ਦੋ ਨੌਜਵਾਨਾਂ ਨੇ ਘਰ ਦੇ ਦਰਵਾਜ਼ੇ ‘ਚ ਮਾਰੀ ਗੋਲ਼ੀ
ਸਥਾਨਕ ਪਿੰਡ ਰਾਜੋਕੇ ’ਚ ਕਰਿਆਨੇ ਦੀ ਦੁਕਾਨ ਕਰਦੇ ਵਿਅਕਤੀ ਕੋਲੋਂ ਵਿਦੇਸ਼ੀ ਨੰਬਰ ਤੋਂ ਫੋਨ ਕਰ ਕੇ ਪੰਜ ਲੱਖ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਰੌਤੀ ਮੰਗਣ ਵਾਲੇ ਨੇ ਆਪਣੇ ਆਪ ਨੂੰ ਲੰਡਾ ਹਰੀਕੇ ਦੱਸਿਆ ਜਦੋਂਕਿ ਫਿਰੌਤੀ ਮੰਗਣ ਦੇ ਦੋ ਦਿਨ ਬਾਅਦ ਉਸਦੇ ਘਰ ਦੇ ਗੇਟ ‘ਚ ਦੋ ਨੌਜਵਾਨ ਗੋਲ਼ੀ ਵੀ ਮਾਰ ਗਏ। ਇਸ ਸਬੰਧੀ ਥਾਣਾ ਖਾਲੜਾ ਦੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਕਤ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪਿੰਡ ਦੇ ਮੇਨ ਬਾਜ਼ਾਰ ‘ਚ ਕਰਿਆਨੇ ਦੀ ਦੁਕਾਨ ਕਰਦਾ ਹੈ। 27 ਅਪ੍ਰੈਲ ਸਵੇਰੇ 10 ਵਜੇ ਉਸ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਤੇ ਅੱਗੋਂ ਬੋਲਣ ਵਾਲੇ ਨੇ ਆਪਣੇ-ਆਪ ਨੂੰ ਲੰਡਾ ਹਰੀਕੇ ਦੱਸਿਆ ਤੇ ਉਸ ਕੋਲੋਂ ਪੰਜ ਲੱਖ ਦੀ ਮੰਗ ਕੀਤੀ। ਉਸਨੇ ਕਹਿ ਦਿੱਤਾ ਕਿ ਉਹ ਕਿਸੇ ਲੰਡੇ ਨੂੰ ਨਹੀਂ ਜਾਣਦਾ। ਫਿਰ 29 ਅਪ੍ਰੈਲ ਨੂੰ ਦੋ ਨਕਾਬਪੋਸ਼ ਨੌਜਵਾਨ ਦੇਰ ਸ਼ਾਮ ਮੋਟਰਸਾਈਕਲ ’ਤੇ ਸਵਾਰ ਹੋ ਕੇ ਉਸਦੇ ਘਰ ਆਏ ਤੇ ਉਸ ਨੂੰ ਪਰਚੀ ਫੜਾ ਕੇ ਸੋਦਾ ਤੋਲਣ ਦਾ ਕਹਿ ਦਿੱਤਾ। ਉਹ ਖਤਰਾ ਭਾਂਪ ਕੇ ਆਪਣੇ ਪੁੱਤਰ ਨੂੰ ਲੈ ਕੇ ਅੰਦਰ ਵੜ੍ਹ ਗਿਆ ਤੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਉਕਤ ਲੋਕ ਉਸਦੇ ਗੇਟ ‘ਚ ਗੋਲ਼ੀ ਮਾਰ ਕੇ ਭੱਜ ਗਏ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਵੱਲੋਂ ਹੁਣ ਬਿਆਨ ਦਰਜ ਕਰਵਾਏ ਗਏ ਹਨ, ਜਿਸਦੇ ਅਧਾਰ ’ਤੇ ਲੰਡਾ ਹਰੀਕੇ ਅਤੇ ਦੋ ਅਣਪਛਾਤੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ।