ਸੁਰੱਖਿਆ ਨੂੰ ਲੈ ਕੇ ਸਮੇਂ-ਸਮੇਂ ਕਈ ਸਵਾਲ ਦਿੰਦੇ ਰਹਿੰਦੇ ਹਨ ਦਸਤਕ!
ਲੋਕ ਸਭਾ ਚੋਣਾਂ ਦੀ ਬਿਸਾਤ ਮੁੜ ਵਿਛ ਚੁੱਕੀ ਹੈ। ਮੋਹਰੇ ਸੱਜ ਚੁੱਕੇ ਹਨ। ਸ਼ਹਿ-ਮਾਤ ਤੱਕ ਪਹੁੰਚਣ ਲਈ ਸਟੀਕ ਚਾਲਾਂ ਚੱਲੀਆਂ ਜਾ ਰਹੀਆਂ ਹਨ। ਜਿੱਤ ਵਾਸਤੇ ਹਰ ਕੋਈ ਵਾਹ ਲਾ ਰਿਹਾ ਹੈ ਪਰ ਆਮ ਜਨਤਾ ਲਈ ਸਵਾਲਾਂ ਦਾ ਓਹੀ ਦਹਾਕਿਆਂ ਪੁਰਾਣਾ ਚਿੱਠਾ ਮੂੰਹ ਅੱਡੀ ਖੜ੍ਹਾ ਹੈ। ਆਜ਼ਾਦੀ ਦੇ 77 ਸਾਲਾਂ ਵਿੱਚ ਕੀ ਖੱਟਿਆ ਤੇ ਕੀ ਗੁਆਇਆ? ਕਿੱਥੋਂ ਚੱਲੇ ਸੀ ਤੇ ਕਿੱਥੇ ਪਹੁੰਚੇ ਹਾਂ? ਇਹ ਸਵਾਲ ਸਹਿਜੇ ਹੀ ਜ਼ਿਹਨ ’ਚ ਦਸਤਕ ਦੇ ਦਿੰਦੇ ਹਨ। ਜਿੱਥੋਂ ਤੱਕ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਸਵਾਲ ਹੈ ਤਾਂ ਪੰਜਾਬ ਦੇ ਬਾਕੀ 13 ਹਲਕਿਆਂ ਵਿੱਚੋਂ ਇਸ ਦਾ ਇਤਿਹਾਸਕ ਤੇ ਭੂਗੋਲਿਕ ਪਿਛੋਕੜ ਸਭ ਤੋਂ ਨਿਵੇਕਲਾ ਤੇ ਸੰਵੇਦਨਸ਼ੀਲ ਰਿਹਾ ਹੈ। 9 ਵਿਧਾਨ ਸਭਾ ਹਲਕਿਆਂ ਵਿੱਚ ਫੈਲੇ ਗੁਰਦਾਸਪੁਰ ਹਲਕੇ ਦੇ ਚਾਰ ਵੱਡੇ ਸ਼ਹਿਰ ਵਿੱਚ ਗੁਰਦਾਸਪੁਰ, ਬਟਾਲਾ, ਡੇਰਾ ਬਾਬਾ ਨਾਨਕ ਅਤੇ ਪਠਾਨਕੋਟ ਪੈਂਦੇ ਹਨ। ਪਠਾਨਕੋਟ ਜੋ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੀ ਅਹਿਮ ਤਹਿਸੀਲ ਹੋਇਆ ਕਰਦਾ ਸੀ, ਨੂੰ ਜੁਲਾਈ 2011 ਵਿੱਚ ਵੱਖਰਾ ਜ਼ਿਲ੍ਹਾ ਬਣਾ ਦਿੱਤਾ ਗਿਆ। ਪਰ ਇਸ ਦੇ ਤਿੰਨ ਵਿਧਾਨ ਸਭਾ ਹਲਕੇ ਅਜੇ ਵੀ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਹੀ ਅੰਗ ਹਨ।
ਗੁਰਦਾਸਪੁਰ ਹਲਕੇ ਦੀ ਵਿਲੱਖਣਤਾ ਇਹ ਹੈ ਕਿ ਭੂਗੋਲਿਕ ਪੱਖੋਂ ਇਸ ਦੇ ਇਕ ਪਾਸੇ ਪਾਕਿਸਤਾਨ ਨਾਲ ਲੱਗਦੀ ਕੋਈ 134 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ਹੈ ਅਤੇ ਦੂਜਾ ਪਠਾਨਕੋਟ ਵਿੱਚ ਤਿੰਨ ਸੂਬਿਆਂ ਦਾ ਤਿਕੋਣਾ ਜੰਕਸ਼ਨ ਬਣਦਾ ਹੈ। ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਇੱਥੇ ਮਿਲਦੇ ਹਨ। ਗੁਰਦਾਸਪੁਰ ਨੂੰ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਮੰਨਿਆ ਜਾਂਦਾ ਹੈ ਜਿਸ ਨੂੰ ਗੁਰੂ ਨਾਨਕ ਦੇਵ ਜੀ, ਬਾਬਾ ਸ੍ਰੀ ਚੰਦ ਅਤੇ ਹੋਰ ਅਨੇਕਾਂ ਪੀਰ ਪੈਗੰਬਰਾਂ ਦੀ ਚਰਨ ਛੋਹ ਪ੍ਰਾਪਤ ਹੋਈ ਪਰ ਗੁਰਦਾਸਪੁਰ ਹਲਕੇ ਦੇ ਪਿਛਲੇ 77 ਸਾਲ ਦੇ ਇਤਿਹਾਸ ਨੂੰ ਹੀ ਫਰੋਲੀਏ ਤਾਂ ਕਈ ਪੰਨੇ ਖ਼ੂਨ ’ਚ ਭਿੱਜੇ ਨਜ਼ਰ ਆਉਣਗੇ। ਸ਼ੁਰੂਆਤ ਹੀ 1947 ਦੀ ਵੰਡ ਤੋਂ ਹੋਈ ਅਤੇ ਇਸ ਦਾ ਸਭ ਤੋਂ ਵੱਧ ਸੰਤਾਪ ਸਰਹੱਦੀ ਜ਼ਿਲ੍ਹਿਆਂ ਵਿੱਚ ਸ਼ੁਮਾਰ ਗੁਰਦਾਸਪੁਰ ਨੇ ਵੀ ਝੱਲਿਆ। ਮਜ਼ਹਬੀ ਫ਼ਸਾਦ ਵਿੱਚ ਹਜ਼ਾਰਾਂ ਨਿਰਦੋਸ਼ਾਂ ਦੇ ਖ਼ੂਨ ਨਾਲ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਰੰਗੀ ਗਈ।
1947 ਵਿੱਚ ਦੇਸ਼ ਆਜ਼ਾਦ ਤਾਂ ਹੋ ਗਿਆ ਪਰ ਨਾ ਸਿਰਫ਼ ਇਸ ਦੇ ਦੋ ਟੁਕੜੇ ਹੋਏ ਸਗੋਂ ਗੁਆਂਢ ਵਿੱਚ ਪਾਕਿਸਤਾਨ ਦੇ ਰੂਪ ਵਿੱਚ ਇੱਕ ਅਜਿਹਾ ਸ਼ਰੀਕ ਵੀ ਪੈਦਾ ਹੋ ਗਿਆ ਜੋ ਗਾਹੇ ਬਗਾਹੇ ਹਿੰਦੁਸਤਾਨ ਦੀਆਂ ਜੜ੍ਹਾਂ ਕਮਜ਼ੋਰ ਕਰਨ ਦੀ ਫਿਰਾਕ ਵਿਚ ਲੱਗਾ ਰਹਿੰਦਾ ਹੈ। ਕਦੀ ਅਤਿਵਾਦੀਆਂ ਦੀ ਘੁਸਪੈਠ ਕਰਵਾਉਦਾ ਹੈ, ਕਦੀ ਸਿੱਧੀ ਜੰਗ ਦਾ ਬਿਗਲ ਵਜਾ ਦਿੰਦਾ ਹੈ, ਕਦੀ ਜਾਅਲੀ ਕਰੰਸੀ ਨੋਟ ਸਪਲਾਈ ਕਰਦਾ ਹੈ, ਕਦੇ ਮਾਰੂ ਹਥਿਆਰਾਂ ਦੀ ਖੇਪ ਭੇਜਦਾ ਹੈ ਅਤੇ ਕਦੇ ਵੱਡੇ ਪੈਮਾਨੇ ’ਤੇ ਹੈਰੋਇਨ ਆਦਿ ਨਸ਼ਾ ਪਦਾਰਥਾਂ ਦੀ ਤਸਕਰੀ ਕਰਦਾ ਹੈ। ਬੇਸ਼ੱਕ ਸੈਂਕੜੇ ਕਿਲੋਮੀਟਰ ਲੰਬੀ ਇਸ ਕੌਮਾਂਤਰੀ ਸਰਹੱਦ ’ਤੇ ਸਾਡੇ ਬੀਐੱਸਐੱਫ ਦੇ ਜਵਾਨ ਦਿਨ ਰਾਤ ਬਾਜ਼ ਨਜ਼ਰਾਂ ਨਾਲ ਮੁਸਤੈਦ ਰਹਿੰਦੇ ਹਨ ਅਤੇ ਦੁਸ਼ਮਣ ਦੇਸ਼ ਦੀਆਂ ਅਜਿਹੀਆਂ ਨਾਪਾਕ ਗਤੀਵਿਧੀਆਂ ਨੂੰ ਨਾਕਾਮ ਕਰ ਦਿੰਦੇ ਹਨ ਪਰ ਇਸਦੇ ਬਾਵਜੂਦ ਸਰਹੱਦ ’ਤੇ ਲਗਾਤਾਰ ਹੁੰਦੀਆਂ ਇਨ੍ਹਾਂ ਦੇਸ਼ ਵਿਰੋਧੀ ਗਤੀਵਿਧੀਆਂ ਕਾਰਨ ਸਰਹੱਦੀ ਪਿੰਡਾਂ ਦੇ ਹਜ਼ਾਰਾਂ ਲੋਕ ਅਸੁਰੱਖਿਅਤ ਮਹਿਸੂਸ ਕਰਦੇ ਹਨ।
ਸਮੇਂ-ਸਮੇਂ ’ਤੇ ਇਨ੍ਹਾਂ ਨੂੰ ਖਮਿਆਜਾ ਵੀ ਭੁਗਤਣਾ ਪੈਂਦਾ ਹੈ। ਵੱਖ-ਵੱਖ ਸਰਕਾਰਾਂ ਸਮੇਂ ਇਹ ਅਣਗੌਲੇ ਮਹਿਸੂਸ ਕਰਦੇ ਰਹੇ ਹਨ ਅਤੇ ਜਦੋਂ ਕਦੇ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਆਉਦੀਆਂ ਹਨ ਤਾਂ ਇਨ੍ਹਾਂ ਦਾ ਦਰਦ ਛਲਕ ਪੈਂਦਾ ਹੈ। ਇਸ ਵੇਲੇ ਲੋਕ ਸਭਾ ਚੋਣਾਂ ਨੇ ਮੁੜ ਦਸਤਕ ਦਿੱਤੀ ਹੋਈ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਮੁੜ ਤੋਂ ਵੱਡੇ- ਵੱਡੇ ਲੋਕ ਲੁਭਾਵਣੇ ਵਾਅਦੇ ਤੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਰਹੱਦੀ ਲੋਕਾਂ ਨੂੰ ਇਨ੍ਹਾਂ ਵਿਚ ਕੁਝ ਵੀ ਨਵਾਂ ਨਹੀਂ ਦਿਖਾਈ ਦੇ ਰਿਹਾ। ਦੇਸ਼ ਵਿੱਚ ਹੁਣ ਤੱਕ 17 ਵਾਰ ਲੋਕ ਸਭਾ ਚੋਣਾਂ ਅਤੇ ਪੰਜਾਬ ਵਿਚ 15 ਵਾਰ ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਹਨ ਪਰ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਗੂਆਂ ਦੇ ਦਾਅਵਿਆਂ ਦੇ ਬਾਵਜੂਦ ਇਨ੍ਹਾਂ ਸਰਹੱਦੀ ਲੋਕਾਂ ਦੀ ਕਿਸਮਤ ਨਹੀਂ ਬਦਲੀ। ਪਾਕਿਸਤਾਨ ਅਤੇ ਹਿੰਦੁਸਤਾਨ ਵਿਚਾਲੇ ਦੋ ਵਾਰ ਸਿੱਧੀ ਜੰਗ ਹੋ ਚੁੱਕੀ ਹੈ। 1947 ਵਿੱਚ ਹੋਏ ਵੱਡੇ ਕਤਲੇਆਮ ਤੋਂ ਬਾਅਦ 1965 ਵਿੱਚ ਅਤੇ ਫਿਰ 1971 ਵਿੱਚ ਹਿੰਦੁਸਤਾਨ ਅਤੇ ਪਾਕਿਸਤਾਨ ਦੀਆਂ ਫੌਜਾਂ ਵਿਚਾਲੇ ਗਹਿਗੱਚ ਯੁੱਧ ਹੋਇਆ। ਬੇਸ਼ੱਕ ਇਸ ਜੰਗ ਵਿਚ ਹਿੰਦੋਸਤਾਨ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਮਾਤ ਦਿੱਤੀ ਪਰ ਪੰਜਾਬ ਦੇ ਇਸ ਸਰਹੱਦੀ ਖਿੱਤੇ ਦੇ ਵਸਨੀਕਾਂ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਈ। ਇਸ ਤੋਂ ਇਲਾਵਾ ਜਦੋਂ ਵੀ ਦੋਹਾਂ ਮੁਲਕਾਂ ਵਿਚਾਲੇ ਹਾਲਾਤ ਬੇਹੱਦ ਤਣਾਅਪੂਰਨ ਦੌਰ ਵਿੱਚ ਪਹੁੰਚਦੇ ਹਨ ਤਾਂ ਇਨ੍ਹਾਂ ਸਰਹੱਦੀ ਪਿੰਡਾਂ ਦੇ ਵਸਨੀਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਨੂੰ ਪਿੰਡ ਖ਼ਾਲੀ ਕਰ ਕੇ ਸੁਰੱਖਿਅਤ ਥਾਵਾਂ ਵੱਲ ਹਿਜਰਤ ਕਰਨ ਦੇ ਹੁਕਮ ਮਿਲ ਜਾਂਦੇ ਹਨ।