ਵਿਭਾਗ ਨੇ ਲੂ ਤੋਂ ਬਚਾਅ ਨੂੰ ਲੈ ਕੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ ਵੀ ਦਿੱਤੀ ਹੈ।
ਪੰਜਾਬ ’ਚ ਹੁਣ ਲੋਕਾਂ ਨੂੰ ਭਿਆਨਕ ਗਰਮੀ ਸਹਿਣੀ ਪਵੇਗੀ। ਮੌਸਮ ਕੇਂਦਰ ਚੰਡੀਗੜ੍ਹ ਨੇ ਪੰਜਾਬ ਵਿਚ ਲੂ ਚੱਲਣ ਸਬੰਧੀ ਆਰੈਂਜ ਅਲਰਟ ਜਾਰੀ ਕਰ ਦਿੱਤਾ ਹੈ। ਵਿਭਾਗ ਮੁਤਾਬਕ 16 ਤੇ 17 ਮਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਲੂ ਚੱਲ ਸਕਦੀ ਹੈ। ਇਸ ਦੌਰਾਨ ਤਾਪਮਾਨ ਕਈ ਜ਼ਿਲ੍ਹਿਆਂ ਵਿਚ 44 ਤੇ ਕਈ ਜ਼ਿਲ੍ਹਿਆਂ ਵਿਚ 45 ਡਿਗਰੀ ਸੈਲਸੀਅਸ ਤੱਕ ਪੁੱਜ ਸਕਦਾ ਹੈ। ਵਿਭਾਗ ਨੇ ਲੂ ਤੋਂ ਬਚਾਅ ਨੂੰ ਲੈ ਕੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ ਵੀ ਦਿੱਤੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਤੇ ਬੁੱਧਵਾਰ ਨੂੰ ਵੀ ਮੌਸਮ ਦਾ ਮਿਜ਼ਾਜ ਗਰਮ ਰਹੇਗਾ। ਉਥੇ ਸੋਮਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਮੌਸਮ ਖ਼ੁਸ਼ਕ ਰਿਹਾ। ਫ਼ਰੀਦਕੋਟ ਤੇ ਫ਼ਾਜ਼ਿਲਕਾ ਵਿਚ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਤੋਂ ਪਾਰ ਚਲਿਆ ਗਿਆ। ਫ਼ਾਜ਼ਿਲਕਾ ਵਿਚ ਵੱਧ ਤੋਂ ਵੱਧ ਤਾਪਮਾਨ 43.7 ਡਿਗਰੀ ਤੇ ਫ਼ਰੀਦਕੋਟ ਵਿਚ 43.1 ਡਿਗਰੀ ਸੈਲਸੀਅਸ ਰਿਹਾ। ਫ਼ਾਜ਼ਿਲਕਾ ਵਿਚ ਵੱਧ ਤੋਂ ਵੱਧ ਤਾਪਮਾਨ ਆਮ ਤੋਂ ਸੱਤ ਡਿਗਰੀ ਤੇ ਫ਼ਰੀਦਕੋਟ ਵਿਚ ਛੇ ਡਿਗਰੀ ਸੈਲਸੀਅਸ ਵੱਧ ਸੀ। ਉਥੇ ਲੁਧਿਆਣਾ ਵਿਚ 41.1 ਡਿਗਰੀ ਸੈਲਸੀਅਸ, ਚੰਡੀਗੜ੍ਹ ਵਿਚ 40.2 ਡਿਗਰੀ, ਅੰਮ੍ਰਿਤਸਰ ਵਿਚ 38.6 ਡਿਗਰੀ ਤੇ ਜਲੰਧਰ ਵਿਚ ਵੀ 38.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਕੁਝ ਜ਼ਿਲ੍ਹਿਆਂ ਵਿਚ ਹਲਕੀ ਬਾਰਿਸ਼ ਵੀ ਹੋਈ। ਜਿਸ ਵਿਚ ਪਟਿਆਲਾ ਵਿਚ 5.8 ਮਿਲੀਮੀਟਰ, ਪਠਾਨਕੋਟ ਵਿਚ 0.6 ਮਿਲੀਮੀਟਰ, ਬਠਿੰਡਾ ਵਿਚ 1.4 ਮਿਲੀਮੀਟਰ, ਗੁਰਦਾਸਪੁਰ ਵਿਚ 1.1 ਮਿਲੀਮੀਟਰ ਤੇ ਪਠਾਨਕੋਟ ਵਿਚ 0.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।