19 ਸਾਲਾ ਕਾਤਲ ਨੂੰ ਫੜਨ ਲਈ ਪੁਲਿਸ ਨੇ ਬਣਾਈਆਂ ਸਨ 6 ਟੀਮਾਂ
ਬੀਤੇ ਦਿਨੀ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਦੇ ਭਤੀਜੇ ਬਾਬਾ ਬਲਵਿੰਦਰ ਸਿੰਘ ਮੁਖ ਸੇਵਾਦਾਰ ਸ੍ਰੀ ਗੁਰਦੁਆਰੇ ਸ੍ਰੀ ਗੁਰੂ ਅਮਰਦਾਸ ਪੁਲ਼ ਅਠਵਾਲ ਦਾ 30 ਅਪ੍ਰੈਲ ਨੂੰ ਕਤਲ ਹੋ ਗਿਆ ਸੀ ਤੇ ਕਾਤਲ ਬਾਬਾ ਬਲਵਿੰਦਰ ਸਿੰਘ ਦਾ ਸੇਵਾਦਾਰ ਹੀ ਨਿਕਲਿਆ ਸੀ ਜੋ ਉਹ ਉਦੋਂ ਤੋਂ ਹੀ ਫਰਾਰ ਚੱਲਦਾ ਆ ਰਿਹਾ ਸੀ। ਬਟਾਲਾ ਪੁਲਿਸ ਨੇ 12 ਦਿਨਾਂ ਦੀ ਜਦੋਜਹਿਦ ਤੋਂ ਬਾਅਦ 19 ਸਾਲਾ ਕਾਤਲ ਨੂੰ ਬਟਾਲਾ ਤੋਂ ਗ੍ਰਿਫਤਾਰ ਕਰ ਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਐਸਐਸਪੀ ਬਟਾਲਾ ਅਸ਼ਵਨੀ ਗੁਟਿਆਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬਾਬਾ ਬਲਵਿੰਦਰ ਸਿੰਘ ਦੇ ਕਤਲ ‘ਚ ਨਾਮਜ਼ਦ ਰਮਨਦੀਪ ਸਿੰਘ ਵਾਸੀ ਸਲਾਹਪੁਰ ਕਾਦੀਆਂ ਜੋ ਬਾਬਾ ਜੀ ਦੇ ਕੋਲ ਸੇਵਾ ਕਰਦਾ ਹੁੰਦਾ ਸੀ। 30 ਅਪ੍ਰੈਲ ਦੀ ਰਾਤ ਨੂੰ ਬਾਬਾ ਬਲਵਿੰਦਰ ਸਿੰਘ ਦੇ ਪੈਰ ਦੀ ਮਾਲਿਸ਼ ਕਰਦਿਆਂ ਬਾਬਾ ਬਲਵਿੰਦਰ ਸਿੰਘ ਨਾਲ ਰਮਨਦੀਪ ਦਾ ਕਿਸੇ ਗੱਲ ਤੋਂ ਲੈ ਕੇ ਝਗੜਾ ਹੋ ਗਿਆ ਸੀ। ਉਸਨੇ ਇਕ ਚਾਕੂ ਨਾਲ ਵਾਰ ਕਰ ਕੇ ਬਾਬਾ ਬਲਵਿੰਦਰ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ ਤੇ ਬਾਬਾ ਬਲਵਿੰਦਰ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਸੀ। ਐਸਐਸਪੀ ਬਟਾਲਾ ਨੇ ਦੱਸਿਆ ਕਿ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ ਤੇ ਉਸਦਾ ਫੋਨ ਬੰਦ ਹੋ ਗਿਆ ਸੀ ਜਿਸ ਕਾਰਨ ਉਸਨੂੰ ਫੜਨ ‘ਚ ਭਾਰੀ ਦਿੱਕਤ ਆਈ। ਪੁਲਿਸ ਦੀਆਂ ਟੀਮਾਂ ਵੱਲੋਂ ਲਗਾਤਾਰ ਉਸ ਦੀ ਪੈੜ ਨਪਦਿਆਂ 13 ਮਈ ਨੂੰ ਉਸ ਨੂੰ ਬਟਾਲਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਰਮਨਦੀਪ ਸਿੰਘ ਗੁਰਬਾਣੀ ਦੀ ਸੰਥਿਆ ਲੈ ਕੇ ਗ੍ਰੰਥੀ ਬਣਨਾ ਚਾਹੁੰਦਾ ਸੀ ਪਰ ਉਸ ਰਾਤ ਸੇਵਾ ਕਰਦਿਆਂ ਬਾਬਾ ਜੀ ਨਾਲ ਕਿਸੇ ਗੱਲ ਤੋਂ ਤਕਰਾਰ ਹੋਣ ਤੇ ਉਸਨੇ ਬਾਬਾ ਬਲਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਸੀ। ਐਸਐਸਪੀ ਨੇ ਦੱਸਿਆ ਕਿ ਮੁਲਜਮ ਰਮਨਦੀਪ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।