ਏਐਸਆਈ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਸਿਟੀ ਵਿਖੇ ਰਿਪੋਰਟ ਦਰਜ ਕਰਵਾ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ
ਸੁਲਤਾਨਪੁਰ ਲੋਧੀ ਰੋਡ ‘ਤੇ ਪੈਂਦੇ ਪਿੰਡ ਸ਼ੇਖੂਪੁਰ ਦਾ ਇਕ ਭਾਜਪਾ ਆਗੂ ਤੇ ਵਪਾਰੀ ਪਿਛਲੇ 20 ਦਿਨਾਂ ਤੋਂ ਸ਼ੱਕੀ ਹਾਲਾਤ ‘ਚ ਲਾਪਤਾ ਦੱਸਿਆ ਜਾ ਰਿਹਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਸਿਟੀ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਉਸ ਦੀ ਫੋਟੋ ਸਮੇਤ ਸੂਚਨਾ ਭੇਜ ਕੇ ਪੰਜਾਬ ਦੇ ਸਾਰੇ ਥਾਣਿਆਂ ਨੂੰ ਅਲਰਟ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਤਫ਼ਤੀਸ਼ੀ ਅਫ਼ਸਰ ਏਐਸਆਈ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਲਾਪਤਾ ਵਿਅਕਤੀ ਦੀ ਭਾਲ ਜਾਰੀ ਹੈ ਪਰ ਹਾਲੇ ਤਕ ਕੁਝ ਪਤਾ ਨਹੀਂ ਲੱਗਾ। ਜਾਣਕਾਰੀ ਅਨੁਸਾਰ ਸਤਪਾਲ ਪੁੱਤਰ ਓਮਪ੍ਰਕਾਸ਼ ਵਾਸੀ ਸ਼ੇਖੂਪੁਰ ਨੇ ਥਾਣਾ ਸਿਟੀ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦਾ ਲੜਕਾ ਰਾਜੇਸ਼ ਮੰਨਣ (37 ਸਾਲ) 14 ਅਪ੍ਰੈਲ ਨੂੰ ਸਵੇਰੇ 11 ਵਜੇ ਘਰੋਂ ਨਿਕਲਿਆ ਸੀ। ਉਦੋਂ ਤੋਂ ਉਹ ਅਚਾਨਕ ਲਾਪਤਾ ਹੋ ਗਿਆ ਜਿਸ ਤੋਂ ਬਾਅਦ ਉਸ ਦੀ ਭਾਲ ਲਈ ਸਾਰੇ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਨਿੱਜੀ ਤੌਰ ‘ਤੇ ਪੁੱਛਗਿੱਛ ਕੀਤੀ ਗਈ ਪਰ ਉਹ ਨਹੀਂ ਮਿਲਿਆ। ਉਦੋਂ ਤੋਂ ਉਸ ਦਾ ਮੋਬਾਈਲ ਫੋਨ ਵੀ ਬੰਦ ਹੈ। ਲਾਪਤਾ ਰਾਜੇਸ਼ ਮੰਨਣ ਕਪੂਰਥਲਾ ਸ਼ਹਿਰ ਦੇ ਗੈਸਟ ਹਾਊਸ ਕਾਰੋਬਾਰੀ ਵਜੋਂ ਜਾਣਿਆ ਜਾਂਦਾ ਹੈ ਤੇ ਭਾਜਪਾ ਆਗੂ ਵੀ ਹੈ। ਉਹ ਭਾਜਪਾ ਦੇ ਐਨਜੀਓ ਸੈੱਲ ਦੇ ਸੂਬਾ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਾ ਰਿਹਾ ਹੈ। ਜਾਂਚ ਅਧਿਕਾਰੀ ਏਐਸਆਈ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਸਿਟੀ ਵਿਖੇ ਰਿਪੋਰਟ ਦਰਜ ਕਰਵਾ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਸ ਦੀ ਭਾਲ ਲਈ ਸੂਬੇ ਦੇ ਸਾਰੇ ਥਾਣਿਆਂ ਨੂੰ ਉਸ ਦੀ ਫੋਟੋ ਸਮੇਤ ਅਲਰਟ ਜਾਰੀ ਕਰ ਦਿੱਤਾ ਗਿਆ ਹੈ।