ਪੰਜਾਬ ’ਚ ਕਮਲ ਨਹੀਂ ਖਿੜਨਾ, ਚਿੱਕੜ ਸਾਫ਼ ਕਰਨ ਲਈ ‘ਝਾੜੂ’ ਹੈ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ’ਚ ਕਮਲ ਨਹੀਂ ਖਿੜਨ ਵਾਲਾ, ਕਿਉਂਕਿ ਪੰਜਾਬ ’ਚ ਚਿੱਕੜ ਸਾਫ਼ ਕਰਨ ਲਈ ‘ਝਾੜੂ’ ਹੈ। ਮਾਨ ਅੱਜ ਇੱਥੇ ਲੋਕ ਸਭਾ ਹਲਕਾ ਪਟਿਆਲਾ ‘ਆਪ’ ਉਮੀਦਵਾਰ ਅਤੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਰੋਡ ਸ਼ੋਅ ਕਰਨ ਪੁੱਜੇ ਹੋਏ ਸਨ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਸਿਰ ’ਤੇ ਹੀ ਪੰਜਾਬ ਲਈ ਰਾਜਪਾਲ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਸਭ ਨਾਲ ਇਕੱਲਾ ਲੜ ਰਿਹਾ ਹਾਂ। ‘ਆਪ’ ਦੇ ਇਨਕਲਾਬੀ ਨਾਅਰੇ ਮਹਿਲਾਂ ਦੀਆਂ ਕੰਧਾਂ ਹਿਲਾ ਦੇਣਗੇ। ਸਾਡੀ ਸਰਕਾਰ ਨਿੱਜੀ ਜਾਇਦਾਦ ਖ਼ਰੀਦਣ ਵਾਲੀ ਪਹਿਲੀ ਸਰਕਾਰ ਹੈ, ਅਸੀਂ ਜੀਵੀਕੇ ਥਰਮਲ ਪਾਵਰ ਪਲਾਂਟ ਖ਼ਰੀਦਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਦਾ ਪੈਸਾ ਲੁੱਟਿਆ ਹੈ, ਉਹ ਕਿਸੇ ਪਹਾੜ ਹੇਠਾਂ ਜਾਂ ਕਿਸੇ ਹੋਟਲ ਵਿੱਚ ਦੱਬਿਆ ਹੋਇਆ ਹੈ। ਉਨ੍ਹਾਂ ਦੀ ਸਰਕਾਰ ਵਿਆਜ ਸਮੇਤ ਵਸੂਲੀ ਕਰੇਗੀ। ਇਹ ਪੈਸਾ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਲਾਇਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ 13 ਸੀਟਾਂ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਤੋਂ ਬਾਅਦ ਕੇਂਦਰ ਸਰਕਾਰ ਪੰਜਾਬ ਦੇ ਹਿੱਸੇ ਦਾ ਇੱਕ ਪੈਸਾ ਵੀ ਨਹੀਂ ਰੱਖ ਸਕੇਗੀ, ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਤੇਜ਼ੀ ਨਾਲ ਕੰਮ ਕਰੇਗੀ। ਰੋਡ ਸ਼ੋਅ ਵਿਚ ਲੋਕਾਂ ਦੇ ਇਕੱਠ ਨੂੰ ਦੇਖਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਟਿਆਲਾ ਪੰਜਾਬ ਵਿੱਚ ਖਾਸ ਤਾਂ ਵੀ ਹੈ ਕਿਉਂਕਿ ਇੱਥੋਂ ਦੇ ਵਿਧਾਇਕ ਅਤੇ ਸਿਹਤ ਮੰਤਰੀ ਨੇ 70 ਸਾਲ ਤੋਂ ਕਾਬਜ਼ ਸਰਕਾਰਾਂ ਦੇ ਨੁਮਾਇੰਦਿਆ ਦੇ ਤਖ਼ਤੇ ਪਲਟਾਏ ਹਨ। ਮਹਿਲਾਂ ਵਿੱਚੋਂ ਸਰਕਾਰ ਚਲਾਉਣ ਵਾਲਿਆਂ ਨੂੰ ਲੱਗਦਾ ਸੀ ਕਿ ਲੋਕ ਹੁਣ ਵੀ ਕਾਂਗਰਸ-ਅਕਾਲੀ ਵਾਲੀ ਹੀ ਖੇਡ ਖੇਡਣਗੇ। ਪਰ ‘ਆਪ’ ਦੀ ਚੱਲੀ ਹਨੇਰੀ ਨੇ ਮਹਿਲਾਂ ਦੀਆਂ ਕੰਧਾਂ ਵੀ ਹਿੱਲਣ ਲਾ ਦਿੱਤੀਆਂ। ਉਨ੍ਹਾਂ ਵਿਅੰਗ ਕਸਦਿਆਂ ਕਿਹਾ ਕਿ ਲੋਕਮਾਰੂ ਨੀਤੀ ਕਾਰਨ ਹੀ ਜਲਦ ਮਹਿਲਾਂ ਵਿੱਚ ਕਾਂ ਬੋਲਣ ਲੱਗ ਜਾਣਗੇ। ਹਾਲੇ ਕਿਸਾਨ ਤੂੜੀ ਕਰਨ ਵਿੱਚ ਵਿਅਸਤ ਹਨ, ਵੇਹਲੇ ਹੁੰਦਿਆ ਹੀ ਵਿਰੋਧੀਆਂ ਦੀ ਤੂੜੀ ਕੀਤੀ ਜਾਵੇਗੀ।