ਯੁਜਵੇਂਦਰ ਚਹਿਲ ਨੇ ਵੀਰਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਆਈਪੀਐੱਲ ਇਤਿਹਾਸ ਦਾ ਸਭ ਤੋਂ ਮਹਿੰਗਾ ਗੇਂਦਬਾਜ਼ੀ ਸਪੈੱਲ ਕੀਤਾ।
ਰਾਜਸਥਾਨ ਰਾਇਲਜ਼ ਦੇ ਤਜਰਬੇਕਾਰ ਲੈੱਗ ਸਪਿੰਨਰ ਯੁਜਵੇਂਦਰ ਚਹਿਲ ਨੇ ਵੀਰਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਆਈਪੀਐੱਲ ਇਤਿਹਾਸ ਦਾ ਸਭ ਤੋਂ ਮਹਿੰਗਾ ਗੇਂਦਬਾਜ਼ੀ ਸਪੈੱਲ ਕੀਤਾ। ਆਈਪੀਐੱਲ 2024 ਦੇ 50ਵੇਂ ਮੈਚ ਵਿਚ ਚਹਿਲ ਨੇ 4 ਓਵਰਾਂ ਦੇ ਆਪਣੇ ਸਪੈੱਲ ਵਿਚ 62 ਦੌੜਾਂ ਦਿੱਤੀਆਂ ਅਤੇ ਇਕ ਵੀ ਵਿਕਟ ਨਹੀਂ ਲਈ। ਚਹਿਲ ਨੇ ਮੌਜੂਦਾ ਸੀਜ਼ਨ ‘ਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਪਰ ਸਨਰਾਈਜ਼ਰਜ਼ ਹੈਦਰਾਬਾਦ ਦੇ ਬੱਲੇਬਾਜ਼ਾਂ ਨੇ ਉਸ ਨੂੰ ਪਰੇਸ਼ਾਨੀ ‘ਚ ਪਾ ਦਿੱਤਾ। ਟ੍ਰੈਵਿਸ ਹੈੱਡ, ਨਿਤੀਸ਼ ਰੈਡੀ ਤੇ ਹੇਨਰਿਚ ਕਲਾਸੇਨ ਨੇ ਚਹਿਲ ਦੀ ਖ਼ੂਬ ਕੁਟਾਈ ਕੀਤੀ। ਚਹਿਲ ਨੇ ਪਹਿਲੇ ਓਵਰ ‘ਚ ਸਿਰਫ 7 ਦੌੜਾਂ ਦਿੱਤੀਆਂ ਪਰ ਅਗਲੇ ਓਵਰ ‘ਚ 18 ਦੌੜਾਂ ਦਿੱਤੀਆਂ। ਫਿਰ ਚਹਿਲ ਦੇ ਤੀਜੇ ਓਵਰ ਵਿਚ 21 ਦੌੜਾਂ ਲਈਆਂ। ਚਹਿਲ ਦੇ ਸਪੈੱਲ ਦੇ ਆਖਰੀ ਓਵਰ ਵਿਚ 16 ਦੌੜਾਂ ਬਣੀਆਂ। ਚਹਿਲ ਨੂੰ ਹਾਲ ਹੀ ਵਿੱਚ ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ ਵਿਚ ਚੁਣਿਆ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਦੇ ਪ੍ਰਦਰਸ਼ਨ ਵਿਚ ਗਿਰਾਵਟ ਆਈ ਸੀ। ਹਾਲਾਂਕਿ ਜੇ ਮੈਚ ਦੀ ਗੱਲ ਕਰੀਏ ਤਾਂ ਰਾਜਸਥਾਨ ਰਾਇਲਜ਼ ਨੂੰ 1 ਦੌੜ ਨਾਲ ਰੋਮਾਂਚਕ ਹਾਰ ਦਾ ਸਾਹਮਣਾ ਕਰਨਾ ਪਿਆ। ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ 3 ਵਿਕਟਾਂ ਗੁਆ ਕੇ 201 ਦੌੜਾਂ ਬਣਾਈਆਂ। ਜਵਾਬ ਵਿਚ ਰਾਇਲਜ਼ ਦੀ ਟੀਮ 20 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 200 ਦੌੜਾਂ ਹੀ ਬਣਾ ਸਕੀ।