ਦੋਸ਼ੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ
ਬੁੱਧਵਾਰ ਦੇਰ ਸ਼ਾਮ ਨੂੰ ਮਾਮੂਲੀ ਬਹਿਸ ਨੂੰ ਲੈ ਕੇ ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੇ ਪੀਰੂ ਬੰਦਾ ਇਲਾਕੇ ਵਿੱਚ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਘਟਨਾ ਸਥਾਨ ‘ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਦੇ ਰਹਿਣ ਵਾਲੇ ਦੋ ਨੌਜਵਾਨਾਂ ’ਚ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ, ਦੇਖਦੇ ਹੀ ਦੇਖਦੇ ਇਸ ਬਹਿਸ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ। ਲੜਾਈ ਦੌਰਾਨ ਆਪਣੀ ਜਾਨ ਬਚਾਉਣ ਲਈ ਇੱਕ ਨੌਜਵਾਨ ਆਪਣੇ ਦੋਸਤ ਸੈਮ ਅਤੇ ਸਾਜਨ ਦੇ ਘਰ ਦਾਖ਼ਲ ਹੋ ਗਿਆ। ਜਦ ਕਿ ਭੜਕੇ ਨੌਜਵਾਨ ਉਸੇ ਘਰ ਦੇ ਬਾਹਰ ਆ ਕੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ। ਰੌਲੇ ਦੀ ਆਵਾਜ਼ ਸੁਣ ਕੇ ਬਾਹਰ ਆਏ ਸੈਮ ਅਤੇ ਸਾਜਨ ‘ਤੇ ਭੜਕੇ ਨੌਜਵਾਨਾਂ ਨੇ ਸੂਏ ਨਾਲ ਵਾਰ ਕਰ ਦਿੱਤੇ। ਜਿਸ ਕਾਰਨ ਸੈਮ ਅਤੇ ਉਸਦਾ ਭਰਾ ਸਾਜਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਸੈਮ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਜਦ ਕਿ ਸਾਜਨ ਦੀ ਹਾਲਤ ਗੰਭੀਰ ਬਣੀ ਹੋਈ। ਇਸ ਮੌਕੇ ਘਟਨਾ ਦੀ ਸੂਚਨਾ ਮਿਲਦਿਆਂ ਐਸਐਚਓ ਜੈਦੀਪ ਜਾਖੜ, ਏਸੀਪੀ ਜੈਅੰਤ ਪੁਰੀ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਤੋਂ ਬਾਅਦ ਥਾਣਾ ਮੁਖੀ ਜੈਦੀਪ ਜਾਖੜ ਨੇ ਮੁਦਈ ਮਦਨ ਲਾਲ ਪਾਸਟਰ ਪੁੱਤਰ ਸੂਫੀ ਰਾਮ ਵਾਸੀ ਪੀਰੂ ਬੰਦਾ ਦੇ ਬਿਆਨਾਂ ਤੇ ਦੋਸ਼ੀ ਜਸਕਰਨ ਉਰਫ ਜਸਨ, ਹਰਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪੀਰੂ ਬੰਦਾ ਸਲੇਮ ਟਾਬਰੀ ਖਿਲਾਫ ਬਣਦੀਆਂ ਧਰਾਵਾਂ 302,307,452,120-ਬੀ,25-54-59 ਆਰਮ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।