ਹਲਕਾ ਉੜਮੁੜ ਟਾਂਡਾ ਦੇ ਪਿੰਡ ਅਬਦੁਲਾਪੁਰ ਤੋਂ ਜਿੱਥੇ ਪਿੰਡ ਵਾਸੀਆਂ ਵੱਲੋਂ ਕਿਸਾਨ ਆਗੂਆਂ ਦੀ ਹਾਜ਼ਰੀ ਵਿੱਚ ਪਿੰਡ ਨੂੰ ਬੁਨਿਆਦੀ ਸਹੂਲਤਾਂ ਨਾਂ ਮਿਲਣ ਤੇ ਰੋਸ
ਪੰਜਾਬ ਸਰਕਾਰ ਵੱਲੋਂ ਸੱਤਾ ਹਾਸਲ ਕਰਨ ਵੇਲੇ ਸੂਬੇ ਦੇ ਲੋਕਾਂ ਨਾਲ ਬੁਨਿਆਦੀ ਸਹੂਲਤਾਂ ਦੇਣ ਸਬੰਧੀ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ, ਪਰ ਇਨ੍ਹਾਂ ਵਾਅਦਿਆਂ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਜਿਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਹਲਕਾ ਉੜਮੁੜ ਟਾਂਡਾ ਦੇ ਪਿੰਡ ਅਬਦੁਲਾਪੁਰ ਤੋਂ ਜਿੱਥੇ ਪਿੰਡ ਵਾਸੀਆਂ ਵੱਲੋਂ ਕਿਸਾਨ ਆਗੂਆਂ ਦੀ ਹਾਜ਼ਰੀ ਵਿੱਚ ਪਿੰਡ ਨੂੰ ਬੁਨਿਆਦੀ ਸਹੂਲਤਾਂ ਨਾਂ ਮਿਲਣ ਤੇ ਰੋਸ ਵਜੋਂ ਲੋਕ ਸਭਾ ਵੋਟਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਦੀ ਮੌਜੂਦਗੀ ਵਿਚ ਪਿੰਡ ਵਾਸੀਆਂ ਅਤੇ ਸਰਪੰਚ ਮਨਜੀਤ ਕੌਰ, ਸਤਪਾਲ ਸਿੰਘ ਗੋਲਡੀ, ਸਾਬਕਾ ਸਰਪੰਚ ਸ਼ਿੰਦਾ ਸਿੰਘ ਅਤੇ ਕਾਲਾ ਸਿੰਘ ਨੇ ਆਖਿਆ ਕਿ ਪਿੰਡ ਨੂੰ ਆਜ਼ਾਦੀ ਤੋਂ ਬਾਅਦ ਅੱਜ ਤੱਕ ਸੜਕ ਨਸੀਬ ਨਹੀਂ ਹੋਈ ਅਤੇ ਨਾ ਹੀ ਸਕੂਲ ਵਿਚ ਕੋਈ ਟੀਚਰ ਹੈ, ਜਿਸ ਕਰਕੇ ਬੱਚਿਆਂ ਨੂੰ ਕਰੀਬ 2 ਤੋਂ 3 ਤਿੰਨ ਕਿੱਲੋਮੀਟਰ ਦੂਰ ਤੱਕ ਪੈਦਲ ਮਿਆਣੀ ਵਿਖੇ ਪੜ੍ਹਨ ਜਾਣਾ ਪੈਂਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਇਲਾਕੇ ਵਿਚ ਕਾਫੀ ਡੂੰਘਾਈ ਤੱਕ ਰੇਤ ਦੀ ਮਾਈਨਿੰਗ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕਰਦਾ। ਅੱਜ ਤੱਕ ਨਾ ਤਾਂ ਪ੍ਰਸ਼ਾਸਨ ਨੇ ਉਨ੍ਹਾਂ ਦੀ ਕੋਈ ਸੁਣਵਾਈ ਕੀਤੀ ਤੇ ਨਾ ਹੀ ਪਿੰਡ ਨੂੰ ਬੁਨਿਆਦੀ ਸਹੂਲਤਾਂ ਮਿਲੀਆਂ ਹਨ, ਇਸ ਲਈ ਉਨ੍ਹਾਂ ਇਸ ਵਾਰ ਵੋਟਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਪਿੰਡ ਵੋਟਾਂ ਮੰਗਣ ਆਏ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਵਿਰੋਧ ਕਰਨਗੇ। ਇਸ ਮੌਕੇ ਕਿਸਾਨ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਨੇ ਆਖਿਆ ਕਿ ਲੋਕਾਂ ਨਾਲ ਵਾਅਦਾ ਖ਼ਿਲਾਫ਼ੀ ਕਰਨ ਵਾਲੀ ਭਾਜਪਾ ਅਤੇ ਆਮ ਆਦਮੀ ਪਾਰਟੀ ਸਰਕਾਰ ਦਾ ਕਿਸਾਨ ਜਥੇਬੰਦੀ ਵੀ ਵਿਰੋਧ ਕਰੇਗੀ। ਇਸ ਮੌਕੇ ਅਨੋਖ ਸਿੰਘ, ਸਤਪਾਲ ਸਿੰਘ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਕੌਰ ਅਤੇ ਸ਼ੀਲ ਕੌਰ ਆਦਿ ਮੌਜੂਦ ਸਨ।