ਅਦਾਲਤ ਨੇ ਹਤਿਆਰੇ ਪਤੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
ਕਾਦੀਆਂ ਨੇੜਲੇ ਪਿੰਡ ਜੋਗੀ ਚੀਮਾ (Village Jogi Cheema) ਦੇ ਵਸਨੀਕ ਤਰਲੋਕ ਚੰਦ ਦੀ ਪੁੱਤਰੀ ਮਹਿਕ ਸ਼ਰਮਾ (19) ਦੀ 29 ਅਕਤੂਬਰ 2023 ਨੂੰ ਲੰਡਨ ‘ਚ ਉਸ ਦੇ ਪਤੀ ਸਾਹਿਲ ਸ਼ਰਮਾ (24) ਅਤੇ ਪੁੱਤਰ ਲਲਿਤ ਕੁਮਾਰ ਨੇ ਹੱਤਿਆ ਕਰ ਦਿੱਤੀ ਸੀ। ਇਸ ਸਬੰਧੀ ਕਿੰਗਸਟਨ ਕਰਾਊਨ ਕੋਰਟ ਲੰਡਨ ਨੇ ਮਹਿਕ ਸ਼ਰਮਾ ਦੇ ਪਤੀ ਸਾਹਿਲ ਸ਼ਰਮਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਮਹਿਕ ਸ਼ਰਮਾ ਦੇ ਕਤਲ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ਦੇ ਵਕੀਲ ਜੂਲੀਅਨ ਈਵਨ ਨੇ ਅਦਾਲਤ ਨੂੰ ਦੱਸਿਆ ਕਿ ਸਾਹਿਲ ਸ਼ਰਮਾ ਵਿਆਹ ਦੇ ਸ਼ੁਰੂ ਤੋਂ ਹੀ ਆਪਣੀ ਪਤਨੀ ਮਹਿਕ ਸ਼ਰਮਾ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਪਰੇਸ਼ਾਨ ਕਰ ਰਿਹਾ ਸੀ। ਸ਼ੱਕ ਦੇ ਚੱਲਦਿਆਂ ਉਸ ਨੇ ਲੰਡਨ ਦੇ ਕ੍ਰੌਇਡਨ ‘ਚ ਆਪਣੀ ਪਤਨੀ ਮਹਿਕ ਸ਼ਰਮਾ ਦੀ ਗਰਦਨ ‘ਤੇ ਕਈ ਵਾਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਸਾਹਿਲ ਆਪਣੀ ਸਫ਼ਾਈ ਵਿਚ ਆਪਣੀ ਪਤਨੀ ਦੇ ਚਰਿੱਤਰ ਨੂੰ ਲੈ ਕੇ ਲਗਾਏ ਗਏ ਦੋਸ਼ਾਂ ਨੂੰ ਅਦਾਲਤ ‘ਚ ਸਾਬਤ ਨਹੀਂ ਕਰ ਸਕਿਆ ਅਤੇ ਅਦਾਲਤ ਨੇ ਵੀ ਸਾਹਿਲ ਵਲੋਂ ਮਹਿਕ ਦੇ ਚਰਿੱਤਰ ਸਬੰਧੀ ਲਗਾਏ ਗਏ ਦੋਸ਼ਾਂ ਨੂੰ ਰੱਦ ਕਰ ਦਿੱਤਾ ਤੇ ਉਸ ਨੂੰ ਨਿਰਦੋਸ਼ ਦੱਸਿਆ। ਕਿੰਗਸਟਨ ਕ੍ਰਾਊਨ ਕੋਰਟ ਦੀ ਜੱਜ ਸਾਰਾਹ ਪਲਾਸਕਾ ਨੇ 14 ਸਾਲ 187 ਦਿਨ ਦੀ ਸਜ਼ਾ ਸੁਣਾਈ। ਅਦਾਲਤ ਨੇ ਕਿਹਾ ਹੈ ਕਿ ਸਾਹਿਲ ਨੂੰ ਕਦੇ ਵੀ ਪੈਰੋਲ ਨਹੀਂ ਦਿੱਤੀ ਜਾਵੇਗੀ। ਉਸ ਨੂੰ ਲਾਇਸੈਂਸ ‘ਤੇ ਆਪਣੀ ਜ਼ਿੰਦਗੀ ਬਤੀਤ ਕਰਨੀ ਪਵੇਗੀ।