ਇਨ੍ਹਾਂ ਆਗੂਆਂ ਦੀ ਆਮਦ ਨਾਲ ‘ਆਪ’ ਨੂੰ ਮਿਲੇਗਾ ਵੱਡਾ ਹੁਲਾਰਾ
ਵੱਖ ਵੱਖ ਲੋਕ ਸਭਾ ਹਲਕਿਆਂ ਵਿਚ ਕਾਂਗਰਸ, ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਆਪਣੀਆਂ ਪਾਰਟੀਆਂ ਛੱਡ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋ ਗਏ। ਆਪ ਨੇ ਦਾਅਵਾ ਕੀਤਾ ਕਿ ਇਨ੍ਹਾਂ ਆਗੂਆਂ ਦੀ ਆਮਦ ਨਾਲ ਆਪ ਨੂੰ ਵੱਡਾ ਹੁਲਾਰਾ ਮਿਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ’ਤੇ ਸਾਰੇ ਆਗੂਆਂ ਨੂੰ ਪਾਰਟੀ ’ਚ ਸ਼ਾਮਲ ਕਰਵਾਇਆ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਵੱਡੇ ਆਗੂਆਂ ਦੇ ਪਾਰਟੀ ‘ਚ ਸ਼ਾਮਲ ਹੋਣ ਨਾਲ ਅੰਮ੍ਰਿਤਸਰ, ਸੰਗਰੂਰ ਅਤੇ ਪਟਿਆਲਾ ਲੋਕ ਸਭਾ ਹਲਕਿਆਂ ਵਿਚ ਆਮ ਆਦਮੀ ਪਾਰਟੀ ਹੋਰ ਵੀ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਹੈ। ਅੰਮ੍ਰਿਤਸਰ ’ਚ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਤੇ ਬਸਪਾ ਨੂੰ ਵੱਡਾ ਝਟਕਾ ਦਿੱਤਾ ਹੈ। ਅਕਾਲੀ-ਬਸਪਾ ਗੱਠਜੋੜ ਅਧੀਨ ਅੰਮ੍ਰਿਤਸਰ ਕੇਂਦਰੀ ਹਲਕੇ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੀ ਦਲਵੀਰ ਕੌਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਹਨ। ਦਲਵੀਰ ਕੌਰ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਬਸਪਾ ਦੀ ਮੌਜੂਦਾ ਹਲਕਾ ਇੰਚਾਰਜ ਵੀ ਸਨ। ਮਲੇਰਕੋਟਲਾ ’ਚ ’ਆਪ’ ਨੇ ਕਾਂਗਰਸ ਨੂੰ ਵੀ ਵੱਡਾ ਝਟਕਾ ਦਿੱਤਾ ਹੈ। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਵਕਫ਼ ਬੋਰਡ ਦੇ ਸਾਬਕਾ ਮੈਂਬਰ ਨਦੀਮ ਅਨਵਰ ਖ਼ਾਨ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਨਦੀਮ ਅਨਵਰ ਖ਼ਾਨ ਸਾਬਕਾ ਵਿਧਾਇਕ ਹਾਜੀ ਅਨਵਰ ਅਹਿਮਦ ਖ਼ਾਨ ਦੇ ਪੁੱਤਰ ਹਨ। ਉਹ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੈਬੀ ਖ਼ਾਨ ਵੀ ‘ਆਪ’ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ’ਤੇ ਮਲੇਰਕੋਟਲਾ ਤੋਂ ’ਆਪ’ ਵਿਧਾਇਕ ਜਮੀਲ ਉਰ ਰਹਿਮਾਨ ਵੀ ਮੌਜੂਦ ਸਨ। ਪਟਿਆਲਾ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ। ਇੱਥੇ ਕਾਂਗਰਸ ਅਤੇ ਅਕਾਲੀ ਦਲ ਦੇ ਕਈ ਆਗੂ, ਕੌਂਸਲਰ ਅਤੇ ਸਾਬਕਾ ਕੌਂਸਲਰ ‘ਆਪ’ ਵਿੱਚ ਸ਼ਾਮਲ ਹੋਏ। ਪਟਿਆਲਾ ਤੋਂ ਰਣਜੀਤ ਸਿੰਘ ਨਿਕਰਾ (ਕਾਂਗਰਸ), ਸ਼ੰਮੀ (ਸਾਬਕਾ ਕੌਂਸਲਰ ਕਾਂਗਰਸ), ਰਵਿੰਦਰਪਾਲ ਪਿ੍ਰੰਸ ਲਾਂਬਾ (ਕੌਂਸਲਰ, ਅਕਾਲੀ ਦਲ ਪਟਿਆਲਾ), ਨਵਨੀਤ ਵਾਲੀਆ (ਅਕਾਲੀ ਦਲ) ਹੈਰੀ ਮੁਖਮਹਿਲਪੁਰ, ਮੌਂਟੀ ਗਰੋਵਰ (ਅਕਾਲੀ ਦਲ), ਸਿਮਰਨ ਗਰੇਵਾਲ (ਸੀਨੀਅਰ ਮੀਤ ਪ੍ਰਧਾਨ) ਸ਼੍ਰੋਮਣੀ ਅਕਾਲੀ ਦਲ ਪਟਿਆਲਾ, ਰਮਨ ਧਾਲੀਵਾਲ (ਕਿਸਾਨ ਆਗੂ ਪਟਿਆਲਾ) ਆਦਿ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਅਤੇ ‘ਆਪ’ਆਗੂ ਹਰਪਾਲ ਜੁਨੇਜਾ ਹਾਜ਼ਰ ਸਨ।