ਰੱਬੀ ਰੂਹ ਲਈ ਸੰਗੀਤ ਹੀ ਭਗਤੀ ਹੈ, ਸੰਗੀਤ ਹੀ ਸਾਧਨਾ ਹੈ।’
ਸੱਚੇ-ਸੁੱਚੇ ਸੁਰਾਂ ਦੀ ਦਾਤ ਨਸੀਬਾਂ ਵਾਲਿਆਂ ਨੂੰ ਮਿਲਦੀ ਹੈ ਤੇ ਮੈਂ ਖ਼ੁਸਨਸੀਬ ਹਾਂ ਕਿ ਮੈਨੂੰ ਰੱਬ ਦੀ ਰਹਿਮਤ ਨਾਲ ਨਾ ਕੇਵਲ ਸੁਰਾਂ ਦੀ ਬਖ਼ਸ਼ਿਸ਼ ਹਾਸਲ ਹੋਈ ਹੈ ਸਗੋਂ ਸੂਫ਼ੀ ਸੰਗੀਤ ਦੀ ਉਸ ਮਾਇਆਨਾਜ਼ ਹਸਤੀ ਉਸਤਾਦ ਪੂਰਨ ਚੰਦ ਵਡਾਲੀ ਦਾ ਪੁੱਤਰ ਹੋਣ ਦਾ ਸ਼ਰਫ਼ ਵੀ ਹਾਸਲ ਹੋਇਆ ਹੈ, ਜਿਸ ਰੱਬੀ ਰੂਹ ਲਈ ਸੰਗੀਤ ਹੀ ਭਗਤੀ ਹੈ, ਸੰਗੀਤ ਹੀ ਸਾਧਨਾ ਹੈ।’ ਭਾਰਤੀ ਸੰਗੀਤ ਜਗਤ ਵਿਚ ਰੁਤਬਾ ਰੱਖਣ ਵਾਲੇ ਸੁਰੀਲੇ ਗਾਇਕ ਲਖਵਿੰਦਰ ਵਡਾਲੀ ਦੇ ਇਹ ਵਿਚਾਰ ਉਸ ਦੀ ਰੂਹ ਦੇ ਧੁਰ ਅੰਦਰ ਤੱਕ ਵਸੇ ਭਾਰਤੀ ਸੂਫ਼ੀ ਤੇ ਲੋਕ ਸੰਗੀਤ ਦੀ ਮਹਾਨਤਾ ਦੀ ਕਹਾਣੀ ਬਿਆਨ ਕਰਦੇ ਹਨ।ਆਪਣੀਆਂ ਵਡਮੁੱਲੀਆਂ ਸੰਗੀਤਕ ਰਚਨਾਵਾਂ ਸਦਕਾ ਲੱਖਾਂ ਦਿਲਾਂ ਦੀ ਧੜਕਣ ਬਣ ਚੁੱਕਿਆ ਇਹ ਗਾਇਕ ਅਜੋਕੇ ਸਮੇਂ ਵਿਚ ਵਗ਼ ਰਹੀ ਲੱਚਰਤਾ ਤੇ ਮਿਆਰਹੀਣਤਾ ਦੀ ਹਨੇਰੀ ਵਿਚ ਵੀ ਪਾਕ-ਸਾਫ਼ ਸੂਫ਼ੀ ਤੇ ਲੋਕ ਸੰਗੀਤ ਦਾ ਦੀਵਾ ਬਾਲੀ ਰੱਖਣ ਲਈ ਨਿਰੰਤਰ ਯਤਨਸ਼ੀਲ ਹੈ। 20 ਅਪ੍ਰੈਲ, 1978 ਨੂੰ ਅੰਮਿ੍ਰਤਸਰ ਦੀ ਜੂਹ ’ਚ ਪੈਂਦੇ ਪਿੰਡ ਗੁਰੂ ਕੀ ਵਡਾਲੀ ਵਿਖੇ ਜਨਮੇ ਲਖਵਿੰਦਰ ਦੇ ਨਾ ਕੇਵਲ ਪਿਤਾ ਪੂਰਨ ਚੰਦ ਵਡਾਲੀ ਉੱਚਕੋਟੀ ਦੇ ਗਾਇਕ ਹਨ ਸਗੋਂ ਉਸ ਦੇ ਚਾਚਾ ਪਿਆਰੇ ਲਾਲ ਵਡਾਲੀ ਤੇ ਦਾਦਾ ਠਾਕੁਰ ਦਾਸ ਵਡਾਲੀ ਵੀ ਆਪਣੇ ਜ਼ਮਾਨੇ ਦੇ ਨਾਮਵਰ ਗਵੱਈਏ ਸਨ। ਘਰ ’ਚ ਵਹਿੰਦੀ ਸੁਰਾਂ ਦੀ ਇਸ ਗੰਗਾ ’ਤੋਂ ਫਿਰ ਭਲਾ ਲਖਵਿੰਦਰ ਵਾਂਝਾ ਕਿਵੇਂ ਰਹਿ ਸਕਦਾ ਸੀ? ਉਸਨੇ ਆਪਣੇ ਪਿਤਾ-ਗੁਰੂ ਪੂਰਨ ਚੰਦ ਵਡਾਲੀ ਦੀ ਛਤਰ-ਛਾਇਆ ਹੇਠ ਨਿੱਕੀ ਉਮਰੇ ਹੀ ਸੰਗੀਤ ਦੀਆਂ ਬਾਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਨਿੱਕੀਆਂ ਸਟੇਜਾਂ ਤੋਂ ਵੱਡੀਆਂ ਮਹਿਫ਼ਲਾਂ ਤੇ ਆਲਾ-ਮਿਆਰੀ ਸੰਗੀਤਕ ਸਮਾਗਮਾਂ ਤੱਕ ਪੁੱਜਣ ਦੀ ਆਪਣੀ ਸੰਗੀਤਕ ਯਾਤਰਾ ਦੇ ਦੌਰਾਨ ਲਖਵਿੰਦਰ ਨੇ ਮਿਹਨਤ ਤੇ ਰਿਆਜ਼ ਦੀ ਭੱਠੀ ’ਚ ਸੁਰਾਂ ਨੂੰ ਖ਼ੂਬ ਪਕਾਇਆ ਤੇ ਫਿਰ ਕਾਮਯਾਬੀ ਦਾ ਐਸਾ ਪਰਚਮ ਲਹਿਰਾਇਆ ਕਿ ਦੇਸ਼-ਵਿਦੇਸ਼ ’ਚ ਉਸ ਦੀ ਸੂਫ਼ੀ ਤੇ ਆਧੁਨਿਕ ਸੰਗੀਤ ਦੇ ਮਿਸ਼ਰਣ ਵਾਲੀ ਜ਼ਬਰਦਸਤ ਗਾਇਕੀ ਦੇ ਚਰਚੇ ਤੁਰ ਪਏ।ਲਖਵਿੰਦਰ ਵਡਾਲੀ ਨੇ ਹੁਣ ਤੱਕ ਜਿਹੜੇ ਨਾਯਾਬ ਗੀਤ ਤੇ ਐਲਬਮਸ ਸਰੋਤਿਆਂ ਦੀ ਝੋਲ੍ਹੀ ਪਾਏ ਹਨ, ਉਨ੍ਹਾਂ ਵਿਚ ‘ਬੁੱਲਾ’, ‘ਅਨਪ੍ਰੀਡਿਕਟੇਬਲ’, ‘ਨੈਣਾਂ ਦੇ ਬੂਹੇ’, ‘ਇਸ਼ਕੇ ਦਾ ਜਾਮ’, ‘ਰਾਂਝਣਾਂ’, ‘ਕਮਲੀ-ਰਮਲੀ’, ‘ਦੇ ਦੀਦਾਰ’, ‘ਲੱਗੀਆਂ ਜ਼ੋਰੋ-ਜ਼ੋਰੀ’, ‘ਤੇਰੀ ਯਾਦ’, ‘ਇਕ ਤਾਰਾ’, ‘ਆਪਣਾ ਪਿਆਰਾ’, ‘ਕੰਗਣਾ’, ‘ਟੱਪੇ’, ‘ਰਾਮ’, ‘ਮੌਲਾ’, ‘ਕੁੱਲੀ’, ‘ਸਾਹਿਬਾਂ’, ‘ਲਜਪਾਲਾਂ’, ‘ਬਲਮਾ’, ‘ਸੋਹਣੀ ਕੰਢੇ ’ਤੇ’, ‘ਰਾਂਝਾ ਪੱਲੇ ਪਾ ਦੇ’, ‘ਗ਼ੁਲਾਬੀ’, ‘ਮਾਹੀਆ’, ‘ਚਰਖ਼ਾ’, ‘ਰੱਬ ਮੰਨਿਆ’, ‘ਨਜ਼ਾਰਾ’, ‘ਸਹੀ-ਸਹੀ’, ‘ਬੇਨਕਾਬ’, ‘ਮਸਤ ਨਜ਼ਰੋਂ ਸੇ’ ਅਤੇ ਤਾਜ਼ਾ ਰਿਲੀਜ਼ ਐਲਬਮ ‘ਰੰਗਰੇਜ਼’ ਵਿਚਲੇ ਗੀਤ ‘ਨਸ਼ਾ ਚੜ੍ਹਿਆ ਏ ਮੈਨੂੰ ਤੇਰੇ ਪਿਆਰ ਦਾ’ ਅਤੇ ‘ਰੋਗ ਇਸ਼ਕੇ ਦਾ ਚੰਨਾਂ ਸਾਨੂੰ ਲਾ ਕੇ’ ਆਦਿ ਪ੍ਰਮੁੱਖ ਹਨ।ਲਖਵਿੰਦਰ ਅਜੋਕੇ ਦੌਰ ਦਾ ਉਹ ਸੂਝਵਾਨ ਤੇ ਗੁਣੀ ਗਵੱਈਆ ਹੈ ਜੋ ਨਵੀਂ ਤੇ ਪੁਰਾਣੀ ਪੀੜੀ ਦੇ ਸੰਗੀਤ ਪ੍ਰੇਮੀਆਂ ਦਰਮਿਆਨ ਇਕ ਖ਼ੂਬਸੂਰਤ ਰਿਸ਼ਤਾ ਕਾਇਮ ਕਰਦਿਆਂ ਹੋਇਆਂ ਨਿਰੰਤਰ ਅੱਗੇ ਵਧ ਰਿਹਾ ਹੈ। ਉਹ ਬਹੁਤੇ ਗਾਇਕਾਂ ਵਾਂਗ ਸਸਤੀ ਸ਼ੋਹਰਤ ਬਟੋਰਨ ਦਾ ਚਾਹਵਾਨ ਨਹੀਂ ਹੈ ਸਗੋਂ ਕਿਸੇ ਪਾਏਦਾਰ ਤੇ ਸੁਰੀਲੀ ਸੰਗੀਤਕ ਰਚਨਾ ਸਦਕਾ ਸਰੋਤਿਆਂ ਦੇ ਧੁਰ ਅੰਦਰ ਤੱਕ ਉਤਰ ਜਾਣ ਲਈ ਸਦਾ ਯਤਨਸ਼ੀਲ ਹੈ।ਆਪਣੇ ਪਰਿਵਾਰ ’ਚੋਂ ਮਿਲੀ ਸੁਰੀਲੇ ਸੰਗੀਤ ਦੀ ਸ਼ਾਨਾਮੱਤੀ ਵਿਰਾਸਤ ਨੂੰ ਨਫ਼ਾਸਤ ਨਾਲ ਸਾਂਭਦਾ ਤੇ ਉਸ ਦੀ ਸੋਭਾ ਨੂੰ ਹੋਰ ਚਾਰ ਚੰਨ ਲਗਾਉਂਦਾ ਹੋਇਆ ਇਹ ਅਜ਼ੀਮ ਫ਼ਨਕਾਰ ਆਪਣੇ ਮਨਮੋਹਕ ਗੀਤਾਂ ਰਾਹੀਂ ਸੰਗੀਤ ਦੀ ਸਰਜ਼ਮੀਨ ’ਤੇ ਨਿਤ ਦਿਨ ਸੰਦਲੀ ਪੈੜਾਂ ਪਾ ਰਿਹਾ ਹੈ। ਅਜਿਹੇ ਗਾਇਕਾਂ ਦੇ ਹੱਥਾਂ ਵਿਚ ਸਾਡੀ ਪੰਜਾਬੀ ਤੇ ਸੂਫ਼ੀ ਗਾਇਕੀ ਦਾ ਮੁਸਤਕਬਿਲ ਰੌਸ਼ਨ ਨਜ਼ਰ ਆਉਂਦਾ ਹੈੇ।