ਬੋਰਡ ਤਾਂ ਮਾਂ ਬੋਲੀ ’ਚ ਨ੍ਹੀਂ ਟੰਗੇ, ਨਿਯਮ ਜ਼ਰੂਰ ਛਿੱਕੇ ਟੰਗ ਦਿੱਤੇ
ਪੰਜਾਬ ’ਚ ਚੱਲ ਰਹੇ ਪ੍ਰਾਈਵੇਟ ਸੀਬੀਐੱਸਈ ਸਕੂਲਾਂ ਦਾ ਰੂਝਾਨ ਪੰਜਾਬੀ ਮਾਂ ਬੋਲੀ ਵੱਲ ਕਿੰਨਾ ਕੁ ਹੈ, ਇਸ ਦਾ ਅੰਦਾਜ਼ਾ ਸਕੂਲਾਂ ਦੇ ਬਾਹਰ ਅੰਗਰੇਜ਼ੀ ’ਚ ਲਿਖੇ ਨਾਵਾਂ ਤੋਂ ਲੱਗ ਜਾਂਦਾ ਹੈ। ਹਾਲਾਂਕਿ ਸੂਬਾ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਸਕੂਲਾਂ ਦੇ ਬਾਹਰ ਪੰਜਾਬੀ ’ਚ ਵੀ ਸਕੂਲ ਦਾ ਨਾਮ ਲਿਖਿਆ ਜਾਵੇ ਪਰ ਇਨ੍ਹਾਂ ਹੁਕਮਾਂ ਦੀ ਹਾਲੇ ਤਕ ਮਹਾਨਗਰ ’ਚ ਪਾਲਣਾ ਨਾਮਾਤਰ ਹੈ। ਉਥੇ ਹੀ ਪੰਜਾਬੀ ਮਾਂ ਬੋਲੀ ਪੰਜਾਬ ਸੂਬੇ ਦੀ ਪਹਿਲੀ ਭਾਸ਼ਾ ਮੰਨੀ ਜਾਂਦੀ ਹੈ, ਪਰ ਜੇਕਰ ਗੱਲ ਕੀਤੀ ਜਾਵੇ ਤਾਂ ਸੂਬੇ ’ਚ ਪੜ੍ਹ ਰਹੇ ਸੀਬੀਐੱਸਈ ਸਕੂਲਾਂ ਦੇ ਜ਼ਿਆਦਾਤਰ ਬੱਚਿਆਂ ਨੂੰ ਸਕੂਲ ’ਚ ਅੰਗਰੇਜ਼ੀ ’ਚ ਗੱਲ ਕਰਨ ਨੂੰ ਕਿਹਾ ਜਾਂਦਾ ਹੈ। ਇਸ ਪਾਸੇ ਨਾ ਤਾਂ ਸਿੱਖਿਆ ਵਿਭਾਗ ਧਿਆਨ ਦੇ ਰਿਹਾ ਹੈ ਤੇ ਨਾ ਹੀ ਭਾਸ਼ਾ ਵਿਭਾਗ। ਸਰਕਾਰ ਵੱਲੋਂ ਸਕੂਲਾਂ ਨੂੰ ਵੀ ਹੁਕਮ ਜਾਰੀ ਕੀਤੇ ਗਏ ਸਨ ਕਿ ਉਹ ਆਪਣੇ ਸਕੂਲ ਦਾ ਨਾਮ ਪੰਜਾਬੀ ਭਾਸ਼ਾ ’ਚ ਲਿਖ ਕੇ ਬੋਰਡ ਲਗਾਉਣ, ਪਰ ਜ਼ਿਆਦਾਤਰ ਸਕੂਲਾਂ ਵਾਲਿਆਂ ਨੇ ਇਨ੍ਹਾਂ ਹੁਕਮਾਂ ਨੂੰ ਛਿੱਕੇ ਟੰਗਿਆ ਹੋਇਆ। ਸ਼ਹਿਰ ਦੇ ਕੁਝ ਗਲੀ-ਮੁਹੱਲਿਆਂ ’ਚ ਚੱਲ ਰਹੇ ਪ੍ਰਾਈਵੇਟ ਸਕੂਲਾਂ ’ਚ ਤਾਂ ਇਨ੍ਹਾਂ ਹੁਕਮਾਂ ਦੀ ਕਿਤੇ ਵੀ ਪਾਲਣਾ ਨਹੀਂ ਹੋ ਰਹੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਸੂਬੇ ਭਰ ਦੇ ਸੀਬੀਐੱਸਈ ਸਕੂਲਾਂ ’ਚ ਪੰਜਾਬੀ ਮਾਂ ਬੋਲੀ ਦਾ ਰੁਝਾਨ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ। ਸੀਬੀਐੱਸਈ ਸਕੂਲਾਂ ਦੇ ਜ਼ਿਆਦਾਤਰ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਅੱਖਰਾਂ ਬਾਰੇ ਗਿਆਨ ਨਹੀਂ ਹੈ। ਅਜਿਹੇ ’ਚ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਬੱਚੇ ਸ਼ਬਦਾਂ ਨੂੰ ਕਿਵੇਂ ਜਾਣਨਗੇ, ਜਿਨ੍ਹਾਂ ਨੂੰ ਅੱਖਰਾਂ ਬਾਰੇ ਹੀ ਗਿਆਨ ਨਾ ਹੋਵੇ। ਅਜਿਹੇ ’ਚ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਭਾਸ਼ਾ ਵਿਭਾਗ ਵੱਲੋਂ ਸੀਬੀਐੱਸਈ ਸਕੂਲਾਂ ਦੇ ਸਰਵੇਖਣ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਪੰਜਾਬੀ ਮਾਂ ਬੋਲੀ ਦਾ ਪਸਾਰ ਹੋ ਸਕੇ। ਕੁਝ ਬੱਚਿਆਂ ਦੇ ਮਾਪਿਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ’ਚ ਸਿਰਫ਼ ਤੇ ਸਿਰਫ਼ ਅੰਗਰੇਜ਼ੀ ’ਚ ਗੱਲ ਕਰਨ ਨੂੰ ਕਿਹਾ ਜਾਂਦਾ ਹੈ। ਜੇਕਰ ਕੋਈ ਪੰਜਾਬੀ ਬੋਲਦਾ ਹੈ ਤਾਂ ਉਸ ਨੂੰ ਜੁਰਮਾਨਾ ਲਗਾ ਦਿੱਤਾ ਜਾਂਦਾ ਹੈ ਜਾਂ ਫਿਰ ਬੱਚੇ ਨੂੰ ਝਿੜਕਾਂ ਸੁਣਨੀਆਂ ਪੈਂਦੀਆਂ ਹਨ। ਕੁਝ ਪ੍ਰਾਈਵੇਟ ਸਕੂਲ ਅਜਿਹੇ ਵੀ ਹਨ ਜੋ ਕਿ ਪਰਵਾਸੀ ਲੋਕਾਂ ਵੱਲੋਂ ਚਲਾਏ ਜਾ ਰਹੇ ਹਨ, ਜਾਂ ਕਿਹਾ ਜਾ ਸਕਦਾ ਹੈ ਕਿ ਸਿਆਸੀ ਪਾਰਟੀਆਂ ਦੀ ਰਹਿਨੁਮਾਈ ਸਦਕਾ ਚੱਲ ਰਹੇ ਹਨ, ਜਿਨ੍ਹਾਂ ਨੂੰ ਪੰਜਾਬੀ ੳ ਅ ਤਕ ਨਹੀਂ ਆਉਂਦਾ।