ਭਾਰਤੀ ਭਲਵਾਨ ’ਤੇ ਹੈ ਡੋਪ ਜਾਂਚ ਕਰਵਾਉਣ ਤੋਂ ਇਨਕਾਰ ਕਰਨ ਦਾ ਦੋਸ਼
ਕੁਸ਼ਤੀ ਦੀ ਵਿਸ਼ਵ ਪੱਧਰੀ ਸੰਚਾਲਨ ਸੰਸਥਾ ਯੂਡਬਲਯੂਡਬਲਯੂ ਨੇ ਡੋਪ ਜਾਂਚ ਕਰਵਾਉਣ ਤੋਂ ਇਨਕਾਰ ਕਰਨ ’ਤੇ ਬਜਰੰਗ ਪੂਨੀਆ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰਨ ਦੇ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੂੰ ਸਾਲ ਦੇ ਅੰਤ ਤੱਕ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ ਹੈਰਾਨੀ ਵਾਲੇ ਫ਼ੈਸਲੇ ਵਿਚ ਨਾਡਾ ਦੇ ਫ਼ੈਸਲੇ ਦੀ ਜਾਣਕਾਰੀ ਹੋਣ ਦੇ ਬਾਵਜੂਦ ਭਾਰਤੀ ਖੇਡ ਅਥਾਰਟੀ (ਸਾਈ) ਨੇ ਬਜਰੰਗ ਦੀ ਵਿਦੇਸ਼ ਵਿਚ ਟ੍ਰੇਨਿੰਗ ਲਈ ਲਗਪਗ ਨੌਂ ਲੱਖ ਰੁਪਏ ਦੀ ਰਕਮ ਮਨਜ਼ੂਰ ਕੀਤੀ। ਦੇਸ਼ ਦੇ ਸਭ ਤੋਂ ਕਾਮਯਾਬ ਭਲਵਾਨਾਂ ਵਿਚੋਂ ਇਕ ਬਜਰੰਗ ਨੂੰ ਨਾਡਾ ਨੇ 23 ਅਪ੍ਰੈਲ ਨੂੰ ਮੁਅੱਤਲ ਕੀਤਾ ਸੀ। ਉਨ੍ਹਾਂ ਨੂੰ ਇਸ ਤੋਂ ਪਹਿਲਾਂ 18 ਅਪ੍ਰੈਲ ਨੂੰ ਰਹਿਣ ਦੇ ਸਥਾਨ ਸਬੰਧੀ ਨਿਯਮ ਦੇ ਉਲੰਘਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਆਪਣੇ ਬਚਾਅ ਵਿਚ ਟੋਕੀਓ ਓਲੰਪਕਿ ਦੇ ਕਾਂਸੇ ਦਾ ਮੈਡਲ ਜੇਤੂ ਬਜਰੰਗ ਨੇ ਕਿਹਾ ਸੀ ਕਿ ਉਨ੍ਹਾਂ ਨੇ ਕਦੀ ਜਾਂਚ ਲਈ ਨਮੂਨਾ ਦੇਣ ਤੋਂ ਇਨਕਾਰ ਨਹੀਂ ਕੀਤਾ ਪਰ ਡੋਪ ਕੰਟਰੋਲ ਅਧਿਕਾਰੀ ਤੋਂ ਸਿਰਫ਼ ਏਨਾ ਪੁੱਛਿਆ ਕਿ ਉਹ ਨਮੂਨਾ ਲੈਣ ਲਈ ਲਿਆਂਦੀ ਗਈ ‘ਐਕਸਪਾਇਰਡ ਕਿੱਟ’ ਬਾਰੇ ਵਿਸਥਾਰ ਨਾਲ ਦੱਸਣ। ਬਜਰੰਗ ਨੇ ਦੱਸਿਆ ਕਿ ਉਨ੍ਹਾਂ ਨੂੰ ਯੂਡਬਲਯੂਡਬਲਯੂ ਤੋਂ ਮੁਅੱਤਲੀ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ ਪਰ ਵਿਸ਼ਵ ਪੱਧਰੀ ਸੰਚਾਲਨ ਸੰਸਥਾ ਨੇ ਆਪਣੀ ਅੰਦਰੂਨੀ ਪ੍ਰਣਾਲੀ ਵਿਚ ਅਪਡੇਟ ਕਰਦੇ ਹੋਏ ਸਪੱਸ਼ਟ ਤੌਰ ’ਤੇ ਜ਼ਿਕਰ ਕੀਤਾ ਹੈ ਕਿ ਉਹ ਮੁਅੱਤਲ ਹਨ। ਬਜਰੰਗ ਦੀ ਨਵੀਂ ਜਾਣਕਾਰੀ ਮੁਤਾਬਕ ‘ਉਪਰੋਕਤ ਕਾਰਨ ਨਾਲ 31 ਦਸੰਬਰ 2024 ਤੱਕ ਮੁਅੱਤਲ।’ ਇਸ ਵਿਚ ਕਿਹਾ ਗਿਆ ਹੈ ਕਿ ਕਥਿਤ ਡੀਆਰਵੀ (ਡੋਪਿੰਗ ਰੋਕੂ ਨਿਯਮ ਦਾ ਉਲੰਘਣ) ਲਈ ਨਾਡਾ ਭਾਰਤ ਵੱਲੋਂ ਅਸਥਾਈ ਤੌਰ ’ਤੇ ਮੁਅੱਤਲ।ਰੁਮਾਂਚਕ ਗੱਲ ਇਹ ਹੈ ਕਿ ਮਿਸ਼ਲ ਓਲੰਪਿਕ ਸੈੱਲ (ਐੱਮਓਸੀ) ਨੂੰ 25 ਅਪ੍ਰੈਲ ਦੀ ਉਸ ਦੀ ਮੀਟਿੰਗ ਵਿਚ ਸੂਚਨਾ ਦਿੱਤੀ ਗਈ ਕਿ ਬਜਰੰਗ ਨੂੰ ਰੂਸ ਦੇ ਦਾਗੇਸਤਾਨ ’ਚ 28 ਮਈ ਤੋਂ ਟ੍ਰੇਨਿੰਗ ਦੇ ਉਨ੍ਹਾਂ ਦੇ ਪ੍ਰਸਤਾਵ ਲਈ ਉਡਾਣ ਕਿਰਾਏ ਤੋਂ ਇਲਾਵਾ ਅੱਠ ਲੱਖ 82 ਹਜ਼ਾਰ ਰੁਪਏ ਮਨਜ਼ੂਰ ਕੀਤੇ ਗਏ ਹਨ। ਐੱਮਓਸੀ ਮੀਟਿੰਗ ਦੀ ਜਾਣਕਾਰੀ ਮੁਤਾਬਕ ਬਜਰੰਗ ਦਾ ਸ਼ੁਰੂਆਤੀ ਪ੍ਰਸਤਾਵ 24 ਅਪ੍ਰੈਲ ਤੋਂ 35 ਦਿਨਾ ਟ੍ਰੇਨਿੰਗ ਦਾ ਸੀ ਪਰ ਰਹਿਣ ਦੇ ਸਥਾਨ ਸਬੰਧੀ ਨਿਯਮ ਵਿਚ ਨਾਕਾਮੀ ਕਾਰਨ ਵਿਰੋਧੀ ਯਾਤਰਾ ਤਰੀਕਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਆਪਣੀ ਯਾਤਰਾ ਨੂੰ 24 ਅਪ੍ਰੈਲ 2024 ਤੋਂ 28 ਮਈ 2024 ਤੱਕ ਟਾਲਣ ਦਾ ਫ਼ੈਸਲਾ ਕੀਤਾ। ਇਸ ਪ੍ਰਸਤਾਵ ਵਿਚ ਉਨ੍ਹਾਂ ਦੇ ਸਟ੍ਰੈਂਥ ਅਤੇ ਕੰਡੀਸ਼ਨਨਿੰਗ ਕੋਚ ਕਾਜੀ ਕਿਰੋਨ ਮੁਸਤਫ਼ਾ ਹਸਨ ਤੇ ਉਨ੍ਹਾਂ ਨੂੰ ਟ੍ਰੇਨਿੰਗ ਕਰਵਾਉਣ ਵਾਲੇ ਜੋੜੀਦਾਰ ਜਿਤੇਂਦਰ ਦੀ ਯਾਤਰਾ ਵੀ ਸ਼ਾਮਲ ਸੀ। ਸਾਈ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ ਤੇ ਟਾਪਸ (ਟਾਰਗੈਟ ਓਲੰਪਿਕ ਪੋਡੀਅਮ ਯੋਜਨਾ) ਦੇ ਸੀਈਓ ਕਰਨਲ ਰਾਕੇਸ਼ ਯਾਦਵ ਨੇ ਉਨ੍ਹਾਂ ਦੀ ਟ੍ਰੇਨਿੰਗ ਨੂੰ ਮਨਜ਼ੂਰੀ ਦੇਣ ਦੇ ਫ਼ੈਸਲੇ ਦੇ ਸੰਦਰਭ ਵਿਚ ਕੋਈ ਜਵਾਬ ਨਹੀਂ ਦਿੱਤਾ। ਬਜਰੰਗ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਸਾਈ ਨੂੰ ਮਨਜ਼ੂਰੀ ਲਈ ਪ੍ਰਸਤਾਵ ਭੇਜਿਆ ਸੀ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦਾ ਵਕੀਲ ਨਾਡਾ ਨੂੰ ਜਵਾਬ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਸਾਈ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ। ਮੈਂ ਅਸਲ ਵਿਚ ਆਪਣੀ ਯੋਜਨਾ ਰੱਦ ਕਰ ਦਿੱਤੀ ਹੈ। ਮੈਂ ਹੁਣ ਟ੍ਰੇਨਿੰਗ ਲਈ ਕਿਤੇ ਨਹੀਂ ਜਾ ਰਿਹਾ।