ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਮੰਗਲਵਾਰ ਨੂੰ ਪੁਲਿਸ ਭਰਤੀ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਨੌਜਵਾਨਾਂ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਮੰਗਲਵਾਰ ਨੂੰ ਪੁਲਿਸ ਭਰਤੀ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਨੌਜਵਾਨਾਂ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਹਾਸਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਕਹਿਣ ਨੂੰ ਤਾਂ ਭਾਵੇਂ ਸੰਗਰੂਰ ਨੂੰ ਆਮ ਆਦਮੀ ਪਾਰਟੀ ਦੀ ਅਖੌਤੀ ਰਾਜਧਾਨੀ ਕਿਹਾ ਜਾਂਦਾ ਹੈ ਪਰ ਪਿਛਲੇ ਦੋ ਸਾਲਾਂ ਵਿੱਚ ਇਸ ਰਾਜਧਾਨੀ ਵਿੱਚ ਜਿੰਨੇ ਧਰਨੇ ਲੱਗੇ ਹਨ, ਉਨੇ ਪੂਰੇ ਪੰਜਾਬ ਵਿੱਚ ਨਹੀਂ ਲੱਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਕੋਠੀ ਦੇ ਨੇੜੇ ਕਈ ਦਿਨਾਂ ਤੋਂ ਧਰਨਾ ਦੇ ਕੇ ਬੈਠੇ ਨੌਜਵਾਨ ਪੁਲਿਸ ਵਿੱਚ ਭਰਤੀ ਹੋਣ ਦੀ ਮੰਗ ਲੈ ਕੇ ਧਰਨਾ ਦੇ ਰਹੇ ਹਨ। ਇੱਥੋਂ ਤੱਕ ਕਿ ਇੱਕ ਲੜਕੀ ਹਰਦੀਪ ਕੌਰ ਪਿਛਲੇ 56 ਦਿਨਾਂ ਤੋਂ ਟਾਵਰ ਤੇ ਚੜ੍ਹ ਕੇ ਬੈਠੀ ਹੋਈ ਹੈ, ਹਾਲੇ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਦੀ ਇਸ ’ਤੇ ਨਜ਼ਰ ਨਹੀਂ ਪਈ। ਉਨ੍ਹਾਂ ਆਖਿਆ ਕਿ ਇਹ ਨੌਜਵਾਨ ਮੰਗ ਕਰ ਰਹੇ ਹਨ ਕਿ 2016 ਵਿੱਚ ਪੁਲਿਸ ਭਰਤੀ ਵਿੱਚ ਇਹ ਨੌਜਵਾਨ ਮੈਰਿਟ ਵਿੱਚ ਆਏ ਹੋਏ ਹਨ ਅਤੇ ਕਈਆਂ ਦੇ ਤਾਂ ਮੈਡੀਕਲ ਵਗੈਰਾ ਵੀ ਹੋ ਚੁੱਕੇ ਹਨ ਪਰ ਇਨ੍ਹਾਂ ਨੂੰ ਸਰਕਾਰ ਵੱਲੋਂ ਜੁਆਇਨਿੰਗ ਲੈਟਰ ਨਹੀਂ ਦਿੱਤੇ ਗਏ। ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਕਿਹਾ ਜਾਂਦਾ ਰਿਹਾ ਹੈ ਕਿ ਪੰਜਾਬ ਏਨਾ ਖੁਸ਼ਹਾਲ ਬਣਾ ਦੇਣਾ ਕਿ ਗੋਰੇ ਵਿਦੇਸ਼ਾਂ ਵਿੱਚੋਂ ਆ ਕੇ ਇੱਥੇ ਕੰਮ ਕਰਨਗੇ ਪਰ ਇੱਥੋਂ ਦੇ ਨੌਜਵਾਨਾਂ ਨੂੰ ਨੌਕਰੀਆਂ ਲੈਣ ਲਈ ਅਜਿਹਾ ਸੰਘਰਸ਼ ਕਰਨਾ ਪੈ ਰਿਹਾ ਹੈ। ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਲੱਖਾਂ ਨੌਕਰੀਆਂ ਦੇਣ ਦਾ ਦਾਅਵਾ ਕਰਨ ਦੇ ਨਾਲ ਇਨ੍ਹਾਂ ਸੈਂਕੜੇ ਬੇਰੁਜ਼ਗਾਰਾਂ ਨੂੰ ਨੌਕਰੀ ਦੇ ਕੇ ਆਪਣਾ ਵਾਅਦਾ ਪੂਰਾ ਕਰੇ।