ਲੇਬਲ ’ਤੇ ਕੀਤੇ ਗਏ ਦਾਅਵਿਆਂ ਤੋਂ ਉਲਟ ਹੋ ਸਕਦੀ ਹੈ ਗੁਣਵੱਤਾ
ਜੇ ਤੁਸੀਂ ਪੈਕਟ ਬੰਦ ਖ਼ੁਰਾਕੀ ਸਮੱਗਰੀ ਖ਼ਰੀਦ ਰਹੇ ਹੋ ਤਾਂ ਸਾਵਧਾਨ। ਸਿਰਫ਼ ਉਸ ਦੇ ਲੇਬਲ ’ਤੇ ਨਾ ਜਾਇਓ ਜਨਾਬ, ਇਹ ਭਰਮਾਊ ਵੀ ਹੋ ਸਕਦਾ ਹੈ। ਦੂਜੇ ਸ਼ਬਦਾਂ ’ਚ ਕਿਹਾ ਜਾਵੇ ਤਾਂ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ ਹੋ ਸਕਦੇ ਹਨ। ਸ਼ੂਗਰ-ਫ੍ਰੀ ਹੋਣ ਦਾ ਦਾਅਵਾ ਕਰਨ ਵਾਲੇ ਖ਼ੁਰਾਕੀ ਪਦਾਰਥਾਂ ’ਚ ਚਰਬੀ ਦੀ ਮਾਤਰਾ ਜ਼ਿਆਦਾ ਹੋ ਸਕਦੀ ਹੈ ਜਦਕਿ ਡੱਬਾਬੰਦ ਫਲਾਂ ਦੇ ਰਸ ’ਚ ਫਲਾਂ ਦਾ ਸਿਰਫ਼ 10 ਫ਼ੀਸਦੀ ਤੱਤ ਹੀ ਹੋ ਸਕਦਾ ਹੈ। ਸਿਖਰਲੀ ਸਿਹਤ ਖੋਜ ਬਾਡੀ ਭਾਰਤੀ ਚਿਕਿਤਸਾ ਖੋਜ ਪ੍ਰੀਸ਼ਦ (ਆਈਸੀਐੱਮਆਰ) ਨੇ ਇਸ ਸਬੰਧੀ ਚੌਕਸ ਕੀਤਾ ਹੈ ਅਤੇ ਕਿਹਾ ਹੈ ਕਿ ਖਪਤਕਾਰਾਂ ਨੂੰ ਸਮੱਗਰੀ ਖ਼ਰੀਦਦੇ ਸਮੇਂ ਜਾਣਕਾਰੀ ਭਰਪੂਰ ਤੇ ਸਹੀ ਬਦਲ ਲਈ ਉਸ ’ਤੇ ਲਿਖੀ ਜਾਣਕਾਰੀ ਨੂੰ ਵੀ ਸਾਵਧਾਨੀ ਨਾਲ ਪੜ੍ਹਨਾ ਚਾਹੀਦਾ ਹੈ।ਹਾਲ ਹੀ ’ਚ ਜਾਰੀ ਕੀਤੇ ਗਏ ਭੋਜਨ ਸਬੰਧੀ ਦਿਸ਼ਾ-ਨਿਰਦੇਸ਼ਾਂ ’ਚ ਆਈਸੀਐੱਮਆਰ ਨੇ ਕਿਹਾ ਕਿ ਪੈਕਟ ਵਾਲੇ ਖ਼ੁਰਾਕੀ ਪਦਾਰਥ ’ਤੇ ਸਿਹਤ ਸਬੰਧੀ ਦਾਅਵੇ ਖਪਤਕਾਰਾਂ ਦਾ ਧਿਆਨ ਖਿੱਚਣ ਲਈ ਅਤੇ ਉਨ੍ਹਾਂ ਨੂੰ ਇਸ ਗੱਲ ’ਤੇ ਰਾਜ਼ੀ ਕਰਨ ਲਈ ਕੀਤੇ ਜਾ ਸਕਦੇ ਹਨ ਕਿ ਇਹ ਉਤਪਾਦ ਸਿਹਤ ਪੱਖੋਂ ਬਹੁਤ ਵਧੀਆ ਹੈ।ਆਈਸੀਐੱਮਆਰ ਤਹਿਤ ਕੰਮ ਕਰਨ ਵਾਲੇ ਹੈਦਰਾਬਾਦ ਸਥਿਤ ਰਾਸ਼ਟਰੀ ਪੋਸ਼ਣ ਸੰਸਥਾਨ (ਐੱਨਆਈਐੱਨ) ਵੱਲੋਂ ਭਾਰਤੀਆਂ ਲਈ ਜਾਰੀ ਭੋਜਨ ਸਬੰਧੀ ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਭਾਰਤੀ ਖ਼ੁਰਾਕ ਸੰਭਾਲ ਤੇ ਮਾਪਦੰਡ ਅਥਾਰਟੀ (ਐੱਫਐੱਸਐੱਸਏਆਈ) ਦੇ ਸਖ਼ਤ ਨਿਯਮ ਹਨ ਪਰ ਲੇਬਲ ’ਤੇ ਲਿਖੀ ਸੂਚਨਾ ਭਰਮਾਊ ਹੋ ਸਕਦੀ ਹੈ। ਐੱਨਆਈਐੱਨ ਨੇ ਕੁਝ ਉਦਾਹਰਨਾਂ ਦਿੰਦਿਆਂ ਕਿਹਾ ਕਿ ਕਿਸੇ ਖ਼ੁਰਾਕੀ ਉਤਪਾਦ ਨੂੰ ਉਦੋਂ ਹੀ ਕੁਦਰਤੀ ਕਿਹਾ ਜਾ ਸਕਦਾ ਹੈ ਜਦੋਂ ਉਸ ’ਚ ਕੋਈ ਰੰਗ ਤੇ ਸੁਆਦ (ਫਲੇਵਰ) ਜਾਂ ਬਨਾਉਟੀ ਪਦਾਰਥ ਨਾ ਮਿਲਾਇਆ ਗਿਆ ਹੋਵੇ ਤੇ ਉਹ ਘੱਟੋ-ਘੱਟ ਪ੍ਰੋਸੈਸਿੰਗ ’ਚੋਂ ਲੰਘਿਆ ਹੋਵੇ। ਇਸ ’ਚ ਕਿਹਾ ਗਿਆ ਹੈ ਕਿ ਕੁਦਰਤੀ ਸ਼ਬਦ ਦੀ ਵਰਤੋਂ ਆਮ ਤੌਰ ’ਤੇ ਧੜੱਲੇ ਨਾਲ ਕੀਤੀ ਜਾਂਦੀ ਹੈ। ਇਹ ਕਿਸੇ ਮਿਸ਼ਰਣ ’ਚ ਇਕ ਜਾਂ ਦੋ ਕੁਦਰਤੀ ਸਮੱਗਰੀਆਂ ਦੀ ਪਛਾਣ ਲਈ ਮੈਨੂਫੈਕਚਰਰਜ਼ ਵੱਲੋਂ ਅਕਸਰ ਵਰਤਿਆ ਜਾਂਦਾ ਹੈ ਤੇ ਇਹ ਭਰਮਾਊ ਹੋ ਸਕਦਾ ਹੈ। ਐੱਨਆਈਐੱਨ ਨੇ ਲੋਕਾਂ ਨੂੰ ਲੇਬਲ ਖ਼ਾਸ ਤੌਰ ’ਤੇ ਸਮੱਗਰੀ ਤੇ ਹੋਰ ਜਾਣਕਾਰੀ ਬਾਰੇ ਸਾਵਧਾਨੀ ਨਾਲ ਪੜ੍ਹਨ ਦੀ ਅਪੀਲ ਕੀਤੀ ਹੈ। ਇਸੇ ਤਰ੍ਹਾਂ ‘ਮੇਡ ਵਿਦ ਹੋਲ ਗ੍ਰੇਨ’ ਲਈ ਇਸ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਸ਼ਬਦਾਂ ਦੀ ਵੀ ਗ਼ਲਤ ਵਿਆਖਿਆ ਕੀਤੀ ਜਾ ਸਕਦੀ ਹੈ। ਐੱਨਆਈਐੱਨ ਨੇ ਕਿਹਾ, ‘ਸ਼ੂਗਰ-ਫ੍ਰੀ ਖ਼ੁਰਾਕੀ ਪਦਾਰਥਾਂ ’ਚ ਚਰਬੀ, ਰਿਫਾਈਨਡ ਅਨਾਜ (ਸਫੈਦ ਆਟਾ, ਸਟਾਰਚ) ਮਿਲਿਆ ਹੋ ਸਕਦਾ ਹੈ।