ਵੱਡੀ ਗਿਣਤੀ ’ਚ ਤਾਇਨਾਤ ਕੀਤੀ ਗਈ ਸੀ ਪੁਲਿਸ ਫੋਰਸ
ਲੋਕ ਸਭਾ ਚੋਣਾਂ ਦੇ ਵਿਚਾਲੇ ਜਿੱਥੇ ਸਮੁੱਚੇ ਪੰਜਾਬ ਵਿਚ ਭਾਜਪਾ ਉਮੀਦਵਾਰਾਂ ਦੇ ਵਿਰੋਧ ਵਿਚ ਕਿਸਾਨਾਂ ਵੱਲੋਂ ਰੋਸ ਵਿਖਾਵੇ ਕੀਤੇ ਜਾ ਰਹੇ ਹਨ, ਉਥੇ ਐਤਵਾਰ ਨੂੰ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਉਮੀਦਵਾਰ ਦਾ ਵਿਰੋਧ ਕੀਤਾ ਗਿਆ। ਸਥਾਨਕ ਹੋਟਲ ਵਿਖੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਦੇ ਹੱਕ ਵਿਚ ਵਰਕਰ ਮਿਲਣੀ ਰੱਖੀ ਗਈ ਸੀ, ਜਿਸ ਵਿਚ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ ਵੀ ਪਹੁੰਚਣਾ ਸੀ ਪਰ ਉਹ ਨਹੀਂ ਪੁੱਜੇ।ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਜਤਿੰਦਰ ਸਿੰਘ ਅਠਵਾਲ ਅਤੇ ਮੰਡਲ ਪ੍ਰਧਾਨ ਸਤਬੀਰ ਰਾਣਾ ਵੱਲੋਂ ਰੱਖੇ ਗਏ ਇਸ ਪ੍ਰੋਗਰਾਮ ਦੀ ਭਿਣਕ ਜਦੋਂ ਕਿਸਾਨ ਜਥੇਬੰਦੀਆਂ ਨੂੰ ਪਈ ਤਾਂ ਉਹ ਇਸ ਦੇ ਵਿਰੋਧ ਵਿਚ ਇਕੱਤਰ ਹੋਣਾ ਸ਼ੁਰੂ ਹੋ ਗਏ। ਦੇਖਦਿਆਂ ਹੀ ਦੇਖਦਿਆਂ ਇਕ ਪਾਸੇ ਹੋਟਲ ਵਿਚ ਭਾਜਪਾ ਦੇ ਆਗੂ ਤੇ ਵਰਕਰ ਇਕੱਠੇ ਹੋ ਗਏ, ਉਥੇ ਹੋਟਲ ਦੇ ਸਾਹਮਣੇ ਕਿਸਾਨ ਵੀ ਪਹੁੰਚ ਗਏ। ਇਕ ਪਾਸੇ ਕਿਸਾਨਾਂ ਵੱਲੋਂ ਲਾਊਡ ਸਪੀਕਰ ’ਚ ਭਾਜਪਾ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ ਤੇ ਦੂਜੇ ਪਾਸੇ ਭਾਜਪਾ ਆਗੂ ਵੀ ਬਾਹਰ ਆ ਗਏ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਹੱਕ ਵਿਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮਾਹੌਲ ਤਣਾਅਪੂਰਨ ਹੁੰਦਾ ਦੇਖ ਡੀਐੱਸਪੀ ਅਜੇ ਸਿੰਘ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ।ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਅਕਾਲੀ, ਕਾਂਗਰਸੀ ਤੇ ‘ਆਪ’ ਆਗੂਆਂ ਨੇ ਨਾਜਾਇਜ਼ ਮਾਈਨਿੰਗ ਕਰਵਾਈ ਤੇ ਹਲਕੇ ਦਾ ਨੁਕਸਾਨ ਕਰਵਾਇਆ ਤੇ ਆਪਣੀਆਂ ਜੇਬਾਂ ਭਰੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਸਾਲਾਂ ਵਿਚ ਦੇਸ਼ ਦੀ ਤਸਵੀਰ ਬਦਲ ਦਿੱਤੀ ਹੈ ਤੇ ਹੁਣ ਮੋਦੀ ਨੂੰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਕੋਈ ਰੋਕ ਨਹੀ ਸਕਦਾ। ਇਸ ਮੌਕੇ ਜਤਿੰਦਰ ਸਿੰਘ ਅਠਵਾਲ, ਸਤਬੀਰ ਸਿੰਘ ਰਾਣਾ, ਪਰਮਿੰਦਰ ਸ਼ਰਮਾ, ਅਲਕਾ ਲਾਂਬਾ, ਸੁਨੀਲ ਜੋਸ਼ੀ, ਮਨੋਹਰ ਲਾਲ ਖਮੇੜਾ ਸਮੇਤ ਆਗੂ ਹਾਜ਼ਰ ਸਨ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸਤਬੀਰ ਰਾਣਾ ਨੇ ਕਿਸਾਨਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਜਿਸ ਵੀ ਬੋਲੀ ਵਿਚ ਉਨ੍ਹਾਂ ਨਾਲ ਗੱਲ ਕਰਨਗੇ, ਉਹ ਵੀ ਉਸੇ ਭਾਸ਼ਾ ਵਿਚ ਜੁਆਬ ਦੇਣਗੇ। ਉਨ੍ਹਾਂ ਕਿਹਾ ਕਿ ਉਹ ਖੁਦ ਕਿਸਾਨ ਹਨ ਤੇ ਭਾਜਪਾ ਦੀਆਂ ਨੀਤੀਆਂ ਦਾ ਸਮੱਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜਾਣਬੁੱਝ ਕੇ ਮਾਹੌਲ ਖਰਾਬ ਕਰ ਰਹੇ ਹਨ ਪਰ ਉਹ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਪ੍ਰਚਾਰ ਕਰਨਗੇ।