ਕਿਸੇ ਵੀ ਸਿਆਸੀ ਆਗੂ ਨੇ ਨਹੀਂ ਕੀਤੀ ਸਤਿਸੰਗ ’ਚ ਸ਼ਿਰਕਤ
ਲੋਕ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਇਕ ਵਾਰ ਫਿਰ ਪੂਰੀ ਤਰ੍ਹਾਂ ਸਰਗਰਮ ਦਿਖਾਈ ਦੇ ਰਿਹਾ ਹੈ। ਡੇਰਾ ਸਿਰਸਾ ਦੇ ਪੰਜਾਬ ਵਿਚਲੇ ਮੁੱਖ ਡੇਰਾ ਸਲਾਬਤਪੁਰਾ ਵਿਚ ਡੇਰਾ ਪੇ੍ਰਮੀਆਂ ਨੇ ਸਤਿਸੰਗ ਭੰਡਾਰੇ ਦੇ ਬਹਾਨੇ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ। ਕੋਈ ਸਮਾਂ ਸੀ ਜਦੋਂ ਵੱਖ-ਵੱਖ ਰਾਜਸੀ ਪਾਰਟੀਆਂ ਦੇ ਵੱਡੇ ਆਗੂ ਵੋਟਾਂ ਲਈ ਡੇਰਾ ਸਿਰਸਾ ਵਿਚ ਜਾਇਆ ਕਰਦੇ ਸਨ ਅਤੇ ਸਿਰਸਾ ਸਮੇਤ ਪੰਜਾਬ ’ਚ ਹੋਣ ਵਾਲੇ ਡੇਰਾ ਪੇ੍ਰਮੀਆਂ ਦੇ ਸਮਾਗਮਾਂ ਵਿਚ ਹਾਜ਼ਰੀ ਭਰਦੇ ਸਨ ਪਰ ਜਦੋਂ ਤੋਂ ਡੇਰਾ ਸਿਰਸਾ ’ਤੇ ਬੇਅਦਬੀ ਦੇ ਦੋਸ਼ ਲੱਗੇ ਹਨ, ਉਸ ਤੋਂ ਬਾਅਦ ਡੇਰੇ ਵਿਚ ਸਿਆਸੀ ਆਗੂਆਂ ਦੀ ਹਾਜ਼ਰੀ ਬਹੁਤ ਘੱਟ ਗਈ ਸੀ। ਡੇਰਾ ਸਿਰਸਾ ਤੋਂ ਹਮਾਇਤ ਲੈਣ ਦੇ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਨੇ ਕਈ ਅਕਾਲੀ ਤੇ ਕਾਂਗਰਸੀ ਆਗੂਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਵੀ ਤਲਬ ਕੀਤਾ ਸੀ। ਇਸ ਦਾ ਹੀ ਅਸਰ ਸੀ ਕਿ ਐਤਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਲਾਬਤਪੁਰਾ ਵਿਚ ਹੋਏ ਵੱਡੇ ਸਮਾਗਮ ਦੌਰਾਨ ਸਿਆਸੀ ਲੀਡਰਾਂ ਨੇ ਇਸ ਤੋਂ ਦੂਰੀ ਬਣਾਈ ਰੱਖੀ। ਕੋਈ ਵੀ ਸਿਆਸੀ ਲੀਡਰ ਲੋਕ ਸਭਾ ਚੋਣ ਸਿਰ ’ਤੇ ਹੋਣ ਦੇ ਬਾਵਜੂਦ ਡੇਰਾ ਸਲਾਬਤਪੁਰਾ ਨਹੀਂ ਪੁੱਜਾ। ਇਸ ਭੰਡਾਰੇ ਵਿਚ ਵੱਡੀ ਗਿਣਤੀ ’ਚ ਸਾਧ ਸੰਗਤ ਪੁੱਜੀ। ਇਸ ਮੌਕੇ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਲੋੜਵੰਦ ਪਰਿਵਾਰਾਂ ਦੇ 76 ਬੱਚਿਆਂ ਨੂੰ ਕੱਪੜੇ ਵੰਡੇ ਗਏ।
ਦੱਸਣਯੋਗ ਹੈ ਕਿ ਸਾਧ ਸੰਗਤ ਮਈ ਮਹੀਨੇ ਨੂੰ ਪਵਿੱਤਰ ਐੱਮਐੱਸਜੀ ਸਤਿਸੰਗ ਭੰਡਾਰਾ ਮਹੀਨੇ ਵਜੋਂ ਮਨਾਉਂਦੀ ਹੈ। ਇਸ ਮੌਕੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਰਿਕਾਰਡਿਡ ਪਵਿੱਤਰ ਅਨਮੋਲ ਬਚਨ ਵੀ ਸੰਗਤ ਨੂੰ ਸੁਣਾਏ ਗਏ। ਇਸ ਮੌਕੇ ਡੇਰਾ ਮੁਖੀ ਵੱਲੋਂ ਅਪ੍ਰੈਲ ਮਹੀਨੇ ਵਿਚ ਭੇਜੀ ਗਈ ਸ਼ਾਹੀ ਚਿੱਠੀ ਇਕ ਵਾਰ ਫਿਰ ਸਾਧ ਸੰਗਤ ਨੂੰ ਪੜ੍ਹ ਕੇ ਸੁਣਾਈ ਗਈ। ਇਸ ਮੌਕੇ ਡੇਰਾ ਮੁਖੀ ਵੱਲੋਂ ਨਸ਼ਿਆਂ ਖ਼ਿਲਾਫ਼ ਗਾਏ ਗੀਤ ’ਦੇਸ਼ ਦੀ ਜਵਾਨੀ’ ਤੇ ’ਜਾਗੋ ਦੇਸ਼ ਦੇ ਲੋਕੋ’ ਵੀ ਚਲਾਏ ਗਏ। ਇਸ ਤੋਂ ਇਲਾਵਾ ਰਾਹਗੀਰਾਂ ਦੀ ਪਿਆਸ ਬੁਝਾਉਣ ਦਾ ਸੰਦੇਸ਼ ਦਿੰਦੀ ਡਾਕੂਮੈਂਟਰੀ ਵੀ ਦਿਖਾਈ ਗਈ।ਭਾਵੇਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਡੇਰਾ ਪੇ੍ਰਮੀਆਂ ਨੇ ਖੁੱਲ੍ਹ ਕੇ ਕਿਸੇ ਇਕ ਪਾਰਟੀ ਦੀ ਮਦਦ ਨਹੀਂ ਕੀਤੀ ਪਰ ਸਮਝਿਆ ਜਾਂਦਾ ਸੀ ਕੀ ਡੇਰਾ ਪੇ੍ਰਮੀਆਂ ਵੱਲੋਂ ਜ਼ਿਆਦਾਤਰ ਭਾਜਪਾ ਦੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਗਈਆਂ ਸਨ। ਇਸ ਵਾਰ ਡੇਰਾ ਸਲਾਬਤਪੁਰਾ ਵਿਚ ਹੋਏ ਪ੍ਰੋਗਰਾਮ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਸ਼ਾਮਲ ਨਾ ਹੋਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਦੱਸਿਆ ਜਾਂਦਾ ਹੈ ਕਿ ਬੇਅਦਬੀ ਮਾਮਲੇ ਵਿਚ ਸਿਰਸਾ ਡੇਰੇ ਦਾ ਨਾਂ ਜੁੜਨ ਅਤੇ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ’ਤੇ ਛੱਡਣ ਕਾਰਨ ਸਿੱਖ ਕੌਮ ਵਿਚ ਗੁੱਸੇ ਦੀ ਲਹਿਰ ਹੈ ਜਿਸ ਕਾਰਨ ਕੋਈ ਵੀ ਸਿਆਸੀ ਆਗੂ ਇਸ ਵਾਰ ਡੇਰੇ ਦੇ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋਇਆ। ਵਾਰ-ਵਾਰ ਪੈਰੋਲ ’ਤੇ ਰਿਹਾਅ ਹੋਣ ਤੋਂ ਬਾਅਦ ਡੇਰਾ ਮੁਖੀ ਨਜ਼ਰਾਂ ਵਿਚ ਵੀ ਨਹੀਂ ਚੜਿ੍ਹਆ ਹੋਇਆ ਸਗੋਂ ਆਮ ਲੋਕ ਇਸ ਦਾ ਵਿਰੋਧ ਕਰ ਰਹੇ ਹਨ। ਇੱਥੋਂ ਤਕ ਕਿ ਸਿਰਫ ਸਿੱਖ ਹੀ ਵਿਰੋਧ ਨਹੀਂ ਕਰ ਰਹੇ ਸਗੋਂ ਹੋਰ ਧਰਮਾਂ ਦੇ ਲੋਕ ਵੀ ਡੇਰੇ ਦਾ ਵਿਰੋਧ ਕਰ ਰਹੇ ਹਨ।ਸਾਲ 2012 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਵੀ ਡੇਰੇ ਦੇ ਸਿਆਸੀ ਵਿੰਗ ਨੇ ਕਾਂਗਰਸੀ ਉਮੀਦਵਾਰਾਂ ਦੇ ਹੱਕ ’ਚ ਫਤਵਾ ਦਿੱਤਾ ਸੀ ਪਰ ਉਸ ਸਮੇਂ ਕਾਂਗਰਸ ਪਾਰਟੀ ਨੂੰ ਸੂਬੇ ਅੰਦਰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਰਾਜਸੀ ਵਿੰਗ ਵੱਲੋਂ ਅਕਾਲੀ-ਭਾਜਪਾ ਪਾਰਟੀਆਂ ਦੇ ਗੱਠਜੋੜ ਦੇ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਫ਼ੈਸਲਾ ਲਿਆ ਗਿਆ ਸੀ ਪਰ ਇਨ੍ਹਾਂ ਚੋਣਾਂ ’ਚ ਅਕਾਲੀ-ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਲ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਡੇਰੇ ਦੇ ਸਿਆਸੀ ਵਿੰਗ ਵੱਲੋਂ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਹਮਾਇਤ ਦਿੱਤੀ ਗਈ ਸੀ। ਇਸ ਵਾਰ ਡੇਰਾ ਪੇ੍ਰਮੀਆਂ ਨੇ ਉਮੀਦਵਾਰਾਂ ਦੀ ਚੋਣ ਕਰ ਕੇ ਹਮਾਇਤ ਕੀਤੀ ਗਈ ਸੀ, ਜਦੋਂ ਕਿ ਡੇਰਾ ਮੁਖੀ ਦੇ ਕੁੜਮ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਦੀ ਤਲਵੰਡੀ ਸਾਬੋ ਹਲਕੇ ਤੋਂ ਖੁੱਲਮ-ਖੁੱਲ੍ਹਾ ਮਦਦ ਕੀਤੀ ਸੀ ਪਰ ਉਹ ਚੌਥੇ ਸਥਾਨ ’ਤੇ ਰਹੇ ਸਨ।