ਮਲੋਟ ਵਿਧਾਨ ਸਭਾ ਹਲਕਾ ਦੇ ਪਿੰਡ ਮਹਾਂ ਬੱਧਰ ‘ਚ ਵੱਡੀ ਘਟਨਾ ਹੋਈ ਹੈ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਤੇ ਜ਼ਿਲ੍ਹਾ ਪੁਲਿਸ ਕਪਤਾਨ ਭਾਗੀਰਥ ਸਿੰਘ ਮੀਨਾ ਵੱਲੋਂ ਬੀਤੀਂ ਸ਼ਾਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫਲੈਗ ਮਾਰਚ ਕੱਢਿਆ ਗਿਆ ਸੀ ਤਾਂ ਜੋ ਚੋਣ ਜਾਬਤੇ ਦੇ ਚੱਲਦਿਆ ਸ਼ਹਿਰ ਵਾਸੀ ਆਪਣੇ ਆਪ ਨੂੰ ਸਰੁੱਖਿਅਤ ਮਹਿਸੂਸ ਕਰਨ ਪਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਮਲੋਟ ’ਚ ਪੈਂਦੇ ਇੱਕ ਪਿੰਡ ਵਿੱਚ 50 ਤੋਂ ਜ਼ਿਆਦਾ ਗੁੰਡਾ ਅਨਸਰਾਂ ਵਲੋਂ ਲੋਕਾਂ ਦੇ ਘਰਾਂ ’ਚ 10 ਤੋਂ ਵਧੇਰੇ ਪੈਟਰੋਲ ਬੰਬ ਸੁੱਟ ਕੇ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ। ਦੱਸ ਦੇਈਏ ਕਿ ਬੀਤੀ ਰਾਤ ਕਰੀਬ 11 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਅਣਪਤਾਛੇ ਵਿਅਕਤੀਆਂ ਵਲੋਂ ਹਥਿਆਰਾਂ ਨਾਲ ਲੈਂਸ ਹੋ ਕੇ ਇਸ ਪਿੰਡ ਸ਼ਰੇਆਮ ਗੁੰਡਾਗਰਦੀ ਦਿਖਾਈ ਹੈ ਜਿਸ ਤੋਂ ਬਾਅਦ ਪਿੰਡ ਵਾਸੀ ਦਹਿਸ਼ਤ ਦੇ ਮਾਹੌਲ ’ਚ ਜਿਉਣ ਲਈ ਮਜ਼ਬੂਰ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਗੁੰਡਾ ਅਨਸਰਾਂ ਵੱਲੋਂ ਘਰਾਂ ’ਚ ਅੱਗ ਲਗਾਉਣ ਦੀ ਕੋਸਿਸ਼ ਦੇ ਚੱਲਦਿਆ ਇੱਕ ਮੋਟਰਸਾਇਕਲ ਨੂੰ ਵੀ ਅੱਗ ਦੇ ਹਵਾਲੇ ਕੀਤਾ। ਗੁੰਡਾਗਰਦੀ ਦੇ ਇਸ ਆਲਮ ਤੋਂ ਬਾਅਦ ਸਹਿਮ ’ਚ ਆਏ ਕੁਝ ਪਿੰਡ ਵਾਸੀਆਂ ਨੇ ਸਵੇਰੇ ਆਪਣੇ ਬੱਚੇ ਵੀ ਸਕੂਲ ਨਹੀਂ ਭੇਜੇ। 50 ਦੇ ਕਰੀਬ ਗੁੰਡਾ ਅਨਸਰਾਂ ਵੱਲੋਂ ਚੋਣ ਜਾਬਤੇ ਤੇ ਸੁਰੱਖਿਆ ਵਿਵੱਸਥਾ ਦੇ ਨਿਯਮਾਂ ਦੀਆਂ ਧੱਜ਼ੀਆਂ ਉਡਾਈਆਂ ਗਈਆਂ ਜਿਸ ਤੋਂ ਬਾਅਦ ਪੂਰਾ ਪਿੰਡ ਸਹਿਮ ਦੇ ਮਾਹੌਲ ’ਚ ਹੈ। ਪਿੰਡ ਵਾਸੀਆਂ ਦਾ ਕਹਿਣਾ ਕਿ ਕੁਝ ਪੁਲਿਸ ਮੁਲਾਜ਼ਮ ਮੌਕੇ ’ਤੇ ਪੁੱਜੇ ਸਨ ਪਰ ਇਨ੍ਹਾਂ ਗੁੰਡਾ ਅਨਸਰਾਂ ਨੇ ਉਨ੍ਹਾਂ ਨੂੰ ਟਿੱਚ ਜਾਣਿਆ। ਪੁਲਿਸ ਅਧਿਕਾਰੀਆ ਵਲੋਂ ਗੁੰਡਿਆਂ ਨੂੰ ਜਲਦੀ ਹੀ ਕਾਬੂ ਕਰਨ ਦਾ ਦਾਅਵਾ ਕੀਤਾ ਤੇ ਅਜਿਹੀਆਂ ਵਾਰਦਾਤਾਂ ’ਤੇ ਅੰਕੁਸ਼ ਲਗਾਉਣ ਦਾ ਵਿਸ਼ਵਾਸ਼ ਦੁਆਇਆ। ਜ਼ਿਕਰਯੋਗ ਹੈ ਕਿ ਕੁਝ ਲੋਕਾਂ ਵੱਲੋਂ ਇਸ ਵਾਰਦਾਤ ਨੂੰ ਦੋ ਪਰਿਵਾਰਾਂ ਦੀ ਲੜਾਈ ਵੀ ਦੱਸਿਆ ਜਾ ਰਿਹਾ ਹੈ।