ਤਿੰਨ IAS ਤੇ ਇਕ IFS ਅਫ਼ਸਰ ਮੰਗ ਰਹੇ ਹਨ ਵੋਟਾਂ
ਲੋਕ ਸਭਾ ਦੀਆਂ ਚੋਣਾਂ ਵਿਚ ਪੰਜਾਬ ਕਾਡਰ ਦੇ ਦੋ ਅਧਿਕਾਰੀਆਂ ’ਤੇ ਵੀ ਸਿਆਸੀ ਰੰਗ ਚੜ੍ਹ ਗਿਆ ਹੈ। ਹਾਲਾਂਕਿ ਇਕ ਜੂਨ ਨੂੰ ਪੰਜਾਬ ਵਿਚ ਹੋਣ ਵਾਲੀਆਂ ਚੋਣਾਂ ਵਿਚ ਤਿੰਨ ਬਿਊਰੋਕੇ੍ਰਟਸ ਚੋਣ ਮੈਦਾਨ ਵਿਚ ਕੁੱਦੇ ਹੋਏ ਹਨ, ਜਦਕਿ ਪੰਜਾਬ ਕਾਡਰ ਦਾ ਇਕ ਸਾਬਕਾ ਅਧਿਕਾਰੀ ਉਤਰ ਪ੍ਰਦੇਸ਼ ਵਿਚ ਆਪਣੀ ਕਿਸਮਤ ਅਜ਼ਮਾ ਰਿਹਾ ਹੈ। ਹੁਣ ਤੱਕ ਏਅਰ ਕੰਡੀਸ਼ਨ ਦਫ਼ਤਰਾਂ ਵਿਚ ਬੈਠ ਕੇ ਸਰਕਾਰੀ ਫ਼ਾਈਲਾਂ ਦੇਖਣ ਵਾਲੇ ਇਹ ਅਧਿਕਾਰੀ ਅੱਜਕੱਲ੍ਹ ਰਾਜਸੀ ਭਵਿੱਖ ਬਣਾਉਣ ਲਈ ਮੁੜਕੋ-ਮੁੜਕੀ ਹੋਏ ਹੱਥ ਜੋੜ ਵੋਟਾਂ ਮੰਗ ਰਹੇ ਹਨ। 2011 ਬੈਚ ਦੀ ਆਈਏਐੱਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਨੇ ਸਵੈ ਇੱਛਾ ਸੇਵਾਮੁਕਤੀ ਲਈ ਹੈ। ਹਾਲਾਂਕਿ ਉਹ ਪਹਿਲਾਂ ਤੋਂ ਹੀ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਹ ਸੀਨੀਅਰ ਅਕਾਲੀ ਨੇਤਾ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹਨ, ਪਰ ਸਵੈ ਇੱਛਾ ਸੇਵਾ ਮੁਕਤੀ ਤੋਂ ਬਾਅਦ ਉਹ ਭਾਜਪਾ ਵਿਚ ਸ਼ਾਮਲ ਹੋ ਕੇ ਬਠਿੰਡਾ ਤੋਂ ਚੋਣ ਮੈਦਾਨ ਵਿਚ ਕੁੱਦ ਗਏ ਹਨ। ਸ਼੍ਰੀਮਤੀ ਸਿੱਧੂ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਚੁਣੌਤੀ ਦੇ ਰਹੇ ਹਨ। ਇਸੇ ਤਰ੍ਹਾਂ ਪੰਜਾਬ ਕਾਡਰ ਦੇ ਅਧਿਕਾਰੀ ਕਿਰਪਾ ਸ਼ੰਕਰ ਸਰੋਜ, ਜੋ ਪਿਛਲੇ ਸਾਲ ਐਡੀਸ਼ਨਲ ਮੁੱਖ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ, ਉਤਰ ਪ੍ਰਦੇਸ਼ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜਾਣਕਾਰੀ ਅਨੁਸਾਰ ਕਿਰਪਾ ਸ਼ੰਕਰ ਸਰੋਜ ਲੋਕ ਸਭਾ ਹਲਕਾ ਮਛਲੀ ਸ਼ਹਿਰ (ਉਤਰ ਪ੍ਰਦੇਸ਼) ਤੋਂ ਬਹਜੁਨ ਸਮਾਜ ਪਾਰਟੀ ਦੀ ਟਿਕਟ ਤੋਂ ਚੋਣ ਮੈਦਾਨ ਵਿਚ ਹਨ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਕਾਡਰ ਦੇ ਆਈਏਐੱਸ ਅਧਿਕਾਰੀ ਡਾ. ਅਮਰ ਸਿੰਘ ਦੂਜੀ ਵਾਰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਚੋਣ ਮੈਦਾਨ ਵਿਚ ਕੁੱਦੇ ਹਨ। ਡਾ. ਅਮਰ ਸਿੰਘ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਪਿ੍ਰੰਸੀਪਲ ਸਕੱਤਰ ਰਹੇ ਹਨ ਤੇ ਉਹ ਕਾਂਗਰਸ ਦੀ ਟਿਕਟ ਤੋਂ ਦੂਜੀ ਵਾਰ ਚੋਣ ਲੜ ਰਹੇ ਹਨ। ਉਨ੍ਹਾਂ ਨੂੰ ਕਾਂਗਰਸ ਛੱਡ ਆਪ ਵਿਚ ਸ਼ਾਮਲ ਹੋਣ ਵਾਲੇ ਗੁਰਪ੍ਰੀਤ ਸਿੰਘ ਜੀਪੀ ਟੱਕਰ ਦੇ ਰਹੇ ਹਨ। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਆਈਐੱਫਐੱਸ ਅਧਿਕਾਰੀ ਰਹੇ ਤਰਨਜੀਤ ਸਿੰਘ ਸੰਧੂ ਭਾਜਪਾ ਦੀ ਟਿਕਟ ਤੋਂ ਚੋਣ ਮੈਦਾਨ ਵਿਚ ਕੁੱਦੇ ਹੋਏ ਹਨ। ਸੰਧੂ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਰਹੇ ਹਨ ਤੇ ਉਨ੍ਹਾਂ ਕਈ ਸਿਰਮੌਰ ਅਹੁਦਿਆ ’ਤੇ ਸੇਵਾਵਾਂ ਨਿਭਾਈਆਂ ਹਨ। ਹੁਣ ਤੱਕ ਸਰਕਾਰੀ ਦਫ਼ਤਰਾਂ ਵਿਚ ਬੈਠ ਸਰਕਾਰੀ ਫਾਈਲਾਂ ਕੱਢਣ, ਸਰਕਾਰੀ ਨੀਤੀਆਂ ਬਣਾਉਣ ਵਾਲੇ ਅਧਿਕਾਰੀ ਆਪਣੀ ਸਿਆਸੀ ਸਾਖ ਬਚਾਉਣ ਲਈ ਤਿੱਖੜ ਦੁਪਹਿਰੀ ਵੋਟਾਂ ਮੰਗਣ ਵਿਚ ਮਸ਼ਰੂਫ ਹਨ। ਪ੍ਰਸ਼ਾਸਨਿਕ ਪ੍ਰੀਖਿਆ ਵਿਚ ਅੱਵਲ ਆਏ ਇਹਨਾਂ ਅਧਿਕਾਰੀਆਂ ਨੂੰ ਵੋਟਰ ਚੋਣਾਂ ਵਿਚ ਕਿੰਨੇ ਨੰਬਰ (ਵੋਟਾਂ) ਦੇਣਗੇ ਇਹ ਤਾਂ ਸਮਾਂ ਦੱਸੇਗਾ।