ਆਟੋ ਤੋਂ ਉਤਰਨ ਸਮੇਂ ਟਰੱਕ ਨੇ ਮਾਰੀ ਟੱਕਰ
ਲੁਧਿਆਣਾ-ਦਿੱਲੀ ਹਾਈਵੇ ‘ਤੇ ਕੰਗਣਵਾਲ ਲਾਗੇ ਭਿਆਨਕ ਹਾਦਸੇ ਦੌਰਾਨ 12ਵੀਂ ਦੀ ਵਿਦਿਆਰਥਨ ਦੀ ਮੌਤ ਹੋ ਗਈl ਹਾਦਸਾ ਉਸ ਵੇਲੇ ਵਾਪਰਿਆ ਜਦੋਂ ਲੜਕੀ ਸਕੂਲ ਤੋਂ ਵਾਪਸ ਆਉਂਦੇ ਸਮੇਂ ਆਟੋ ਤੋਂ ਉਤਰ ਰਹੀ ਸੀl ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਲੜਕੀ ਦੇ ਪਿਤਾ ਰਾਧੇ ਸ਼ਾਮ ਬਨਰਾ ਦੀ ਸ਼ਿਕਾਇਤ ‘ਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਰਾਧੇ ਸ਼ਾਮ ਨੇ ਦੱਸਿਆ ਕਿ ਉਸ ਦੀ ਬੇਟੀ ਖੁਸ਼ੀ ਕੁਮਾਰੀ(16) ਨੇ ਕੁਝ ਦਿਨ ਪਹਿਲੋਂ ਹੀ ਬਾਰਵੀਂ ਜਮਾਤ ਵਿੱਚ ਐਡਮਿਸ਼ਨ ਲਈ ਸੀ l ਲੜਕੀ ਆਟੋ ਵਿੱਚ ਸਵਾਰ ਹੋ ਕੇ ਸਕੂਲ ਤੋਂ ਘਰ ਵਾਪਸ ਪਰਤ ਰਹੀ ਸੀ। ਜਿਵੇਂ ਹੀ ਉਹ ਲੁਧਿਆਣਾ ਦਿੱਲੀ ਹਾਈਵੇ ਤੇ ਕੰਗਣਵਾਲ ਦੇ ਲਾਗੇ ਪਹੁੰਚੀ ਤਾਂ ਉਹ ਘਰ ਜਾਣ ਲਈ ਆਟੋ ਚੋਂ ਉਤਰ ਗਈl ਇਸੇ ਦੌਰਾਨ ਦਿੱਲੀ ਵਾਲੀ ਸਾਈਡ ਤੋਂ ਆ ਰਹੇ ਇੱਕ ਤੇਜ਼ ਰਫਤਾਰ ਵਾਹਨ ਨੇ ਖੁਸ਼ੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀl ਲੜਕੀ ਨੂੰ ਹਸਪਤਾਲ ਲਿਜਾਣ ਦੀ ਬਜਾਏ ਵਾਹਨ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਗੰਭੀਰ ਹਾਲਤ ਵਿੱਚ ਫੱਟੜ ਹੋਈ ਖੁਸ਼ੀ ਨੂੰ ਐਸਪੀਐਸ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਹਾਲਤ ਜਿਆਦਾ ਗੰਭੀਰ ਹੋਣ ਤੋਂ ਬਾਅਦ ਲੜਕੀ ਨੇ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ l ਉਧਰੋਂ ਇਸ ਮਾਮਲੇ ਵਿੱਚ ਥਾਣਾ ਸਾਨੇਵਾਲ ਦੇ ਏਐਸਆਈ ਰਾਮ ਮੂਰਤੀ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਰਾਧੇ ਸ਼ਾਮ ਦੀ ਸ਼ਿਕਾਇਤ ਤੇ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ ਮੁਕਦਮਾ ਦਰਜ ਕਰਕੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਮੁਲਜਮ ਨੂੰ ਜਲਦੀ ਹੀ ਗਿਰਫਤਾਰ ਕਰ ਲਿਆ ਜਾਵੇਗਾ l