ਲੋਕ ਸਭਾ ਹਲਕਾ ਲੁਧਿਆਣਾ ਤੋਂ ਐਤਕੀਂ ਕੋਟਲੀ ਪਰਿਵਾਰ ’ਚ ਸਿੱਧੇ ਤੌਰ ’ਤੇ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਭਾਜਪਾ ਵੱਲੋਂ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਬਿੱਟੂ ਨੂੰ ਟਿਕਟ ਦਿੱਤੀ ਗਈ।
ਲੋਕ ਸਭਾ ਹਲਕਾ ਲੁਧਿਆਣਾ ਤੋਂ ਐਤਕੀਂ ਕੋਟਲੀ ਪਰਿਵਾਰ ’ਚ ਸਿੱਧੇ ਤੌਰ ’ਤੇ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਭਾਜਪਾ ਵੱਲੋਂ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਬਿੱਟੂ ਨੂੰ ਟਿਕਟ ਦਿੱਤੀ ਗਈ। ਬਿੱਟੂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਕੁਝ ਦਿਨ ਪਹਿਲਾਂ ਹੀ ਭਾਜਪਾ ’ਚ ਸ਼ਮੂਲੀਅਤ ਕੀਤੀ ਗਈ ਸੀ। ਬਿੱਟੂ ਦੇ ਝਟਕੇ ਤੋਂ ਬਚਣ ਲਈ ਕਾਂਗਰਸ ਪਾਰਟੀ ਵੱਲੋਂ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਦੂਜੇ ਪੋਤਰੇ ਗੁਰਕੀਰਤ ਕੋਟਲੀ ਨੂੰ ਬਿੱਟੂ ਦੇ ਮੁਕਾਬਲੇ ਚੋਣ ਮੈਦਾਨ ’ਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕੋਟਲੀ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੇ ਜਾਣ ਦੀ ਚਰਚਾ ਚੱਲ ਰਹੀ ਹੈ।
ਦੱਸਣਯੋਗ ਹੈ ਕਿ ਲੁਧਿਆਣਾ ’ਚ ਸਾਬਕਾ ਵਿਧਾਇਕ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਲੋਕ ਸਭਾ ਟਿਕਟ ਦੇ ਦਾਅਵੇਦਾਰ ਮੰਨੇ ਜਾ ਰਹੇ ਹਨ ਪਰ ਕਾਂਗਰਸ ਪਾਰਟੀ ਵੀ ਬੇਅੰਤ ਸਿੰਘ ਦੇ ਨਾਂਅ ’ਤੇ ਸਿਆਸੀ ਮੈਦਾਨ ’ਚ ਖੇਡਣ ਦੀ ਤਿਆਰੀ ਕਰ ਸਕਦੀ ਹੈ ਕਿਉਂਕਿ ਭਾਜਪਾ ਵੱਲੋਂ ਵੀ ਬੇਅੰਤ ਸਿੰਘ ਦੇ ਪਰਿਵਾਰ ਨੂੰ ਇਸੇ ਕਰਕੇ ਟਿਕਟ ਦਿੱਤੀ ਗਈ ਹੈ। ਗੁਰਕੀਰਤ ਕੋਟਲੀ ਖੰਨਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਤੇ ਪਿਛਲੀ ਚੰਨੀ ਦੀ ਸਰਕਾਰ ’ਚ ਕੈਬਨਿਟ ਮੰਤਰੀ ਵੀ ਰਹੇ ਹਨ। ਭਾਵੇਂ 2022 ਦੀਆਂ ਚੋਣਾਂ ’ਚ ਗੁਰਕੀਰਤ ਕੋਟਲੀ ਦੀ ਜ਼ਮਾਨਤ ਜਬਤ ਹੋ ਗਈ ਸੀ ਤੇ ਉਹ ਤੀਜੇ ਨੰਬਰ ’ਤੇ ਰਹੇ ਸਨ ਪਰ ਲੋਕ ਸਭਾ ਚੋਣਾਂ ਲਈ ਉਨ੍ਹਾਂ ਦੇ ਨਾਂਅ ਦੀ ਚਰਚਾ ਜ਼ੋਰਾਂ ’ਤੇ ਹੈ। ਜੇਕਰ ਕਾਂਗਰਸ ਹਾਈਕਮਾਂਡ ਕੋਟਲੀ ਨੂੰ ਲੋਕ ਸਭਾ ਲਈ ਉਮੀਦਵਾਰ ਬਣਾਉਂਦੀ ਹੈ ਤਾਂ ਸ਼ਹਿਰ ਦੀ ਸਿਆਸਤ ਦੇ ਸਮੀਕਰਨ ਬਦਲ ਜਾਣਗੇ। ਲੋਕ ਕੋਟਲੀ ਪਰਿਵਾਰ ’ਚੋਂ ਇੱਕ ਭਰਾ ਨੂੰ ਦੂਜੇ ਭਰਾ ਵਿਰੁੱਧ ਚੋਣ ਲੜਦੇ ਦੇਖਣਗੇ।