ਸਪੈਸ਼ਲ ਸੈੱਲ ਮੁਹਾਲੀ ਦੀ ਟੀਮ ਨੇ ਇੰਟੈਲੀਜੈਂਸ ਹੈੱਡਕੁਆਟਰ ਮੁਹਾਲੀ ’ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ’ਚ ਬੈਠੇ
ਸਪੈਸ਼ਲ ਸੈੱਲ ਮੁਹਾਲੀ ਦੀ ਟੀਮ ਨੇ ਇੰਟੈਲੀਜੈਂਸ ਹੈੱਡਕੁਆਟਰ ਮੁਹਾਲੀ ’ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ’ਚ ਬੈਠੇ ਅੱਤਵਾਦੀ ਲਖਬੀਰ ਸਿੰਘ ਉਰਫ਼ ਲੰਡਾ ਗੈਂਗ ਦੇ ਮੈਂਬਰਾਂ ਨੂੰ ਨਾਜਾਇਜ਼ ਅਸਲਾ ਤੇ ਗੋਲੀ ਸਿੱਕਾ ਸਪਲਾਈ ਕਰਨ ਵਾਲੇ ਸਾਥੀ ਸ਼ਰਨਜੀਤ ਸਿੰਘ ਵਾਸੀ ਪਿੰਡ ਬਹਿਲਾ, ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਕੋਲੋਂ 6 ਪਿਸਤੌਲ, 20 ਕਾਰਤੂਸ ਬਰਾਮਦ ਹੋਏ ਹਨ।ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਡਾ. ਸੰਦੀਪ ਕੁਮਾਰ ਗਰਗ ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੋਹਾਲੀ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਡਾ. ਜੋਤੀ ਯਾਦਵ ਆਈਪੀਐੱਸ, ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਅਤੇ ਗੁਰਸ਼ੇਰ ਸਿੰਘ ਸੰਧੂ, ਪੀਪੀਐੱਸ, ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਂਸ) ਦੀ ਅਗਵਾਈ ਹੇਠ ਟੀਮ ਵੱਲੋਂ 21 ਅਪ੍ਰੈਲ ਨੂੰ ਥਾਣਾ ਲਾਲੜੂ ਦੇ ਏਰੀਆ ’ਚੋਂ ਇਕ ਕਾਰ ਬਰੀਜ਼ਾ ਜਿਸ ਵਿੱਚੋਂ ਦੋ ਵਿਅਕਤੀਆਂ ਜਿਨ੍ਹਾਂ ’ਚੋਂ ‘ਏ’ ਕੈਟਾਗਿਰੀ ਗੈਂਗਸਟਰ ਮਲਕੀਤ ਸਿੰਘ ਉਰਫ਼ ਨਵਾਬ ਅਤੇ ਗਮਦੂਰ ਸਿੰਘ ਵਾਸੀ ਅੰਮ੍ਰਿਤਸਰ, ਮੱਧ ਪ੍ਰਦੇਸ਼ ਤੋਂ ਆਉਂਦੇ ਸਮੇਂ ਮੁਹਾਲੀ ਵਿਖੇ 6 ਪਿਸਤੌਲਾਂ, 12 ਮੈਗਜ਼ੀਨ, 10 ਕਾਰਤੂਸ ਅਤੇ ਇਕ ਬਰੀਜ਼ਾ ਕਾਰ ਸਮੇਤ ਗ੍ਰਿਫ਼ਤਾਰ ਕੀਤੇ ਗਏ ਸਨ। ਗੈਂਗਸਟਰ ਮਲਕੀਤ ਸਿੰਘ ਉਰਫ਼ ਨਵਾਬ ਅਤੇ ਗਮਦੂਰ ਸਿੰਘ ਵਾਸੀ ਅੰਮ੍ਰਿਤਸਰ ਖ਼ਿਲਾਫ਼ 21 ਅਪ੍ਰੈਲ ਨੂੰ ਥਾਣਾ ਲਾਲੜੂ ’ਚ ਪਰਚਾ ਦਰਜ ਕੀਤਾ ਗਿਆ ਸੀ।ਡਾ. ਗਰਗ ਨੇ ਦੱਸਿਆ ਕਿ ਉਕਤ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਮਲਕੀਤ ਸਿੰਘ ਉਰਫ਼ ਨਵਾਬ ਦੀ ਪੁੱਛਗਿੱਛ ਅਤੇ ਤਕਨੀਕੀ ਤਫ਼ਤੀਸ਼ ਦੇ ਆਧਾਰ ’ਤੇ 25 ਅਪ੍ਰੈਲ ਨੂੰ ਅਜੈਪਾਲ ਸਿੰਘ ਵਾਸੀ ਪਿੰਡ ਬਹਿਲਾ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਇਕ ਪਿਸਤੌਲ .30 ਬੋਰ ਬਰਾਮਦ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਅਜੈਪਾਲ ਸਿੰਘ ਨੇ ਦੱਸਿਆ ਸੀ ਕਿ ਉਹ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਅਸਲਾ ਲਿਆ ਕੇ ਮਾਝਾ ਏਰੀਆ ’ਚ ਅੱਤਵਾਦੀ ਲਖਬੀਰ ਸਿੰਘ ਲੰਡਾ ਗੈਂਗ ਦੇ ਮੈਂਬਰਾਂ ਨੂੰ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਅਗਲੇਰੀ ਤਫ਼ਤੀਸ਼ ਦੌਰਾਨ 15 ਮਈ ਨੂੰ ਸਪੈਸ਼ਲ ਸੈੱਲ ਮੋਹਾਲੀ ਦੀ ਟੀਮ ਨੇ ਲਖਬੀਰ ਲੰਡਾ ਦੇ ਗੈਂਗ ਨੂੰ ਨਾਜਾਇਜ਼ ਅਸਲਾ ਤੇ ਗੋਲੀ-ਸਿੱਕਾ ਸਪਲਾਈ ਕਰਨ ਵਾਲੇ ਸ਼ਰਨਜੀਤ ਸਿੰਘ ਉਰਫ਼ ਸੰਨੀ ਵਾਸੀ ਪਿੰਡ ਬਹਿਲਾ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 6 ਪਿਸਤੌਲ, 20 ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਵਿਦੇਸ਼ ’ਚ ਬੈਠੇ ਗੈਂਗਸਟਰ ਲਖਬੀਰ ਲੰਡਾ ਦੀ ਗੈਂਗ ਪੰਜਾਬ ਦੇ ਮਾਝਾ ਏਰੀਆ ’ਚ ਸਰਗਰਮ ਸੀ ਜਿਸ ਦੇ ਕਹਿਣ ’ਤੇ ਇਹ ਫਿਰੌਤੀਆਂ, ਕਤਲ ਅਤੇ ਅੱਤਵਾਦੀ ਗਤੀਵਿਧੀਆਂ ਵਰਗੀਆਂ ਵਾਰਦਾਤ ਨੂੰ ਅੰਜਾਮ ਦਿੰਦੇ ਸਨ।