ਦੋ ਵਿਅਕਤੀਆਂ ਦੇ ਕਤਲ ਦੀ ਸਾਜ਼ਿਸ਼ ਨਾਕਾਮ ਕਰਦੇ ਹੋਏ ਪੁਲਿਸ ਨੇ ਬੰਬੀਹਾ ਗੈਂਗ ਨਾਲ ਜੁੜੇ ਦੋ ਬਦਮਾਸ਼ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਕੋਲੋਂ ਪਿਸਟਲ ਅਤੇ ਅਫੀਮ-ਹੈਰੋਇਨ ਦੀ ਭਾਰੀ ਮਾਤਰਾ ਬਰਾਮਦ ਹੋਈ ਹੈ। ਇਹ ਦੋਵੇਂ ਕਤਲ, ਧਮਕਾਉਣ, ਫਿਰੌਤੀ ਵਸੂਲੀ ਅਤੇ ਹੋਰ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਵੀ ਸ਼ਾਮਲ ਹਨ।
ਜਲੰਧਰ ਪੁਲਿਸ ਨੇ ਬੰਬੀਹਾ ਗੈਂਗ ਦੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 3 ਪਿਸਤੌਲ, 300 ਗ੍ਰਾਮ ਹੈਰੋਇਨ ਤੇ 1 ਕਿਲੋ ਅਫੀਮ ਬਰਾਮਦ ਕੀਤੀ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੰਬੀਹਾ ਗਿਰੋਹ ਨਾਲ ਸਬੰਧਤ ਦੋ ਗੈਂਗਸਟਰ ਆਪਣੇ ਵਿਰੋਧੀ ਗਿਰੋਹ ਦੇ ਮੈਂਬਰਾਂ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਹਨ ਤੇ ਸ਼ਹਿਰ ‘ਚ ਘੁੰਮ ਰਹੇ ਹਨ।
ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਅਨਿਲ ਕੁਮਾਰ ਉਰਫ਼ ਰਾਕੀ ਵਾਸੀ ਮਕਾਨ ਨੰਬਰ 1046, ਗਲੀ ਨੰਬਰ 8 ਕਬੀਰ ਨਗਰ ਨੂੰ ਗਿ੍ਫ਼ਤਾਰ ਕਰ ਕੇ ਉਸ ਕੋਲੋਂ ਇਕ 32 ਬੋਰ ਦਾ ਪਿਸਤੌਲ, ਇਕ ਮੈਗਜ਼ੀਨ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਆਈਪੀਐਸ ਸਵਪਨਾ ਸ਼ਰਮਾ ਨੇ ਦੱਸਿਆ ਕਿ ਰਾਕੀ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 20 ਤੋਂ ਵੱਧ ਕੇਸ ਦਰਜ ਹਨ ਅਤੇ ਉਹ ਅੱਠ ਸਾਲਾਂ ਤੋਂ ਜੇਲ੍ਹ ਵਿੱਚ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਰਾਕੀ ਨੇ ਮੰਨਿਆ ਕਿ ਉਸ ਦਾ ਇੱਕ ਸਾਥੀ ਮੁਕੇਸ਼ ਸ਼ਰਮਾ ਉਰਫ਼ ਮੁੰਨਾ ਪੁੱਤਰ ਉਮੇਸ਼ ਸ਼ਰਮਾ ਵਾਸੀ ਪਿੰਡ ਟੋਪਾ (ਬਿਹਾਰ) ਹਾਲ ਵਾਸੀ ਮਕਾਨ ਨੰਬਰ 631 ਕਰੋਲ ਬਾਗ ਵੀ ਇਸ ਵਿਚ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਮੁੰਨਾ ਵਿਰੁੱਧ ਪਹਿਲਾਂ ਵੀ ਤਿੰਨ ਐਨਡੀਪੀਐਸ ਕੇਸ ਦਰਜ ਹਨ ਤੇ ਉਹ ਪੁਲਿਸ ਨੂੰ ਲੋੜੀਂਦਾ ਸੀ। ਸੀਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਮੁੰਨਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਇਕ ਕਿਲੋ ਅਫੀਮ, 32 ਬੋਰ ਦੇ ਦੋ ਪਿਸਤੌਲ, ਚਾਰ ਮੈਗਜ਼ੀਨ ਤੇ ਛੇ ਕਾਰਤੂਸ ਬਰਾਮਦ ਕੀਤੇ ਹਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਰਾਜ ਦੇ ਕਈ ਜ਼ਿਲ੍ਹਿਆਂ ‘ਚ ਕਤਲ, ਧਮਕੀਆਂ, ਫਿਰੌਤੀ ਅਤੇ ਫਿਰੌਤੀ ਦੇ ਮਾਮਲੇ ਦਰਜ ਹਨ।