Wednesday, October 16, 2024
Google search engine
HomeDeshਸਿੱਖ ਰਾਜ ਦਾ ਥੰਮ੍ਹ ਹਰੀ ਸਿੰਘ ਨਲੂਆ

ਸਿੱਖ ਰਾਜ ਦਾ ਥੰਮ੍ਹ ਹਰੀ ਸਿੰਘ ਨਲੂਆ

 ਸਿੱਖ ਇਤਿਹਾਸ ਵਿਚ ਸੂਰਬੀਰ ਜਰਨੈਲ ਸ. ਹਰੀ ਸਿੰਘ ਨਲੂਆ ਦੀ ਅਦੁੱਤੀ ਬਹਾਦਰੀ ਦਾ ਜ਼ਿਕਰ ਬੜੇ ਸਤਿਕਾਰ ਨਾਲ          ਦਰਜ ਹੈ 

ਸਿੱਖ ਇਤਿਹਾਸ ਦੇ ਕੁਰਬਾਨੀ ਅਤੇ ਬੀਰਤਾ ਦੇ ਸੁਨਹਿਰੀ ਪੰਨਿਆਂ ’ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਸੂਰਬੀਰ ਜਰਨੈਲ ਸ. ਹਰੀ ਸਿੰਘ ਨਲੂਆ ਦੀ ਅਦੁੱਤੀ ਬਹਾਦਰੀ ਦਾ ਜ਼ਿਕਰ ਬੜੇ ਸਤਿਕਾਰ ਨਾਲ ਦਰਜ ਹੈ । ਉਨ੍ਹਾਂ ਦਾ ਜਨਮ 1791 ਵਿਚ ਗੁਜਰਾਂਵਾਲਾ ਨਿਵਾਸੀ ਸ. ਗੁਰਦਿਆਲ ਸਿੰਘ ਦੇ ਗ੍ਰਹਿ ਵਿਖੇ ਬੀਬੀ ਧਰਮ ਸਿੰਘ ਦੀ ਕੁੱਖ ਤੋਂ ਹੋਇਆ।

ਸਿੱਖ ਇਤਿਹਾਸ ਦੇ ਕੁਰਬਾਨੀ ਅਤੇ ਬੀਰਤਾ ਦੇ ਸੁਨਹਿਰੀ ਪੰਨਿਆਂ ’ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਸੂਰਬੀਰ ਜਰਨੈਲ ਸ. ਹਰੀ ਸਿੰਘ ਨਲੂਆ ਦੀ ਅਦੁੱਤੀ ਬਹਾਦਰੀ ਦਾ ਜ਼ਿਕਰ ਬੜੇ ਸਤਿਕਾਰ ਨਾਲ ਦਰਜ ਹੈ । ਉਨ੍ਹਾਂ ਦਾ ਜਨਮ 1791 ਵਿਚ ਗੁਜਰਾਂਵਾਲਾ ਨਿਵਾਸੀ ਸ. ਗੁਰਦਿਆਲ ਸਿੰਘ ਦੇ ਗ੍ਰਹਿ ਵਿਖੇ ਬੀਬੀ ਧਰਮ ਸਿੰਘ ਦੀ ਕੁੱਖ ਤੋਂ ਹੋਇਆ। ਇਸ ਮਹਾਨ ਜਰਨੈਲ ਦੇ ਦਾਦਾ ਸ. ਹਰਦਾਸ ਸਿੰਘ 1762 ਈਸਵੀ ਵਿਚ ਅਹਿਮਦ ਸ਼ਾਹ ਦੁਰਾਨੀ ਦੀ ਫ਼ੌਜ ਨਾਲ ਹੋਈ ਗਹਿਗੱਚ ਲੜਾਈ ਵਿਚ ਸ਼ਹੀਦੀ ਜਾਮ ਪੀ ਗਏ ਸਨ। ਹਰੀ ਸਿੰਘ ਨਲੂਆ ਨੂੰ ਕੁਰਬਾਨੀ ਅਤੇ ਬਹਾਦਰੀ ਵਰਗੇ ਗੁਣ ਵਿਰਸੇ ’ਚੋਂ ਹੀ ਮਿਲੇ। ਆਪ ਦੇ ਪਿਤਾ ਗੁਰਦਿਆਲ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੇ ਸਰਦਾਰਾਂ ਨਾਲ ਕਈ ਮੁਹਿੰਮਾਂ ਵਿਚ ਆਪਣੀ ਅਣਖ ਤੇ ਦਲੇਰੀ ਵਰਗੇ ਮਹਾਨ ਗੁਣਾਂ ਨੂੰ ਉਜਾਗਰ ਕੀਤਾ ਸੀ। ਸੱਤ ਸਾਲ ਦੀ ਬਾਲੜੀ ਉਮਰ ਵਿਚ ਹੀ ਆਪ ਦੇ ਪਿਤਾ ਜੀ ਚਲਾਣਾ ਕਰ ਗਏ। ਨਾਨਕੇ ਪਰਿਵਾਰ ਵਿਚ ਮਾਮਾ ਜੀ ਕੋਲ ਰਹਿ ਕੇ ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖੇ। ਸ. ਹਰੀ ਸਿੰਘ ਨੂੰ ਘੁੜ-ਸਵਾਰੀ ਤੇ ਸ਼ਸਤਰ ਵਿਦਿਆ ਹਾਸਲ ਕਰਨ ਦੀ ਤਮੰਨਾ ਬਚਪਨ ਤੋਂ ਹੀ ਸੀ। ਜਵਾਨੀ ਵਿਚ ਪੈਰ ਧਰਨ ਤੋਂ ਪਹਿਲਾਂ 15 ਸਾਲ ਦੀ ਉਮਰ ਵਿਚ ਬਿਨਾਂ ਕਿਸੇ ਚੰਗੀ ਸਿਖਲਾਈ ਤੋਂ ਯੁੱਧ ਨੀਤੀ ਵਿਚ ਨਿਪੁੰੰੰੰੰਨਤਾ ਹਾਸਲ ਕਰ ਲਈ। ਸਿੱਖ ਇਤਿਹਾਸ ਦੇ ਪੰਨੇ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਖ਼ਾਲਸਾ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਵਿਸ਼ੇਸ਼ ਦਰਬਾਰ ਲਾ ਕੇ ਹੋਣਹਾਰ ਨੌਜਵਾਨਾਂ ਦੀ ਸਰੀਰਕ ਤਾਕਤ ਪਰਖਣ ਲਈ ਬਹਾਦਰੀ, ਸ਼ਸਤਰ ਵਿਦਿਆ ਅਤੇ ਘੋੜ ਸਵਾਰੀ ਵਿਚ ਸਖ਼ਤ ਮਿਹਨਤ ਕਰਨ ਵਾਲੇ ਨੌਜਵਾਨਾਂ ਦੇੇ ਮੁਕਾਬਲੇ ਕਰਵਾਇਆ ਕਰਦੇ ਸਨ।

1805 ਈ. ਵਿਚ ਲਾਹੌਰ ਦੀ ਧਰਤੀ ’ਤੇ ਹੋਏ ਇਕ ਬਸੰਤ ਦਰਬਾਰ ਵਿਚ ਸ. ਹਰੀ ਸਿੰਘ ਨੂੰ ਵੀ ਆਪਣੀ ਤਾਕਤ ਅਤੇ ਹਥਿਆਰ ਚਲਾਉਣ ਦੀ ਕਲਾ ਦੇ ਕਰਤੱਬ ਦਿਖਾਉਣ ਦਾ ਮੌਕਾ ਮਿਲ ਗਿਆ। ਸ. ਹਰੀ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਛਾਤੀ ਨਾਲ ਲਾ ਕੇ ਬੱਚਿਆਂ ਵਾਂਗ ਪਿਆਰ ਦਿੱਤਾ ਅਤੇ ਬੇਸ਼ਕੀਮਤੀ ਕੈਂਠਾ ਪਹਿਨਾਇਆ। ਨਾਲ ਹੀ 15 ਕੁ ਸਾਲ ਦੀ ਉਮਰ ਵਿਚ ਹੀ ਆਪਣੀ ਨਿੱਜੀ ਫ਼ੌਜ ਵਿਚ ਸ਼ਾਮਿਲ ਕਰ ਲਿਆ। ਇਕ ਵਾਰ ਸ. ਹਰੀ ਸਿੰਘ ਮਹਾਰਾਜੇ ਨਾਲ ਸ਼ੇਰ ਦਾ ਸ਼ਿਕਾਰ ਕਰਨ ਗਿਆ। ਹਰੀ ਸਿੰਘ ਨੇ ਬੜੀ ਫੁਰਤੀ ਨਾਲ ਸ਼ੇਰ ਨੂੰ ਮਾਰ ਮੁਕਾਇਆ। ਮਹਾਰਾਜੇ ਨੇ ਸ. ਹਰੀ ਸਿੰਘ ਦੀ ਬਹਾਦਰੀ ਤੇ ਸੂਰਬੀਰਤਾ ਨੂੰ ਵੇਖ ਕੇ ਉਸ ਨੂੰ ‘ਨਲ’ ਦਾ ਖ਼ਿਤਾਬ ਦਿੱਤਾ ਕਿਉਂਕਿ ਹਿੰਦੁਸਤਾਨ ਦੇ ਇਤਿਹਾਸ ਵਿਚ ਰਾਜਾ ਨਲ ਜਿਸ ਨਿਡਰਤਾ ਨਾਲ ਸ਼ੇਰ ਦਾ ਸ਼ਿਕਾਰ ਕਰਦਾ ਸੀ, ਉਹੋ ਨਿਡਰਤਾ ਹਰੀ ਸਿੰਘ ਨੇ ਵਿਖਾਈ ਸੀ ।  ਇਸ ਘਟਨਾ ਤੋਂ ਪਿਛੋਂ ‘ਨਲ’ ਜਾਂ ਨਲਵਾ ਸ਼ਬਦ ਪੱਕੇ ਤੌਰ ’ਤੇ ਇਸ ਜਰਨੈਲ ਨਾਲ ਜੁੜ ਗਿਆ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨਾਲ ਅਨੇਕ ਯੱੁਧਾਂ ਵਿਚ ਸ. ਹਰੀ ਸਿੰਘ ਨੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ। 1807 ’ਚ ਕਸੂਰ ਦੀ ਲੜਾਈ ਤੇ 1810 ਵਿਚ ਸਿਆਲਕੋਟ ਦੀ ਲੜਾਈ ਵਿਚ ਆਪਣੀ ਯੁੱਧ ਕਲਾ ਵਾਲੀ ਪ੍ਰਪੱਕਤਾ ਦਾ ਸਬੂਤ ਸ. ਹਰੀ ਸਿੰਘ ਨੇ ਪ੍ਰਤੱਖ ਰੂਪ ਵਿਚ ਦਿੱਤਾ। ਇਸੇ ਸਾਲ ਮੁਲਤਾਨ ਨੂੰ ਫ਼ਤਹਿ ਕਰਨ ਸਮੇਂ ਉਸ ਨੂੰ ਗਹਿਰੇ ਜ਼ਖ਼ਮ ਵੀ ਲੱਗੇ। 1815 ਵਿਚ ਪਹਾੜੀ ਇਲਾਕਿਆਂ ਨੂੰ ਫ਼ਤਹਿ ਕਰਨ ਪਿਛੋਂ ਕਸ਼ਮੀਰ ਵਿਚ ਜਿੱਤ ਦਾ ਪਰਚਮ ਲਹਿਰਾਇਆ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸ. ਹਰੀ ਸਿੰਘ ਨਲੂਆ ਨੂੰ ਇਥੋਂ ਦਾ ਗਵਰਨਰ ਨਿਯੁਕਤ ਕੀਤਾ। ਇਸ ਤੋਂ ਬਾਅਦ 1821 ਈ. ਵਿਚ ਹਜ਼ਾਰਾ ਇਲਾਕੇ ਦੇ ਖੂੰ-ਖ਼ਾਰ ਅਫ਼ਗਾਨਾਂ ਨੂੰ ਪੱਕੇ ਤੌਰ ’ਤੇ ਨੇਸ਼ਤੋਂ ਨਾਬੂਦ ਕਰ ਕੇ ਗਵਰਨਰ ਬਣੇ। ਇਸ ਤੋਂ ਬਾਅਦ ਆਪਣੇ ਨਾਂਅ ’ਤੇ ਹਰੀ ਨਗਰ ਵਸਾਇਆ। ਉਨ੍ਹਾਂ ਅਟਕ ਦਰਿਆ ਦੇ ਪਾਰਲੇ ਇਲਾਕੇ ਨੂੰ ਫ਼ਤਹਿ ਕੀਤਾ। 1834 ਈ. ਵਿਚ ਪਿਸ਼ਾਵਰ ਨੂੰ ਜਿੱਤ ਕੇ ਇਥੇ ਵੀ ਸਥਾਈ ਤੌਰ ’ਤੇ ਸਿੱਖ ਰਾਜ ਕਾਇਮ ਕੀਤਾ। ਇਥੋਂ ਦੀ ਗਵਰਨਰ ਦੀ ਡਿਊਟੀ ਸ. ਨਲੂਆ ਨੇ ਹੀ ਨਿਭਾਈ। ਪਿਸ਼ਾਵਰ ਦੇ ਇਰਦ-ਗਿਰਦ ਕੱਟੜ ਸ਼ਰਈ ਪਠਾਣਾਂ ਨੂੰ ਸੋਧ ਕੇ ਈਨ ਮੰਨਣ ਲਈ ਮਜਬੂਰ ਕਰ ਕੀਤਾ। ਸ. ਨਲੂਆ ਦਾ ਡਰ ਪਠਾਣੀਆਂ ਦੇ ਮਨਾਂ ਵਿਚ ਏਨਾ ਘਰ ਗਿਆ ਕਿ ਇਹ ਆਪਣੇ ਬੱਚਿਆਂ ਨੂੰ ‘ਨਲਵਾ ਰਾਂਗਲੇ’ ਭਾਵ ‘ਨਲੂਆ ਆ ਗਿਆ’ ਕਹਿ ਕੇ ਸੁਆਉਂਦੀਆਂ ਸਨ। 1837 ਈ. ਵਿਚ ਮੁਹੰਮਦ ਖਾਨ ਨੇ ਸਿੱਖਾਂ ਦੇ ਵਿਰੁੱਧ ਜਹਾਦ ਛੇੜਿਆ ਅਤੇ ਜਮਰੌਦ ਦੇ ਕਿਲ੍ਹੇ ਉਤੇ ਹਮਲਾ ਕਰ ਦਿੱਤਾ। ਇਸ ਹਮਲੇ ਦੀ ਅਗਵਾਈ ਇਸ ਦਾ ਸਪੁੱਤਰ ਅਰਬਰ ਖਾਨ ਕਰ ਰਿਹਾ ਸੀ। ਸਿੱਖ ਫ਼ੌਜਾਂ ਦੇ ਜਰਨੈਲ ਸ. ਹਰੀ ਸਿੰਘ ਨਲੂਆ ਸਨ। ਇਥੇ ਵੀ ਉਨ੍ਹਾਂ ਆਪਣੀ ਲਾਸਾਨੀ ਯੁੱਧ ਕਲਾ ਨਾਲ ਉਨ੍ਹਾਂ ਅਫ਼ਗਾਨਾਂ ਨੂੰ ਬੁਰੀ ਤਰ੍ਹਾਂ ਸ਼ਿਕਸਤ ਦਿੱਤੀ। ਉਨ੍ਹਾਂ ਅਫ਼ਗਾਨੀਆਂ ਦੀਆਂ 14 ਵੱਡੀਆਂ ਤੋਪਾਂ ਖੋਹ ਲਈਆਂ। ਸ. ਹਰੀ ਸਿੰਘ ਦਾ ਪਿੱਛਾ ਕਰਦਿਆਂ ਇਕ ਪਹਾੜੀ ਗੁਫ਼ਾ ਵਿਚ ਲੁਕੇ ਪਠਾਣਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਗੋਲੀ ਸ. ਹਰੀ ਸਿੰਘ ਦੀ ਛਾਤੀ ਤੇ ਦੂਜੀ ਗੋਲੀ ਵੱਖੀ ਵਿਚ ਲੱਗੀ। ਆਪਣੇ ਆਪ ਨੂੰ ਜ਼ਖ਼ਮੀ ਹਾਲਤ ਵਿਚ ਸੰਭਾਲ ਕੇੇ ਘੋੜਾ ਜਮਰੌਦ ਦੇ ਕਿਲ੍ਹੇ ਵਿਚ ਲੈ ਗਏ। ਅੰਤਿਮ ਸਮਾਂ ਨੇੜੇ ਆਇਆ ਜਾਣ ਕੇ ਕਿਲ੍ਹੇਦਾਰ ਮਹਾਂ ਸਿੰਘ ਨੂੰ ਕਿਹਾ, ‘ਜਦੋਂ ਤੱਕ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਹੀਂ ਪਹੁੰਚ ਜਾਂਦੇ ਤਦ ਤੱਕ ਮੇਰੀ ਸ਼ਹੀਦੀ ਦੀ ਖ਼ਬਰ ਕਿਸੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ।’ ਇਸ ਤਰ੍ਹਾਂ ਇਹ ਮਹਾਨ ਜਰਨੈਲ 30 ਅਪ੍ਰੈਲ, 1837 ਨੂੰ ਸ਼ਹੀਦੀ ਦਾ ਜਾਮ ਪੀ ਗਿਆ। ਇਸ ਅਦੁੱਤੀ ਸੂਰਬੀਰ ਯੋਧੇ ਦੀ ਸ਼ਹਾਦਤ ਸਮੇਂ ਮਹਾਰਾਜੇ ਨੇ ਅੱਥਰੂ ਕੇਰਦਿਆਂ ਕਿਹਾ,‘ਅੱਜ ਮੈਨੂੰ ਸਿੱਖ ਰਾਜ ਦਾ ਥੰਮ੍ਹ ਡਿੱਗਣ ਦਾ ਅਹਿਸਾਸ ਹੋਇਆ ਹੈ।’ ਜਦੋਂ ਹਰੀ ਸਿੰਘ ਨਲੂਆ ਸ਼ਹੀਦ ਹੋਇਆ, ਉਸ ਸਮੇਂ ਉਹ 3 ਲੱਖ 67 ਹਜ਼ਾਰ ਦੀ ਸਾਲਾਨਾ ਆਮਦਨ ਵਾਲੀ ਜਾਗੀਰ ਦਾ ਮਾਲਕ ਸੀ। ਕਲਗੀਧਰ ਪਾਤਸ਼ਾਹ ਦੇ ਸੱਚੇ ਸਿੱਖ, ਇਸ ਮਹਾਨ ਯੋਧੇ ਦੀ ਕੁਰਬਾਨੀ ਦਾ ਜ਼ਿਕਰ ਅੱਜ ਵੀ ਬੜੇ ਮਾਣ ਨਾਲ ਕੀਤਾ ਜਾਂਦਾ ਹੈ। ਅੱਜ ਸ਼ਹਾਦਤ ਦੇ ਦਿਹਾੜੇ ਉਸ ਦੀ ਮਹਾਨ ਸ਼ਹੀਦੀ ਸਾਡਾ ਮਾਰਗ ਦਰਸ਼ਨ ਕਰਦਿਆਂ ਸਮੁੱਚੀ ਕੌਮ ਨੂੰ ਪ੍ਰੇਰਿਤ ਕਰ ਰਹੀ ਹੈ। ਇਸ ਮਹਾਨ ਜਰਨੈਲ ਦੀ ਕੁਰਬਾਨੀ ਨੂੰ ਸਾਡਾ ਪ੍ਰਣਾਮ  ਹਰੀ ਸਿੰਘ ਨਲਵਾ ਅਫ਼ਗਾਨਾਂ ਖ਼ਿਲਾਫ਼ ਲੜੀਆਂ ਗਈਆਂ ਅਨੇਕ ਜੰਗਾਂ ਦਾ ਵੱਡਾ ਜੇਤੂ ਬਣਿਆ ਅਤੇ ਉਸ ਨੇ ਬੜੀ ਦਲੇਰੀ ਅਤੇ ਸੂਝਬੂਝ ਨਾਲ ਦੁਸ਼ਮਣਾਂ ਦੇ ਆਹੂ ਲਾਹ ਸੁੱਟੇ। ਜਰਨੈਲ ਹਰੀ ਸਿੰਘ ਨਲੂਆ ਇੰਨਾ ਦਲੇਰ ਸੀ ਕਿ ਉਸ ਨੇ ਮਹਿਜ਼ 16 ਸਾਲ ਦੀ ਉਮਰ ਵਿਚ ਸੰਨ 1807 ਵਿਚ ਹੋਈ ਕਸੂਰ ਦੀ ਜੰਗ ਦੌਰਾਨ ਅਫਗ਼ਾਨ ਸ਼ਾਸਕ ਕੁਤਬ-ਉਦ-ਦੀਨ ਖ਼ਾਨ ਨੂੰ ਹਾਰ ਦਾ ਮਜ਼ਾ ਚਖਾ ਦਿੱਤਾ। ਨਲੂਆ ਦੀ ਦਲੇਰੀ ਕਾਰਨ ਹੀ ਅਫ਼ਗਾਨੀ ਉਸ ਦਾ ਖ਼ੌਫ਼ ਖਾਂਦੇ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments