ਦਹਾਕਿਆਂ ਬਾਅਦ ਸਥਾਨਕ ਉਮੀਦਵਾਰਾਂ ਵਿਚਾਲੇ ਮੁਕਾਬਲਾ
ਲੋਕ ਸਭਾ ਹਲਕਾ ਗੁਰਦਾਸਪੁਰ ਲਈ ਕਾਂਗਰਸ ਉਮੀਦਵਾਰ ਦੀ ਲੰਬੀ ਉਡੀਕ ਖ਼ਤਮ ਹੋਣ ਪਿੱਛੋਂ ਚੋਣ ਮੈਦਾਨ ਲਈ ਸਾਰੀਆਂ ਪਾਰਟੀਆਂ ਦੇ ਸਿਪਾਹਸਲਾਰ ਤੈਅ ਹੋ ਗਏ ਹਨ। ਕਾਂਗਰਸ ਹਾਈ ਕਮਾਂਡ ਨੇ ਆਖ਼ਰਕਾਰ ਆਪਣੇ ਉਮੀਦਵਾਰ ਵਜੋਂ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉੱਪਰ ਦਾਅ ਖੇਡਿਆ ਹੈ। ਇਸ ਸੀਟ ਤੋਂ ਸਭ ਤੋਂ ਪਹਿਲਾਂ ਭਾਜਪਾ ਨੇ ਦਿਨੇਸ਼ ਬੱਬੂ ਨੂੰ ਆਪਣਾ ਉਮੀਦਵਾਰ ਐਲਾਨ ਕੇ ਪਹਿਲਕਦਮੀ ਕੀਤੀ ਸੀ। ਉਪਰੰਤ ਸ਼੍ਰੋਮਣੀ ਅਕਾਲੀ ਦਲ ਨੇ 28 ਸਾਲਾਂ ਦੇ ਲੰਬੇ ਅਰਸੇ ਪਿੱਛੋਂ ਗੁਰਦਾਸਪੁਰ ਹਲਕੇ ਤੋਂ ਆਪਣੇ ਵੱਡੇ ਚਿਹਰੇ ਡਾ. ਦਲਜੀਤ ਚੀਮਾ ਨੂੰ ਉਮੀਦਵਾਰ ਐਲਾਨਿਆ। ਪੰਜਾਬ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਬਟਾਲਾ ਹਲਕੇ ਤੋਂ ਮੌਜੂਦਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਟਿਕਟ ਦੇ ਕੇ ਵੱਡੀ ਜ਼ਿੰਮੇਵਾਰੀ ਸੌਂਪੀ। ਬਹੁਜਨ ਸਮਾਜ ਪਾਰਟੀ ਵੱਲੋਂ ਵੀ ਰਾਜ ਕੁਮਾਰ ਜਨੋਤਰਾ ਨੂੰ ਉਤਾਰਿਆ ਗਿਆ ਹੈ। ਸਭ ਤੋਂ ਅਖੀਰ ਵਿਚ ਅੱਜ ਕਾਂਗਰਸ ਪਾਰਟੀ ਨੇ ਰੰਧਾਵਾ ਨੂੰ ਆਪਣਾ ਉਮੀਦਵਾਰ ਐਲਾਨਿਆ। ਇਸ ਵਾਰ ਖਾਸ ਗੱਲ ਇਹ ਰਹੀ ਕਿ ਸਾਰੀਆਂ ਹੀ ਪਾਰਟੀਆਂ ਨੇ ਸਥਾਨਕ ਆਗੂਆਂ ਨੂੰ ਹੀ ਚੋਣ ਮੈਦਾਨ ਵਿਚ ਉਤਾਰਿਆ ਹੈ ਜਦੋਂ ਕਿ ਪਿਛਲੇ 26 ਸਾਲਾਂ ਤੋਂ ਬਾਹਰੀ ਅਤੇ ਸਟਾਰ ਚਿਹਰਿਆਂ ਦੇ ਚੋਣ ਮੈਦਾਨ ਵਿਚ ਹੋਣ ਕਾਰਨ ਗੁਰਦਾਸਪੁਰ ਸੀਟ ਹਾਟ ਸੀਟ ਵਜੋਂ ਜਾਣੀ ਜਾਂਦੀ ਰਹੀ। ਭਾਜਪਾ ਦੇ ਦਿਨੇਸ਼ ਬੱਬੂ ਸੁਜਾਨਪੁਰ ਵਿਧਾਨ ਸਭਾ ਹਲਕੇ ਨਾਲ ਸਬੰਧਤ ਹਨ। ਡਾ. ਚੀਮਾ ਦਾ ਜ਼ਿਆਦਾਤਰ ਸਿਆਸੀ ਕਰੀਅਰ ਬੇਸ਼ੱਕ ਹੋਰਨਾਂ ਜ਼ਿਲ੍ਹਿਆਂ ਵਿਚ ਰਿਹਾ ਪਰ ਉਹ ਜ਼ਿਲ੍ਹਾ ਗੁਰਦਾਸਪੁਰ ਦੇ ਹੀ ਸ਼੍ਰੀ ਹਰਗੋਬਿੰਦਪੁਰ ਦੇ ਹੀ ਜੰਮਪਲ ਹਨ। ਸ਼ੈਰੀ ਕਲਸੀ ਬਟਾਲਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਦੇ ਮੌਜੂਦਾ ਵਿਧਾਇਕ ਹਨ।