2009 ‘ਚ ਲੋਕ ਸਭਾ ਹਲਕਾ ਜਲੰਧਰ ਐੱਸਸੀ ਲਈ ਰਾਖਵਾਂ ਹੋਣ ਕਰਕੇ ਕਾਂਗਰਸ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਇਆ ਅਤੇ ਉਨ੍ਹਾਂ ਨੇ ਇਸ ਚੋਣ ‘ਚ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਹੰਸ ਰਾਜ ਹੰਸ ਨੂੰ ਵੱਡੇ ਫਰਕ ਨਾਲ ਹਰਾਇਆ ਸੀ। 2012 ‘ਚ ਕੇਪੀ ਆਪ ਲੋਕ ਸਭਾ ਮੈਂਬਰ ਹੋਣ ਕਰਕੇ ਉਨ੍ਹਾਂ ਨੇ ਆਪਣੀ ਪਤਨੀ ਸੁਮਨ ਕੇਪੀ ਨੂੰ ਜਲੰਧਰ ਵੈਸਟ ਹਲਕੇ ਤੋਂ ਚੋਣ ਲੜਾਈ ਸੀ ਪਰ ਉਹ ਅਕਾਲੀ-ਭਾਜਪਾ ਦੇ ਉਮੀਦਵਾਰ ਚੂਨੀ ਲਾਲ ਭਗਤ ਤੋਂ ਹਾਰ ਗਈ।
ਕਾਂਗਰਸ ਛੱਡ ਕੇ ਸ਼ੋ੍ਮਣੀ ਅਕਾਲੀ ਦਲ ‘ਚ ਸ਼ਾਮਲ ਹੋਏ ਮੋਹਿੰਦਰ ਸਿੰਘ ਕੇਪੀ (Mohinder Singh Kapyee) ਕਾਂਗਰਸ ਦੀ ਟਿਕਟ ‘ਤੇ ਤਿੰਨ ਵਾਰ ਵਿਧਾਇਕ ਤੇ ਇਕ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਇਸ ਦੌਰਾਨ ਉਹ ਦੋ ਵਾਰ ਕੈਬਨਿਟ ਮੰਤਰੀ ਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਵੀ ਰਹਿ ਚੁੱਕੇ ਹਨ। ਕੇਪੀ ਨੇ ਜਿੱਥੇ ਤਿੰਨ ਵਾਰ ਵਿਧਾਇਕ ਤੇ ਇਕ ਵਾਰ ਐੱਮਪੀ ਦੀ ਚੋਣ ਜਿੱਤੀ, ਉਥੇ ਹੀ ਤਿੰਨ ਵਾਰ ਵਿਧਾਇਕ ਦੀ ਚੋਣ ਅਤੇ ਇਕ ਵਾਰ ਐੱਮਪੀ ਦੀ ਚੋਣ ਹਾਰੇ ਹਨ। ਹਾਲਾਂਕਿ ਵਾਰ ਉਨ੍ਹਾਂ ਦੀ ਪਤਨੀ ਵੀ ਚੋਣ ਹਾਰੀ ਸੀ। ਉਹ ਦੋਆਬੇ ਦੇ ਟਕਸਾਲੀ ਕਾਂਗਰਸੀ ਕੇਪੀ ਪਰਿਵਾਰ ਨਾਲ ਸਬੰਧਤ ਰੱਖਦੇ ਹਨ। ਉਨ੍ਹਾਂ ਦੇ ਪਿਤਾ ਮਰਹੂਮ ਦਰਸ਼ਨ ਸਿੰਘ ਕੇਪੀ ਪੰਜ ਵਾਰ ਵਿਧਾਇਕ ਚੁਣੇ ਗਏ ਸਨ। ਉਹ ਪੰਜਾਬ ਸਰਕਾਰ ‘ਚ ਮੰਤਰੀ ਵੀ ਰਹੇ ਸਨ।
ਮੋਹਿੰਦਰ ਸਿੰਘ ਕੇਪੀ ਦਾ ਜਨਮ 7 ਨਵੰਬਰ 1956 ਨੂੰ ਪਿਤਾ ਦਰਸ਼ਨ ਸਿੰਘ ਕੇਪੀ ਤੇ ਮਾਤਾ ਕਰਨ ਕੌਰ ਦੇ ਘਰ ਹੋਇਆ ਸੀ। ਉਨ੍ਹਾਂ ਨੇ ਬੀਏ, ਐੱਲਐੱਲਬੀ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹਾਸਲ ਕੀਤੀ। ਉਨ੍ਹਾਂ ਦੇ ਪਿਤਾ ਦਰਸ਼ਨ ਕੇਪੀ ਦੀ ਅੱਤਵਾਦੀਆਂ ਵਲੋਂ 1992 ‘ਚ ਹੱਤਿਆ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਦੀ ਸਿਆਸੀ ਵਿਰਾਸਤ ਸੰਭਾਲੀ। ਕੇਪੀ ਨੇ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ 1985 ‘ਚ ਜਲੰਧਰ ਦੱਖਣੀ (ਰਾਖਵਾਂ) ਹਲਕੇ ਤੋਂ ਲੜੀ ਸੀ ਜਦੋਂਕਿ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਕੇਪੀ ਦੀ ਬਜਾਏ ਨੌਜਵਾਨ ਹੋਣ ਨਾਤੇ ਉਨ੍ਹਾਂ ਨੂੰ ਟਿਕਟ ਦਿੱਤੀ ਸੀ। ਦੂਜੀ ਵਾਰ 1992 ‘ਚ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਜਲੰਧਰ ਦੱਖਣੀ (ਰਾਖਵਾਂ) ਹਲਕੇ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ ਸੀ। 1997 ਦੀਆ ਵਿਧਾਨ ਸਭਾ ਚੋਣਾਂ ਦੌਰਾਨ ਉਹ ਜਲੰਧਰ ਦੱਖਣੀ (ਰਾਖਵਾਂ) ਹਲਕੇ ਤੋਂ ਹੀ ਭਾਜਪਾ ਦੇ ਚੂਨੀ ਲਾਲ ਭਗਤ ਤੋਂ 6134 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ। ਹਾਲਾਂਕਿ 2002 ‘ਚ ਹੋਈਆ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਇਸੇ ਹਲਕੇ ਤੋਂ ਚੋਣ ਲੜੀ ਤੇ ਜਿੱਤ ਦਰਜ ਕੀਤੀ। 2007 ਦੀਆ ਚੋਣਾਂ ਦੌਰਾਨ ਉਹ ਫਿਰ ਆਪਣੇ ਵਿਰੋਧੀ ਭਾਜਪਾ ਦੇ ਉਮੀਦਵਾਰ ਚੂਨੀ ਲਾਲ ਭਗਤ ਤੋਂ ਹਾਰ ਗਏ ਸਨ।
2009 ‘ਚ ਲੋਕ ਸਭਾ ਹਲਕਾ ਜਲੰਧਰ ਐੱਸਸੀ ਲਈ ਰਾਖਵਾਂ ਹੋਣ ਕਰਕੇ ਕਾਂਗਰਸ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਇਆ ਅਤੇ ਉਨ੍ਹਾਂ ਨੇ ਇਸ ਚੋਣ ‘ਚ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਹੰਸ ਰਾਜ ਹੰਸ ਨੂੰ ਵੱਡੇ ਫਰਕ ਨਾਲ ਹਰਾਇਆ ਸੀ। 2012 ‘ਚ ਕੇਪੀ ਆਪ ਲੋਕ ਸਭਾ ਮੈਂਬਰ ਹੋਣ ਕਰਕੇ ਉਨ੍ਹਾਂ ਨੇ ਆਪਣੀ ਪਤਨੀ ਸੁਮਨ ਕੇਪੀ ਨੂੰ ਜਲੰਧਰ ਵੈਸਟ ਹਲਕੇ ਤੋਂ ਚੋਣ ਲੜਾਈ ਸੀ ਪਰ ਉਹ ਅਕਾਲੀ-ਭਾਜਪਾ ਦੇ ਉਮੀਦਵਾਰ ਚੂਨੀ ਲਾਲ ਭਗਤ ਤੋਂ ਹਾਰ ਗਈ। 2014 ਦੀਆ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਉਨ੍ਹਾਂ ਜਲੰਧਰ ਦੀ ਬਜਾਏ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਸੀ ਪਰ ਉਹ ਅਕਾਲੀ-ਭਾਜਪਾ ਦੇ ਉਮੀਦਵਾਰ ਵਿਜੇ ਕੁਮਾਰ ਸਾਂਪਲਾ ਤੋਂ ਹਾਰ ਗਏ। 2017 ‘ਚ ਹੋਈਆ ਵਿਧਾਨ ਸਭਾ ਚੋਣਾਂ ਚੋਣਾਂ ਦੌਰਾਨ ਪਾਰਟੀ ਨੇ ਉਨ੍ਹਾਂ ਨੂੰ ਆਦਮਪੁਰ ਹਲਕੇ ਤੋਂ ਉਮੀਦਵਾਰ ਬਣਾਇਆ ਪਰ ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ ਕੋਲੋਂ ਹਾਰ ਗਏ। ਕੇਪੀ ਦੋ ਵਾਰ ਪੰਜਾਬ ਸਰਕਾਰ ‘ਚ ਕੈਬਨਿਟ ਮੰਤਰੀ ਵੀ ਰਹੇ। 1992 ‘ਚ ਉਹ ਖੇਡਾਂ ਤੇ ਯੂਥ ਰਾਜ ਮੰਤਰੀ ਅਤੇ 1995 ‘ਚ ਸਿੱਖਿਆ ਤੇ ਟਰਾਂਸਪੋਰਟ ਮੰਤਰੀ ਰਹੇ। ਇਸ ਤੋਂ ਇਲਾਵਾ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹੇ।
2019 ਦੀਆ ਵਿਧਾਨ ਸਭਾ ਚੋਣਾਂ ਦੌਰਾਨ ਮੋਹਿੰਦਰ ਸਿੰਘ ਕੇਪੀ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਮੁੜ ਟਿਕਟ ਲਈ ਦਾਅਵਾ ਪੇਸ਼ ਕੀਤਾ ਸੀ ਪਰ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਦੀ ਬਜਾਏ 2014 ‘ਚ ਜੇਤੂ ਰਹੇ ਮਰਹੂਮ ਸੰਤੋਖ ਸਿੰਘ ਚੌਧਰੀ ਨੂੰ ਹੀ ਆਪਣਾ ਉਮੀਦਵਾਰ ਬਣਾਇਆ ਸੀ ਤੇ ਉਨ੍ਹਾਂ ਨੇ ਜਿੱਤ ਵੀ ਹਾਸਲ ਕੀਤੀ। ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਉਹ ਨਾਰਾਜ਼ ਹੋ ਕੇ ਘਰੇ ਬੈਠ ਗਏ ਸਨ ਅਤੇ ਪਾਰਟੀ ਦੇ ਕਈ ਵੱਡੇ ਆਗੂ ਉਨ੍ਹਾਂ ਨੂੰ ਮਨਾਉਣ ਲਈ ਘਰ ਆਏ ਪਰ ਉਹ ਇਹ ਕਹਿ ਕੇ ਅੜੇ ਰਹੇ ਕਿ ਉਨਾਂ੍ਹ ਦੇ ਹਮਾਇਤੀ ਕਹਿਣਗੇ ਤਾਂ ਹੀ ਉਹ ਸੰਤੋਖ ਸਿੰਘ ਚੌਧਰੀ ਦੇ ਹੱਕ ‘ਚ ਪ੍ਰਚਾਰ ਕਰਨਗੇ। ਅਖੀਰ ਕਾਂਗਰਸ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੇ ਘਰ ਆਏ ਅਤੇ ਸੰਤੋਖ ਸਿੰਘ ਚੌਧਰੀ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਉਣ ਲਈ ਕੇਪੀ ਨੂੰ ਮਨਾ ਕੇ ਲਿਆਏ ਸਨ। ਹਾਲਾਂਕਿ ਕੇਪੀ ਤੇ ਉਨਾਂ੍ਹ ਦੇ ਹਮਾਇਤੀਆਂ ਨੇ ਦਿਲੋਂ ਚੋਣ ਪ੍ਰਚਾਰ ‘ਚ ਹਿੱਸਾ ਨਹੀਂ ਲਿਆ। 2022 ਦੀਆ ਵਿਧਾਨ ਸਭਾ ਚੋਣਾਂ ਦੌਰਾਨ ਕੇਪੀ ਨੂੰ ਕਾਫੀ ਸਿਆਸੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ।
ਪਾਰਟੀ ਹਾਈਕਮਾਂਡ ਨੇ ਆਦਮਪੁਰ ਹਲਕੇ ਤੋਂ ਉਨ੍ਹਾਂ ਦੀ ਟਿਕਟ ਦੀ ਮੋਹਰ ਲਾ ਦਿੱਤੀ ਪਰ ਜਦੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦਾ ਵੇਲਾ ਆਇਆ ਤਾਂ ਐਨ ਮੌਕੇ ‘ਤੇ ਬਹੁਜਨ ਸਮਾਜ ਪਾਰਟੀ ਛੱਡ ਕੇ ਆਏ ਸੁਖਵਿੰਦਰ ਸਿੰਘ ਕੋਟਲੀ ਨੂੰ ਉਮੀਦਵਾਰ ਬਣਾ ਕੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾ ਦਿੱਤੇ। ਮੋਹਿੰਦਰ ਸਿੰਘ ਕੇਪੀ ਨੇ ਇਸ ਗੱਲ ‘ਤੇ ਕਾਫੀ ਹੰਗਾਮਾ ਕੀਤਾ ਪਰ ਪਾਰਟੀ ਦੇ ਆਗੂਆਂ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਉਦੋਂ ਤੋਂ ਹੀ ਉਹ ਪਾਰਟੀ ਨਾਲ ਨਾਰਾਜ਼ ਚੱਲ ਰਹੇ ਸਨ ਅਤੇ ਪਾਰਟੀ ਦੀਆ ਸਰਗਰਮੀਆਂ ‘ਚ ਵੀ ਹਿੱਸਾ ਨਹੀਂ ਲੈ ਰਹੇ ਸਨ।