Monday, February 3, 2025
Google search engine
HomeDeshਕਣਕਾਂ ਦੀ ਮੁੱਕ ਗਈ ਰਾਖੀ, ਜੱਟਾ ਆਈ ਵਿਸਾਖੀ

ਕਣਕਾਂ ਦੀ ਮੁੱਕ ਗਈ ਰਾਖੀ, ਜੱਟਾ ਆਈ ਵਿਸਾਖੀ

ਭਾਰਤ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ । ਸਮੁੱਚੇ ਦੇਸ਼ ਦੀ ਗੱਲ ਕਰੀਏ ਤਾਂ ਅਜਿਹਾ ਕੋਈ ਵੀ ਮਹੀਨਾ ਨਹੀਂ, ਜਦੋਂ ਕੋਈ ਮੇਲਾ ਜਾਂ ਤਿਉਹਾਰ ਨਾ ਮਨਾਇਆ ਜਾਂਦਾ ਹੋਵੇ। ਪੰਜਾਬ ’ਚ ਲੱਗਣ ਵਾਲੇ ਮੇਲੇ ਜਾਂ ਮਨਾਏ ਜਾਣ ਵਾਲੇ ਤਿਉਹਾਰਾਂ ਮੌਕੇ ਪੰਜਾਬੀਆਂ ਦਾ ਜਲਾਲ ਤੇ ਉਤਸ਼ਾਹ ਤਾਂ ਵੇਖਣ ਵਾਲਾ ਹੁੰਦਾ ਹੈ।

ਭਾਰਤ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ । ਸਮੁੱਚੇ ਦੇਸ਼ ਦੀ ਗੱਲ ਕਰੀਏ ਤਾਂ ਅਜਿਹਾ ਕੋਈ ਵੀ ਮਹੀਨਾ ਨਹੀਂ, ਜਦੋਂ ਕੋਈ ਮੇਲਾ ਜਾਂ ਤਿਉਹਾਰ ਨਾ ਮਨਾਇਆ ਜਾਂਦਾ ਹੋਵੇ। ਪੰਜਾਬ ’ਚ ਲੱਗਣ ਵਾਲੇ ਮੇਲੇ ਜਾਂ ਮਨਾਏ ਜਾਣ ਵਾਲੇ ਤਿਉਹਾਰਾਂ ਮੌਕੇ ਪੰਜਾਬੀਆਂ ਦਾ ਜਲਾਲ ਤੇ ਉਤਸ਼ਾਹ ਤਾਂ ਵੇਖਣ ਵਾਲਾ ਹੁੰਦਾ ਹੈ। ਖ਼ਾਲਸਾ ਪੰਥ ਦੀ ਸਾਜਨਾ, ਜਲ੍ਹਿਆਂਵਾਲੇ ਬਾਗ਼ ਦਾ ਸਾਕਾ ਪੱਕੀਆਂ ਕਣਕਾਂ, ਥਾਂ-ਥਾਂ ਲੱਗਦੇ ਮੇਲੇ ਅਤੇ ਪੈਂਦੇ ਭੰਗੜੇ ਦੇਸੀ ਵਰ੍ਹੇ ਦੇ ਦੂਜੇ ਮਹੀਨੇ ਦੀ ਪਹਿਲੀ ਹੀ ਤਾਰੀਖ਼ ਨੂੰ ਮਨਾਏ ਜਾਣ ਵਾਲੇ ਵਿਸਾਖੀ ਦੇ ਮੇਲੇ ਤੇ ਤਿਉਹਾਰ ਦੇ ਪ੍ਰਤੀਕ ਹਨ। ਵਿਸਾਖੀ ਦਾ ਇਹ ਤਿਉਹਾਰ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਵੱਖ-ਵੱਖ ਭਾਈਚਾਰਿਆਂ ਵੱਲੋਂ ਆਪੋ-ਆਪਣੇ ਖਿੱਤਿਆਂ ਦੇ ਇਤਿਹਾਸਿਕ, ਭੂਗੋਲਿਕ ਤੇ ਵਰਤਮਾਨ ਕਾਰਨਾਂ ਕਰਕੇ ਮਨਾਇਆ ਜਾਂਦਾ ਹੈ। ਇਨ੍ਹਾਂ ਵਿਭਿੰਨ ਕਾਰਨਾਂ ਦੇ ਬਾਵਜੂਦ ਇਸ ਤਿਉਹਾਰ ਦਾ ਮਨੋਰਥ ਲਗਭਗ ਇਕ ਹੀ ਰਹਿੰਦਾ ਹੈ।

ਪੰਜਾਬ ਤੇ ਆਸ-ਪਾਸ ਦੇ ਸੂਬਿਆਂ ਦਾ ਵੱਡਾ ਤਿਉਹਾਰ

ਵਿਸਾਖੀ ਦਾ ਤਿਉਹਾਰ ਪੰਜਾਬ ਲਈ ਸਿਰਫ਼ ਧਾਰਮਿਕ ਅਹਿਮੀਅਤ ਹੀ ਨਹੀਂ ਰੱਖਦਾ ਸਗੋਂ ਇਸ ਦੀ ਆਰਥਿਕ ਤੌਰ ’ਤੇ ਵੀ ਕਾਫ਼ੀ ਅਹਿਮੀਅਤ ਹੈ। ਵਿਸਾਖੀ ਦਾ ਇਹ ਤਿਉਹਾਰ ਅਪ੍ਰੈਲ ਮਹੀਨੇ ਦੀ 13 ਤਾਰੀਖ਼ ਜਾਂ ਪਹਿਲੀ ਵਿਸਾਖ ਨੂੰ ਮਨਾਇਆ ਜਾਂਦਾ ਹੈ । ਵਿਸਾਖੀ ਸ਼ਬਦ ਅਸਲ ’ਚ ਬਣਿਆ ਹੀ ਵਿਸਾਖ ਤੋਂ ਹੈ। ਵਿਸਾਖ ਗਿਣਤੀ ਪੱਖੋਂ ਦੇਸੀ ਵਰ੍ਹੇ ਦਾ ਦੂਜਾ ਦੇਸੀ ਮਹੀਨਾ ਹੈ। ਖੇਤਾਂ ਵਿਚ ਪੱਕ ਚੁੱਕੀ ਸੋਨੇ ਰੰਗੀ ਕਣਕ ਦੀ ਫ਼ਸਲ ਨੂੰ ਦੇਖ ਕੇ ਕਿਸਾਨ ਆਪਣੇ ਸੁਪਨਿਆਂ ਨੂੰ ਹਕੀਕਤ ’ਚ ਤਬਦੀਲ ਹੁੰਦਿਆਂ ਮਹਿਸੂਸ ਕਰਦਾ ਹੈ। ਮੌਸਮ ਨਾਲ ਸਬੰਧਿਤ ਹੋਣ ਕਰਕੇ ਚਿਰਾਂ ਤੋਂ ਇਹ ਪੰਜਾਬੀਆਂ ਦਾ ਸਰਵ-ਸਾਂਝਾ ਤਿਉਹਾਰ ਹੈ। ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸਰਦੀਆਂ ਦੀ ਫ਼ਸਲ ਕੱਟ ਲੈਣ ਤੋਂ ਬਾਅਦ ਨਵੇਂ ਸਾਲ ਦੀਆਂ ਖ਼ੁਸ਼ੀਆਂ ਮਨਾਉਂਦੇ ਹਨ। ਪੰਜਾਬ ਤੇ ਹਰਿਆਣੇ ਦੇ ਕਿਸਾਨ ਹਾੜ੍ਹੀ ਦੀ ਫ਼ਸਲ ਕੱਟਣ ਦਾ ਸਮਾਂ ਆਉਣ ’ਤੇ ਖ਼ੁਸ਼ੀਆਂ ਮਨਾਉਂਦੇ ਹਨ। ਇਸ ਲਈ ਵਿਸਾਖੀ ਪੰਜਾਬ ਤੇ ਆਸ-ਪਾਸ ਦੇ ਸੂਬਿਆਂ ਦਾ ਸਭ ਤੋਂ ਵੱਡਾ ਤਿਉਹਾਰ ਹੈ।

ਖ਼ਾਲਸਾ ਪੰਥ ਦੀ ਸਾਜਨਾ

ਜੇ ਇਤਿਹਾਸਕ ਪੱਖ ’ਤੇ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਸੇ ਦਿਨ ਹੀ 13 ਅਪ੍ਰੈਲ 1699 ਈਸਵੀ ਨੂੰ ਸਿੱਖਾਂ ਦੇ ਦਸਵੇਂ ਗੁਰੂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹਿਲਾਂ ਉਨ੍ਹਾਂ ਪੰਜ ਪਿਆਰਿਆਂ ਨੂੰ ਅੰਮਿ੍ਰਤ ਛਕਾਇਆ ਅਤੇ ਫਿਰ ਉਨ੍ਹਾਂ ਹੱਥੋਂ ਆਪ ਅੰਮਿ੍ਰਤ ਛਕਿਆ ਅਤੇ ਜਾਤ-ਪਾਤ ਦੇ ਭੇਦਭਾਵ ਨੂੰ ਖ਼ਤਮ ਕੀਤਾ, ਸਿੱਖ ਕੌਮ ਵਿਚ ਨਵੀਂ ਰੂਹ ਤੇ ਨਵਾਂ ਜੋਸ਼ ਭਰਿਆ। ਗੁਰੂ ਜੀ ਨੇ ਕਿਹਾ ਕਿ ‘ਖ਼ਾਲਸਾ ਗੁਰੂ ਵਿਚ ਹੈ ਅਤੇ ਗੁਰੂ ਖ਼ਾਲਸੇ ਵਿਚ।’ ਇਸ ਦਿਨ ਤੋਂ ਵਿਸਾਖੀ ਦਾ ਇਹ ਤਿਉਹਾਰ ਖ਼ਾਲਸਾ ਪੰਥ ਦੇ ਸਥਾਪਨਾ ਦਿਵਸ ਵਜੋਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਥਾਂ-ਥਾਂ ’ਤੇ ਭਾਰੀ ਮੇਲੇ ਵੀ ਲੱਗਦੇ ਹਨ। ਭਾਵੇਂ ਵਿਸਾਖੀ ਦੇ ਤਿਉਹਾਰ ਦਾ ਸਬੰਧ ਕਣਕ ਦੀ ਫ਼ਸਲ ਦੇ ਪੱਕਣ ਨਾਲ ਹੈ ਪਰ ਇਸ ਦੀ ਇਤਿਹਾਸਕ ਮਹਾਨਤਾ ਕਰਕੇ ਇਸ ਦਿਨ ਦਾ ਮਹੱਤਵ ਹੋਰ ਵੱਧ ਜਾਂਦਾ ਹੈ।

ਸਾਕਾ ਜਲ੍ਹਿਆਂਵਾਲਾ ਬਾਗ਼

ਦੇਸ਼ ਭਰ ਵਿਚ ਵਿਸਾਖੀ ਪੁਰਬ ਜਿੱਥੇ ਪ੍ਰਾਚੀਨ ਇਤਿਹਾਸ, ਨਵੀਂ ਫ਼ਸਲ ਦੀ ਆਮਦ ਤੇ ਖ਼ਾਲਸਾ ਪੰਥ ਦੇ ਸਥਾਪਨਾ ਨਾਲ ਸਬੰਧਿਤ ਹੋਣ ਕਰਕੇ ਮਨਾਇਆ ਜਾਂਦਾ ਹੈ, ਉੱਥੇ ਇਸ ਨਾਲ ਅੰਮਿ੍ਰਤਸਰ ਦੇ ਜਲ੍ਹਿਆਂਵਾਲਾ ਬਾਗ਼ ਦਾ ਸਾਕਾ ਵੀ ਜੁੜਿਆ ਹੋਇਆ ਹੈ। ਵਿਸਾਖੀ ਦਾ ਇਹ ਦਿਨ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀ ਯਾਦ ਵੀ ਦਿਵਾਉਂਦਾ ਹੈ, ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਵਾਉਣ ਲਈ ਦੇਸ਼ ਲਈ ਆਪਣੀਆਂ ਜਾਨਾਂ ਤਕ ਵਾਰ ਦਿੱਤੀਆਂ। ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਇਸੇ ਦਿਨ ਹੀ 1919 ਈਸਵੀ ਨੂੰ ਜਲ੍ਹਿਆਂਵਾਲੇ ਬਾਗ਼ ’ਚ ਆਜ਼ਾਦੀ ਦੀ ਤਮੰਨਾ ਦਿਲ ’ਚ ਲੈ ਕੇ ਆਮ ਲੋਕਾਂ ਦਾ ਵੱਡਾ ਜਲਸਾ ਹੋਇਆ, ਜਿਸ ’ਚ ਜਨਰਲ ਡਾਇਰ ਨੇ ਬਿਨਾਂ ਕੋਈ ਅਗਾਊਂ ਸੂਚਨਾ ਦਿੱਤਿਆ ਸੈਂਕੜੇ-ਹਜ਼ਾਰਾਂ ਨਿਹੱਥੇ ਤੇ ਨਿਰਦੋਸ਼ ਭਾਰਤੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਆਜ਼ਾਦੀ ਸੰਗਰਾਮ ’ਚ ਸ਼ਾਮਿਲ ਲੋਕ ਬਰਾਤਨਵੀ ਸਰਕਾਰ ਵੱਲੋਂ ਲਾਗੂ ਕੀਤੇ ਰੋਲਟ ਐਕਟ ਦੇ ਵਿਰੋਧ ਵਿਚ ਥਾਂ-ਥਾਂ ਜਨਸਭਾਵਾਂ ਕਰ ਰਹੇ ਸਨ। ਅਜਿਹੀ ਹੀ ਇਕ ਜਨਸਭਾ 13 ਅਪ੍ਰੈਲ 1919 ਨੂੰ ਸ਼ਾਮ 4 ਵਜੇ ਜਲ੍ਹਿਆਂਵਾਲਾ ਬਾਗ਼ ਵਿਚ ਰੱਖੀ ਗਈ ਸੀ। ਇੱਥੇ ਜੁੜੇ ਲੋਕ ਆਪਣੇ ਆਗੂਆਂ ਡਾ. ਸੈਫ਼-ਉਦ-ਦੀਨ ਕਿਚਲੂ ਤੇ ਡਾ. ਸੱਤਿਆਪਾਲ ਦੀ ਗਿ੍ਰਫ਼ਤਾਰੀ ਦਾ ਵਿਰੋਧ ਕਰ ਰਹੇ ਸਨ। ਬਾਗ਼ ਵਿਚ ਜਾਣ ਤੇ ਬਾਹਰ ਨਿਕਲਣ ਲਈ ਸਿਰਫ਼ ਛੋਟਾ ਤੇ ਤੰਗ ਰਸਤਾ ਸੀ। ਇਸ ਮੌਕੇ ਬਰਤਾਨਵੀ ਸਰਕਾਰ ਵੱਲੋਂ ਜਨਰਲ ਡਾਇਰ ਨੂੰ ਕਮਾਂਡ ਸੰਭਾਲੀ ਗਈ ਸੀ। ਜਨਰਲ ਡਾਇਰ ਨੇ ਜਲ੍ਹਿਆਂਵਾਲਾ ਬਾਗ਼ ਵਿਖੇ ਹੋਣ ਵਾਲੇ ਜਲਸੇ ਉਪਰ ਪਾਬੰਦੀ ਲਗਾ ਦਿੱਤੀ। ਜਦੋਂ 4 ਵਜੇ ਵੱਡੀ ਗਿਣਤੀ ਵਿਚ ਲੋਕ ਜਲ੍ਹਿਆਂਵਾਲਾ ਬਾਗ਼ ਵਿਚ ਪਹੁੰਚ ਚੁੱਕੇ ਸਨ ਤਾਂ ਬਿਨਾਂ ਕਿਸੇ ਭੜਕਾਹਟ ਤੇ ਚਿਤਾਵਨੀ ਦੇ ਜਨਰਲ ਡਾਇਰ ਨੇ ਅੰਗਰੇਜ਼ ਸਰਕਾਰ ਵਿਰੁੱਧ ਲੋਕਾਂ ਵਿਚ ਉੱਠ ਰਹੀ ਵਿਰੋਧ ਦੀ ਲਾਟ ਨੂੰ ਬੁਝਾਉਣ ਤੇ ਆਜ਼ਾਦੀ ਸੰਗਰਾਮ ’ਚ ਸ਼ਾਮਿਲ ਲੋਕਾਂ ਨੂੰ ਡਰਾਉਣ-ਧਮਕਾਉਣ ਦੇ ਮਕਸਦ ਨਾਲ ਇਕੱਤਰ ਲੋਕਾਂ ’ਤੇ ਅੰਨ੍ਹੇਵਾਹ ਗੋਲ਼ੀਆਂ ਦਾ ਮੀਂਹ ਵਰ੍ਹਾ ਕੇ ਅਣਗਿਣਤ ਲੋਕਾਂ ਨੂੰ ਮਾਰ ਦਿੱਤਾ। ਕਈ ਲੋਕਾਂ ਨੇ ਖੂਹ ਵਿਚ ਛਾਲ ਮਾਰ ਦਿੱਤੀ। ਇਸੇ ਲਈ ਜਲ੍ਹਿਆਂਵਾਲਾ ਬਾਗ਼ ਵਿਚ ਬਣੇ ਖੂਹ ਨੂੰ ‘ਖ਼ੂਨੀ ਖੂਹ’ ਵੀ ਕਿਹਾ ਜਾਂਦਾ ਹੈ। ਅੱਜ ਵੀ ਜਲ੍ਹਿਆਂਵਾਲਾ ਬਾਗ਼ ਵਿਚ ਗੋਲ਼ੀਆਂ ਦੇ ਨਿਸ਼ਾਨ ਹਨ। ਇਸ ਕਰਕੇ ਅੰਮਿ੍ਰਤਸਰ ਵਿਚ ਮਨਾਏ ਜਾਂਦੇ ਵਿਸਾਖੀ ਪੁਰਬ ਨੂੰ ਉਸ ‘ਖ਼ੂਨੀ ਸਾਕੇ’ ਦੀ ਯਾਦ ਵਜੋਂ ਵੀ ਮਨਾਇਆ ਜਾਂਦਾ ਹੈ। ਇਸ ਖ਼ੂਨੀ ਸਾਕੇ ਨਾਲ ਲੋਕਾਂ ਅੰਦਰ ਆਜ਼ਾਦੀ ਪ੍ਰਾਪਤ ਕਰਨ ਲਈ ਹੋਰ ਵਧੇਰੇ ਵਿਦਰੋਹ ਦੀ ਭਾਵਨਾ ਭੜਕ ਉੱਠੀ।

ਕਿਸਾਨ ਕਣਕ ਦੀ ਕਰਦਾ ਵਾਢੀ ਸ਼ੁਰੂ

ਵਿਸਾਖੀ ਦੇ ਮੇਲੇ ਦੁਨੀਆ ਭਰ ’ਚ ਕਈ ਥਾਵਾਂ ’ਤੇ ਲੱਗਦੇ ਹਨ। ਅਸੀਂ ਬਚਪਨ ਤੋਂ ਵੇਖਦੇ ਆ ਰਹੇ ਹਾਂ ਕਿ ਵਿਸਾਖੀ ਦੇ ਤਿਉਹਾਰ ਨੇੜੇ ਫ਼ਸਲ ਪੱਕ ਕੇ ਵਾਢੀ ਲਈ ਤਿਆਰ ਹੋ ਜਾਂਦੀ ਹੈ। ਇਸ ਲਈ ਇਸ ਨੂੰ ਵਾਢੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਸ ਦਿਨ ਕਿਸਾਨ ਆਪਣੀ ਪੱਕੀ ਹੋਈ ਕਣਕ ਦੀ ਵਾਢੀ ਸ਼ੁਰੂ ਕਰਦਾ ਹੈ। ਸ਼ਾਮ ਨੂੰ ਸਜ-ਧਜ ਕੇ ਮੇਲੇ ’ਚ ਜਸ਼ਨ ਮਨਾਉਣ, ਮਠਿਆਈਆਂ ਖਾਣ ਤੇ ਔਰਤਾਂ ਅਤੇ ਬੱਚਿਆਂ ਸਮੇਤ ਸਾਮਾਨ ਖ਼ਰੀਦਣ ਲਈ ਮੇਲੇ ’ਚ ਪਹੁੰਚ ਜਾਂਦਾ ਹੈ। ਜੇ ਆਰਥਿਕ ਪੱਖੋਂ ਵਿਚਾਰੀਏ ਤਾਂ ਸਾਡੇ ਜ਼ਿਹਨ ’ਚ ਸੁਨਹਿਰੀ ਦਾਣਿਆਂ ਨਾਲ ਲੱਦੀਆਂ ਕਣਕਾਂ ਝੂੰਮਦੀਆਂ ਦਿਸਦੀਆਂ ਹਨ। ਕਿਸਾਨ ਦੀ ਮਿਹਨਤ ਨਾਲ ਪੁੱਤਾਂ ਵਾਂਗੂੰ ਪਾਲੀ ਇਹ ਫ਼ਸਲ ਕਟਾਈ ਲਈ ਪੱਕ ਕੇ ਬਿਲਕੁਲ ਤਿਆਰ ਹੋ ਜਾਂਦੀ ਹੈ। ਕਿਸਾਨ ਦੀਆਂ ਅੱਖਾਂ ’ਚ ਖ਼ੁਸ਼ੀ ਭਰੀ ਚਮਕ ਆ ਜਾਂਦੀ ਹੈ। ਇਸ ਦਿਨ ਪੰਜਾਬ ਦਾ ਰਵਾਇਤੀ ਨਾਚ ਭੰਗੜਾ ਤੇ ਗਿੱਧਾ ਵੀ ਪਾਇਆ ਜਾਂਦਾ ਹੈ ਤੇ ਗੱਭਰੂ ਅਤੇ ਮੁਟਿਆਰਾਂ ਰਵਾਇਤੀ ਪਹਿਰਾਵੇ ’ਚ ਖ਼ੂਬ ਰੌਣਕਾਂ ਲਾਉਂਦੇ ਹਨ।

ਬੱਚਿਆਂ ਨੂੰ ਕਰਵਾਓ ਤਿਉਹਾਰਾਂ ਤੋਂ ਜਾਣੂ

ਅਜੋਕੇ ਤਕਨੀਕੀ ਯੁੱਗ ’ਚ ਅਤੇ ਪੰਜਾਬੀਆਂ ਦਾ ਬਾਹਰਲੇ ਮੁਲਕਾਂ ਵੱਲ ਪ੍ਰਵਾਸ ਵੱਧ ਜਾਣ ਕਾਰਨ ਅਜਿਹੇ ਮੇਲਿਆਂ ਦੀ ਮਹੱਤਤਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਘਟ ਗਈ ਹੈ। ਅਜੋਕੀ ਨੌਜਵਾਨ ਪੀੜ੍ਹੀ ਇਨ੍ਹਾਂ ਮੇਲਿਆਂ ਤੇ ਤਿਉਹਾਰਾਂ ਦੇ ਇਤਿਹਾਸ ਅਤੇ ਮਹੱਤਤਾ ਤੋਂ ਕੋਰੀ ਜਾਪਦੀ ਹੈ। ਵੱਡਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਨ੍ਹਾਂ ਮੇਲਿਆਂ ਅਤੇ ਤਿਉਹਾਰਾਂ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਤੇ ਇਤਿਹਾਸ ਪਿਛੋਕੜ ਤੋਂ ਵੀ ਜਾਣੂ ਕਰਵਾਉਣ।

 

 

 

 

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments