ਜਲੰਧਰ : ਸੰਯੁਕਤ ਕਿਸਾਨ ਮੋਰਚਾ ਵਲੋਂ ਖੰਡ ਮਿੱਲਾਂ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਜਲੰਧਰ-ਦਿੱਲੀ ਕੌਮੀ ਮਾਰਗ ’ਤੇ ਦਕੋਹਾ ਰੇਲਵੇ ਫਾਟਕ ਤੋਂ ਥੋੜ੍ਹਾ ਅੱਗੇ ਪਿੰਡ ਧਨੋਵਾਲੀ ਨੇੜੇ ਮੰਗਲਵਾਰ ਦੁਪਹਿਰ 12 ਵਜੇ ਤੋਂ ਸ਼ੁਰੂ ਕੀਤਾ ਗਿਆ ਧਰਨਾ ਬੁੱਧਵਾਰ ਦੂਜੇ ਦਿਨ ਵੀ ਜਾਰੀ ਰਿਹਾ। ਹੁਣ ਕਿਸਾਨ ਜੱਥੇਬੰਦੀਆਂ ਨੇ ਵੀਰਵਾਰ ਨੂੰ ਦੁਪਹਿਰ 12 ਵਜੇ ਰੇਲ ਟਰੈਕ ਵੀ ਜਾਮ ਕਰਨ ਦਾ ਐਲਾਨ ਕੀਤਾ ਹੈ।
ਨੈਸ਼ਨਲ ਹਾਈਵੇਅ ਦੇ ਬੰਦ ਹੋਣ ਕਾਰਨ ਹਜ਼ਾਰਾਂ ਲੋਕ ਪਹਿਲਾਂ ਹੀ 2 ਦਿਨਾਂ ਤੋਂ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ। ਉਨ੍ਹਾਂ ਸੋਚਿਆ ਸੀ ਕਿ ਮੁਸ਼ਕਲਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਕਿਸੇ ਵੀ ਕੀਮਤ ’ਤੇ ਕਿਸਾਨਾਂ ਦਾ ਧਰਨਾ ਖ਼ਤਮ ਕਰ ਕੇ ਉਨ੍ਹਾਂ ਨੂੰ ਰਾਹਤ ਦੇਵੇਗੀ ਪਰ ਹੁਣ ਕਿਸਾਨਾਂ ਵਲੋਂ ਰੇਲਵੇ ਟਰੈਕ ਜਾਮ ਕਰਨ ਦੇ ਫ਼ੈਸਲੇ ਕਾਰਨ ਆਮ ਲੋਕਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧਣ ਵਾਲੀਆਂ ਹਨ।
ਧੰਨੋਵਾਲੀ ਨੇੜੇ ਕਿਸਾਨਾਂ ਦੇ ਚੱਲ ਰਹੇ ਧਰਨੇ ਦੀ ਅਗਵਾਈ ਕਰ ਰਹੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਨੇ ਕਿਹਾ ਕਿ ਕਿਸਾਨ ਖ਼ੁਦ ਆਮ ਲੋਕਾਂ ਵਿੱਚੋਂ ਹਨ। ਉਹ ਕਦੇ ਨਹੀਂ ਚਾਹੁਣਗੇ ਕਿ ਉਨ੍ਹਾਂ ਕਾਰਨ ਉਨ੍ਹਾਂ ਦੇ ਆਪਣੇ ਹੀ ਲੋਕ ਦੁਖੀ ਹੋਣ ਪਰ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨਾਂ ਦਾ ਧਰਨਾ ਖ਼ਤਮ ਹੋਵੇ, ਇਸੇ ਲਈ ਉਹ ਸਾਡੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ।