ਵਿਜੇ ਸਾਂਪਲਾ ਦੇ ਸਮੱਰਥਕਾਂ ਨੂੰ ਪਤਾ ਲੱਗਾ ਕਿ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਣੀ ਅਤੇ ਸੁਨੀਲ ਜਾਖੜ ਵਿਜੇ ਸਾਂਪਲਾ ਦੇ ਘਰ ਆਏ ਹੋਏ ਹਨ ਤਾਂ ਪਾਰਟੀ ਵਰਕਰ ਅਤੇ ਸਾਂਪਲਾ ਸਮਰਥਕ ਉੱਥੇ ਵੱਡੀ ਗਿਣਤੀ ਵਿਚ ਇੱਕਠੇ ਹੋ ਗਏ…
ਟਿਕਟ ਨਾ ਮਿਲਣ ਤੋਂ ਨਾਰਾਜ਼ ਚੱਲ ਰਹੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਦੀ ਅਜੇ ਵੀ ਪਾਰਟੀ ਨਾਲ ਨਾਰਾਜ਼ਗੀ ਜਾਰੀ ਹੈ। ਅੱਜ ਹਫ਼ਤੇ ਵਿਚ ਦੂਜੀ ਵਾਰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਨੀ ਵਿਸ਼ੇਸ਼ ਤੌਰ ’ਤੇ ਵਿਜੇ ਸਾਂਪਲਾ ਦੇ ਘਰ ਪਹੁੰਚੇ।
ਟਿਕਟ ਨਾ ਮਿਲਣ ਤੋਂ ਦੁਖੀ ਅਤੇ ਨਾਰਾਜ਼ ਵਿਜੇ ਸਾਂਪਲਾ ਨੂੰ ਹਾਈ ਕਮਾਂਡ ਬੇਸ਼ਕ ਨਾਲ ਤੁਰਨ ਦੇ ਦਾਅਵੇ ਕਰ ਰਹੀ ਹੈ ਪ੍ਰੰਤੂ ਕਈ ਦਿਨਾਂ ਬਾਅਦ ਆਪਣੀ ਚੁੱਪੀ ਤੋੜਦੇ ਹੋਏ ਸਾਂਪਲਾ ਨੇ ਆਪਣੀ ਹੀ ਪਾਰਟੀ ਦੀਆਂ ਨੀਤੀਆਂ ਅਤੇ ਉਨ੍ਹਾਂ ਪ੍ਰਤੀ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਰੱਜ ਕੇ ਭੜਾਸ ਕੱਢੀ।
ਮੀਡੀਆ ਦੇ ਮੁਖ਼ਾਤਿਬ ਹੁੰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਉਨ੍ਹਾਂ ਕੋਲੋਂ ਅਸਤੀਫ਼ਾ ਲੈ ਕੇ ਸੰਗਠਨ ਲਈ ਕੰਮ ਕਰਨ ਦਾ ਹੁਕਮ ਦਿੱਤਾ ਤਾਂ ਉਹ ਸਭ ਕੁਝ ਛੱਡ ਕੇ ਪਾਰਟੀ ਲਈ ਕੰਮ ਕਰਨ ਲੱਗ ਪਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਉਨ੍ਹਾਂ ਨਾਲ ਕੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਹੀ ਬਣਾਏ ਨਿਯਮਾਂ ਨੂੰ ਤੋੜ ਕੇ ਪਰਿਵਾਰਵਾਦ ਨੂੰ ਤਵੱਜੋਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਰਾਜਸੀ ਜੀਵਨ ਸਾਫ਼-ਸੁਥਰਾ ਹੈ ਪ੍ਰੰਤੂ ਪਾਰਟੀ ਦੇ ਹੀ ਅੰਦਰਲੇ ਵਿਰੋਧੀਆਂ ਵੱਲੋਂ ਉਨ੍ਹਾਂ ਵਿਰੁੱਧ ਜੰਮ ਕੇ ਕੂੜ ਪ੍ਰਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ’ਤੇ ਕੋਈ ਦੋਸ਼ ਹੈ ਤਾਂ ਉਨ੍ਹਾਂ ’ਤੇ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ ਜਿਹੜੇ ਲੋਕ ਉਨ੍ਹਾਂ ਵਿਰੁੱਧ ਝੂਠਾ ਕੂੜ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਟਕਸਾਲੀ ਭਾਜਪਾ ਵਰਕਰ ਵਾਂਗ ਕੰਮ ਕਰ ਰਹੇ ਹਨ ਪ੍ਰੰਤੂ ਕੁਝ ਲੋਕ ਪਾਰਟੀ ਦੇ ਅੰਦਰ ਰਹਿ ਕੇ ਪਾਰਟੀ ਨਾਲ ਧੋਖਾ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪਾਰਟੀ ਨਹੀਂ ਛੱਡ ਰਹੇ, ਸਿਰਫ਼ ਉਨ੍ਹਾਂ ਨੇ ਹਾਈ ਕਮਾਂਡ ਤੋਂ ਸਫ਼ਾਈ ਮੰਗੀ ਹੈ ਕਿ ਪਾਰਟੀ ਵਿਚ ਉਨ੍ਹਾਂ ਦੀ ਕੀ ਥਾਂ ਹੈ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਵਾਲਿਆਂ ਵਿਰੁੱਧ ਕੀ ਕਾਰਵਾਈ ਕੀਤੀ ਜਾਵੇਗੀ। ਸਾਂਪਲਾ ਨੇ ਕਿਹਾ ਕਿ ਉਨ੍ਹਾਂ ਹਾਈ ਕਮਾਂਡ ਅੱਗੇ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ ਅਤੇ ਜਦੋਂ ਤੱਕ ਉਨ੍ਹਾਂ ਦੇ ਸਵਾਲਾਂ ਦਾ ਉੱਤਰ ਨਹੀਂ ਮਿਲ ਜਾਂਦਾ, ਉਹ ਚੋਣ ਪ੍ਰਚਾਰ ਵਿਚ ਨਹੀਂ ਜਾਣਗੇ।
ਇਸ ਤੋਂ ਪਹਿਲਾਂ ਉਨ੍ਹਾਂ ਨੂੰ ਮਨਾਉਣ ਆਏ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਨੀ ਨੇ ਕਿਹਾ ਕਿ ਵਿਜੇ ਸਾਂਪਲਾ ਪਾਰਟੀ ਦੇ ਪੁਰਾਣੇ ਆਗੂ ਹਨ। ਉਨ੍ਹਾਂ ਕਿਹਾ ਕਿ ਸਾਂਪਲਾ ਨੂੰ ਕੋਈ ਵੀ ਨਾਰਾਜ਼ਗੀ ਨਹੀਂ ਹੈ ਅਤੇ ਉਹ ਜਲਦ ਹੀ ਪੰਜਾਬ ਵਿਚ ਭਾਜਪਾ ਦੇ ਪ੍ਰਚਾਰ ਲਈ ਡਟ ਜਾਣਗੇ। ਉਨ੍ਹਾਂ ਕਿਹਾ ਕਿ ਸਾਂਪਲਾ ਪਾਰਟੀ ਦਾ ਕੋਈ ਨੁਕਸਾਨ ਨਹੀਂ ਕਰਨਗੇ।
ਜਿਉਂ ਵਿਜੇ ਸਾਂਪਲਾ ਦੇ ਸਮੱਰਥਕਾਂ ਨੂੰ ਪਤਾ ਲੱਗਾ ਕਿ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਣੀ ਅਤੇ ਸੁਨੀਲ ਜਾਖੜ ਵਿਜੇ ਸਾਂਪਲਾ ਦੇ ਘਰ ਆਏ ਹੋਏ ਹਨ ਤਾਂ ਪਾਰਟੀ ਵਰਕਰ ਅਤੇ ਸਾਂਪਲਾ ਸਮਰਥਕ ਉੱਥੇ ਵੱਡੀ ਗਿਣਤੀ ਵਿਚ ਇੱਕਠੇ ਹੋ ਗਏ। ਸਾਂਪਲਾ ਦੀ ਟਿੱਕਟ ਕੱਟੇ ਜਾਣ ’ਤੇ ਉਨ੍ਹਾਂ ਭਾਜਪਾ ਹਾਈ ਕਮਾਂਡ ਦੀ ਆਈ ਟੀਮ ਨੂੰ ਖਰੀਆਂ-ਖਰੀਆਂ ਸੁਣਾਈਆਂ ਅਤੇ ਹੁਸ਼ਿਆਰਪੁਰ ਭਾਜਪਾ ਵਿਚ ਧੜੇਬੰਦੀ ਪੈਦਾ ਕਰਨ ਵਾਲੇ ਆਗੂਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਜੰਮ ਕੇ ਭੜਾਸ ਕੱਢੀ। ਇਸ ਮੌਕੇ ਸ਼ਿਵੁ ਓਹਰੀ ਯੂਥ ਪ੍ਰਧਾਨ ਭਾਜਪਾ, ਐਡਵੋਕੇਟ ਦਿਲਬਾਗ ਸਿੰਘ, ਅਸ਼ਵਨੀ ਓਹਰੀ, ਸਾਹਿਲ ਸਾਂਪਲਾ ਅਤੇ ਹੋਰ ਵਰਕਰਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।