ਸਸਪੈਂਡ ਹੋਣ ਤੋਂ ਬਾਅਦ ਸਾਹਮਣੇ ਆਇਆ ਬਜਰੰਗ ਪੂਨੀਆ ਦਾ ਪਹਿਲਾ ਰਿਐਕਸ਼ਨ
NADA ਵੱਲੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਬਜਰੰਗ ਪੂਨੀਆ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਬਜਰੰਗ ਦਾ ਕਹਿਣਾ ਹੈ ਕਿ ਉਸ ਨੇ ਕਦੇ ਵੀ ਨਾਡਾ ਨੂੰ ਸੈਂਪਲ ਦੇਣ ਤੋਂ ਇਨਕਾਰ ਨਹੀਂ ਕੀਤਾ। ਭਾਰਤੀ ਸਟਾਰ ਪਹਿਲਵਾਨ ਨੇ ਕਿਹਾ ਕਿ ਉਨ੍ਹਾਂ ਦਾ ਵਕੀਲ ਸਮਾਂ ਆਉਣ ‘ਤੇ ਇਸ ਦਾ ਜਵਾਬ ਦੇਵੇਗਾ। ਡੋਪ ਟੈਸਟ ਲਈ ਸੈਂਪਲ ਨਾ ਦੇਣ ਕਾਰਨ ਨਾਡਾ ਨੇ ਬਜਰੰਗ ਨੂੰ ਮੁਅੱਤਲ ਕਰ ਦਿੱਤਾ ਹੈ। ਬਜਰੰਗ ਦੇ ਪੈਰਿਸ ਓਲੰਪਿਕ ‘ਚ ਖੇਡਣ ‘ਤੇ ਵੀ ਖ਼ਤਰਾ ਮੰਡਰਾ ਰਿਹਾ ਹੈ। ਬਜਰਿੰਗ ਪੂਨੀਆ ਨੇ ਆਪਣੇ ਐਕਸ ਅਕਾਊਂਟ ‘ਤੇ ਨਾਡਾ ਵੱਲੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਲਿਖਇਆ, ‘ਮੈਂ ਮੇਰੇ ਤੋਂ ਡੋਪ ਟੈਸਟ ਲੈਣ ਦੀ ਖ਼ਬਰ ਨੂੰ ਕਲੀਅਰ ਕਰ ਦੇਣਾ ਚਾਹੁੰਦਾ ਹਾਂ। ਮੈਂ ਨਾਡਾ ਦੇ ਅਧਿਕਾਰੀਆਂ ਨੂੰ ਸੈਂਪਲ ਦੇਣ ਤੋਂ ਕਦੀ ਨਾਂਹ ਨਹੀਂ ਕੀਤੀ। ਮੈਂ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਪਹਿਲਾਂ ਉਹ ਮੈਨੂੰ ਦੱਸਣ ਕਿ ਉਨ੍ਹਾਂ ਮੇਰੇ ਸੈਂਪਲ ਲੈਣ ਲਈ ਲਿਆਂਦੀ ਗਈ ਐਕਸਪਾਇਰੀ ਕਿੱਟ ਖਿਲਾਫ਼ ਕੀ ਐਕਸ਼ਨ ਲਿਆ। ਇਸ ਤੋਂ ਬਾਅਦ ਹੀ ਉਹ ਮੇਰਾ ਡੋਪ ਟੈਸਟ ਲੈਣ। ਮੇਰੇ ਵਕੀਲ ਵਿਦੁਸ਼ ਸਿੰਘਾਨੀਆ ਇਸ ਲੈਟਰ ਦਾ ਸਮਾਂ ਰਹਿੰਦੇ ਹੋਏ ਜਵਾਬ ਦੇਣਗੇ।’ ਦਰਅਸਲ, ANI ਦੀ ਖਬਰ ਮੁਤਾਬਕ ਬਜਰੰਗ ਨੇ 10 ਮਾਰਚ ਨੂੰ ਸੋਨੀਪਤ ‘ਚ ਹੋਏ ਟਰਾਇਲ ਦੌਰਾਨ ਪਿਸ਼ਾਬ ਦਾ ਸੈਂਪਲ ਨਹੀਂ ਦਿੱਤਾ ਸੀ, ਜਿਸ ਕਾਰਨ ਨਾਡਾ ਨੇ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ ਹੈ। ਮੁਅੱਤਲੀ ਕਾਰਨ ਬਜਰੰਗ ਮਾਮਲੇ ਦੀ ਸੁਣਵਾਈ ਹੋਣ ਤਕ ਕਿਸੇ ਵੀ ਮੁਕਾਬਲੇ ‘ਚ ਹਿੱਸਾ ਨਹੀਂ ਲੈ ਸਕਣਗੇ। ਯਾਨੀ ਹੁਣ ਇਹ ਕਹਿਣਾ ਬਹੁਤ ਮੁਸ਼ਕਲ ਹੋ ਗਿਆ ਹੈ ਕਿ ਬਜਰੰਗ ਪੂਨੀਆ ਪੈਰਿਸ ਓਲੰਪਿਕ ‘ਚ ਹਿੱਸਾ ਲੈ ਸਕਣਗੇ ਜਾਂ ਨਹੀਂ।