ਸੀਸੀਟੀਵੀ ਫੁਟੇਜ ’ਚ ਕੈਦ ਘਟਨਾ
ਗੁਰੂ ਅਰਜਨ ਦੇਵ ਨਗਰ ਇਲਾਕੇ ਵਿੱਚ ਕੁਝ ਵਿਅਕਤੀਆਂ ਨੇ ਇਥੋਂ ਦੇ ਰਹਿਣ ਵਾਲੇ ਅਮਰਜੀਤ ਸਿੰਘ ਨਾਲ ਪੁਰਾਣੀ ਰੰਜਿਸ਼ ਦੀ ਕਿੜ ਕੱਢਦਿਆਂ ਘਰ ਦੇ ਬਾਹਰ ਖੜੇ ਉਸ ਦੇ ਸਕੂਟਰ ਨੂੰ ਅੱਗ ਲਗਾ ਦਿੱਤੀ l ਬੇਖੌਫ ਮੁਲਜ਼ਮਾਂ ਨੇ ਚਿੱਟੇ ਦਿਨ ਪੈਟਰੋਲ ਪਾ ਕੇ ਸਕੂਟਰ ਸਾੜ ਦਿੱਤਾ l ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਅਮਰਜੀਤ ਸਿੰਘ ਦੀ ਸ਼ਿਕਾਇਤ ਤੇ ਕੈਲਾਸ਼ ਨਗਰ ਰੋਡ ਅਮੰਤ੍ਰਨ ਕਲੋਨੀ ਦੇ ਵਾਸੀ ਰਜਿੰਦਰ ਕੁਮਾਰ ਉਰਫ ਰਜਿੰਦਰ, ਸੁਤੰਤਰਨਗਰ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਉਰਫ ਕਾਲੀ ਅਤੇ ਗੁਰੂ ਨਾਨਕ ਦੇਵ ਨਗਰ ਦੇ ਰਹਿਣ ਵਾਲੇ ਫੇਰੂਦਾਸ ਉਰਫ ਦੇਵਦਾਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਇਸ ਮਾਮਲੇ ਵਿੱਚ ਤੀਸਰੇ ਮੁਲਜ਼ਮ ਸੁਤੰਤਰ ਨਗਰ ਦੇ ਵਾਸੀ ਸੰਦੀਪ ਉਰਫ ਗੋਗੜ ਦੀ ਤਲਾਸ਼ ਕਰ ਰਹੀ ਹੈlਜਾਣਕਾਰੀ ਦਿੰਦਿਆਂ ਗੁਰੂ ਅਰਜਨ ਦੇਵ ਨਗਰ ਦੇ ਵਾਸੀ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਆਪਣੇ ਘਰ ਵਿੱਚ ਮੌਜੂਦ ਸੀl ਇਸੇ ਦੌਰਾਨ ਉਹ ਰੌਲਾ ਸੁਣ ਕੇ ਜਿਵੇਂ ਹੀ ਘਰ ਚੋਂ ਬਾਹਰ ਨਿਕਲਿਆ ਤਾਂ ਉਸਨੇ ਦੇਖਿਆ ਕਿ ਘਰ ਦੇ ਬਿਲਕੁਲ ਬਾਹਰ ਖੜੇ ਉਸਦੇ ਸਕੂਟਰ ਨੂੰ ਅੱਗ ਲੱਗੀ ਹੋਈ ਸੀ। ਅਮਰਜੀਤ ਸਿੰਘ ਨੇ ਪਾਣੀ ਦੀਆਂ ਬਾਲਟੀਆਂ ਪਾ ਕੇ ਅੱਗ ਬੁਝਾਈ ਅਤੇ ਪੁਲਿਸ ਨੂੰ ਸੂਚਤ ਕੀਤਾlਇਲਾਕੇ ਵਿੱਚ ਲੱਗੇ ਜਦ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਚਾਰਾ ਮੁਲਜ਼ਮਾਂ ਨੇ ਆਪਸ ਵਿੱਚ ਹਮ ਮਸ਼ਵਰਾ ਹੋ ਕੇ ਸਕੂਟਰ ਨੂੰ ਅੱਗ ਲਗਾਈ ਸੀ l ਅਮਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁਰਾਣੀ ਰੰਜਿਸ਼ ਦੇ ਚਲਦੇ ਉਸ ਨਾਲ ਅਜਿਹਾ ਕੀਤਾ ਹੈ। ਉਧਰੋਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈl ਚੌਥੇ ਮੁਲਜ਼ਮ ਸੰਦੀਪ ਕੁਮਾਰ ਉਰਫ ਗੋਗੜ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦੀ ਹੀ ਉਸਨੂੰ ਵੀ ਕਾਬੂ ਕਰ ਲਿਆ ਜਾਵੇਗਾ।