ਚੰਡੀਗੜ੍ਹ : ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ’ਤੇ ਬੈਠੀਆਂ ਕਿਸਾਨ ਜਥੇਬੰਦਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਆਇਆ ਹੈ। ਸੋਸ਼ਲ ਮੀਡੀਆ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਹੈ ਕਿ ਮੇਰੀ ਕਿਸਾਨ ਯੂਨੀਅਨਾਂ ਨੂੰ ਬੇਨਤੀ ਹੈ ਕਿ ਹਰ ਗੱਲ ’ਤੇ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਆਪਣੇ ਵਿਰੁੱਧ ਨਾ ਕਰੋ। ਸਰਕਾਰ ਨਾਲ ਗੱਲ ਕਰਨ ਲਈ ਚੰਡੀਗੜ੍ਹ ਦਾ ਪੰਜਾਬ ਭਵਨ, ਸੈਕਟਰੀਏਟ, ਖੇਤੀਬਾੜੀ ਮੰਤਰੀ ਦਾ ਦਫ਼ਤਰ ਅਤੇ ਮੇਰਾ ਦਫ਼ਤਰ ਅਤੇ ਘਰ ਹੈ ਨਾ ਕੇ ਸੜਕਾ, ਜੇ ਇਹੀ ਰਵੱਈਆ ਰਿਹਾ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਤੁਹਾਨੂੰ ਧਰਨੇ ਲਈ ਬੰਦੇ ਨਹੀਂ ਲੱਭਣੇ। ਲੋਕਾਂ ਦੀਆਂ ਭਾਵਨਾਵਾਂ ਸਮਝੋ।
ਜਲੰਧਰ ਹਾਈਵੇ ’ਤੇ ਲੱਗਾ ਧਰਨਾ
ਕਿਸਾਨਾਂ ਵੱਲੋਂ ਧੰਨੋਵਾਲੀ ਨੇੜੇ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ’ਤੇ ਗੰਨੇ ਦੇ ਭਾਅ ਵਧਾਉਣ ਤੇ ਬਕਾਇਆ ਰਾਸ਼ੀ ਅਦਾ ਕਰਨ ਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਲਾਇਆ ਗਿਆ ਧਰਨਾ ਪੂਰੀ ਰਾਤ ਚੱਲਣ ਮਗਰੋਂ ਅਜੇ ਵੀ ਜਾਰੀ ਹੈ। ਸੰਯੁਕਤ ਕਿਸਾਨ ਮੋਰਚਾ ਦੇ ਵੱਖ-ਵੱਖ ਕਿਸਾਨ ਸੰਗਠਨਾਂ ਵੱਲੋਂ ਦੁਪਹਿਰ ਦੇ ਸਮੇਂ ਸ਼ੁਰੂ ਕੀਤੇ ਗਏ ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਲ ਹੋਏ ਅਤੇ ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਨੂੰ ਲੈ ਕੇ ਜੰਮ ਕੇ ਰੋਸ ਮੁਜ਼ਾਹਰਾ ਕੀਤਾ। ਇਸ ਧਰਨੇ ਕਾਰਨ ਪੂਰਾ ਦਿਨ ਲੋਕ ਜਾਮ ਵਿਚ ਫਸੇ ਰਹੇ ਅਤੇ ਰਾਤ ਤਕ ਇਹ ਜਾਮ ਲੱਗਾ ਹੋਇਆ ਸੀ। ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀਆਂ ਐਂਬੂਲੈਂਸਾਂ ਵੀ ਜਾਮ ਵਿਚ ਫਸੀਆਂ ਰਹੀਆਂ। ਬੱਸਾਂ ਵਿਚ ਜਾਣ ਵਾਲੇ ਯਾਤਰੀਆਂ ਨੂੰ ਲੱਗੇ ਜਾਮ ਕਾਰਨ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬੱਸਾਂ ਵੀ ਅੱਡੇ ਤੋਂ ਬਾਹਰ ਨਹੀਂ ਨਿਕਲ ਸਕੀਆਂ, ਹਾਲਾਂਕਿ ਦੋਵੇਂ ਸਾਈਡ ਤੋਂ ਸਰਵਿਸ ਲੇਨ ਖੁੱਲ੍ਹੀ ਹੋਈ ਸੀ ਪਰ ਹਾਈਵੇਅ ਮਾਰਗ ਪੂਰੀ ਤਰ੍ਹਾਂ ਨਾਲ ਬੰਦ ਸੀ।