਿਸ ਓਲੰਪਿਕ ਵਿਚ ਸ਼ੂਟਿੰਗ ਵਿਚ ਕੁਆਲੀਫ਼ਾਈ ਕੀਤਾ ਹੈ। ਇਸ ਤੋਂ ਪਹਿਲਾਂ ਸਿਫ਼ਤ ਕੌਰ ਸਮਰਾ ਨੇ ਏਸ਼ੀਅਨ ਖੇਡਾਂ-2023 ’ਚ ਵਿਅਕਤੀਗਤ ਤੌਰ ’ਤੇ ਸੋਨ ਤਗਮਾ ਅਤੇ ਆਪਣੀ ਟੀਮ ਲਈ ਚਾਂਦੀ ਦਾ ਤਗਮਾ ਜਿੱਤਿਆ ਸੀ। ਵਰਨਣਯੋਗ ਹੈ ਕਿ ਸਿਫ਼ਤ ਕੌਰ ਸਮਰਾ ਨੇ ਏਸ਼ੀਅਨ ਖੇਡਾਂ ’ਚ ਚਾਈਨਾ ਵਿਖੇ ਵਿਅਕਤੀਗਤ ਤੌਰ ’ਤੇ ਦੇਸ਼ ਲਈ ਪਹਿਲਾ ਤਗਮਾ ਜਿੱਤਣ ਦੇ ਨਾਲ-ਨਾਲ ਸੰਸਾਰ ਪੱਧਰ ’ਤੇ ਸਭ ਤੋਂ ਵੱਧ ਅੰਕ ਪ੍ਰਾਪਤ ਕਰ ਦਾ ਨਵਾਂ ਰਿਕਾਰਡ ਵੀ ਸਿਰਜਿਆ ਸੀ। ਇਹ ਰਿਕਾਰਡ ਅੱਜ ਵੀ ਸਿਫ਼ਤ ਕੌਰ ਸਮਰਾ ਦਾ ਹੀ ਹੈ। ਇਸ ਦੇ ਨਾਲ ਹੀ ਵਰਲਡ ਯੂਨੀਵਰਸਿਟੀ ਖੇਡਾਂ ’ਚ ਚਾਈਨਾ ਵਿਖੇ ਵੀ ਸਿਫ਼ਤ ਕੌਰ ਸਮਰਾ ਨੇ ਦੋ ਸੋਨ ਤਗਮੇ ਜਿੱਤ ਕੇ ਸਾਬਤ ਕਰ ਦਿੱਤਾ ਸੀ ਕਿ ਰਾਈਫ਼ਲ ਸ਼ੂਟਿੰਗ ’ਚ ਸਾਰੇ ਸੰਸਾਰ ’ਚ ਉਸ ਦਾ ਕੋਈ ਸਾਨੀ ਨਹੀਂ ਹੈ। ਹੁਣ ਸਿਫ਼ਤ ਕੌਰ ਸਮਰਾ ਹੁਣ 50 ਮੀਟਰ ਰਾਈਫ਼ਲ ਸ਼ੂਟਿੰਗ ’ਚ ਤੀਜੀ ਪੁਜ਼ੀਸ਼ਨ ’ਤੇ ਸਾਡੇ ਦੇਸ਼ ਭਾਰਤ ਵੱਲੋਂ ਖੇਡੇਗੀ। ਸਿਫ਼ਤ ਕੌਰ ਸਮਰਾ ਦੇ ਕੋਚ ਸੁਖਰਾਜ ਕੌਰ ਨੇ ਦੱਸਿਆ ਕਿ ਰਾਈਫ਼ਲ 50 ਮੀਟਰ ਤੀਜੀ ਪੁਜ਼ੀਸ਼ਨ ’ਚ ਸਿਫ਼ਤ ਕੌਰ ਸਮਰਾ ਪੰਜਾਬ ਦੇ ਪਹਿਲੀ ਬੇਟੀ ਹੈ ਜੋ ਉਲੰਪਿਕ ’ਚ ਭਾਗ ਲਵੇਗੀ। ਸਿਫ਼ਤ ਕੌਰ ਸਮਰਾ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਅੱਜ ਸਮਰਾ ਪ੍ਰੀਵਾਰ ਨੂੰ ਹਰ ਪਾਸਿਓਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।