ਬਹੁਜਨ ਸਮਾਜ ਪਾਰਟੀ ਪੰਜਾਬ ਨੇ ਲੋਕ ਸਭਾ ਚੋਣਾਂ 2024 ਲਈ ਸੰਗਰੂਰ ਲੋਕ ਸਭਾ ਹਲਕੇ ਤੋਂ ਡਾ. ਮੱਖਣ ਸਿੰਘ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।
ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਬਸਪਾ ਦੇ ਲੋਕ ਸਭਾ ਸੰਗਰੂਰ ਤੋਂ ਉਮੀਦਵਾਰ ਡਾ ਮੱਖਣ ਸਿੰਘ ਹੋਣਗੇ। ਕੇਂਦਰੀ ਕੋਆਰਡੀਨੇਟਰ ਬੈਣੀਵਾਲ ਨੇ ਕਿਹਾ ਕਿ ਜਲਦ ਹੀ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਉਮੀਦਵਾਰ ਐਲਾਨ ਕਰ ਦਿੱਤੇ ਜਾਣਗੇ। ਸਾਰੇ ਉਮੀਦਵਾਰਾਂ ਦੇ ਪੈਨਲ ‘ਤੇ ਅੰਤਿਮ ਫ਼ੈਸਲਾ ਭੈਣ ਕੁਮਾਰੀ ਮਾਇਆਵਤੀ ਵਲੋਂ ਲਿਆ ਜਾ ਰਿਹਾ ਹੈ।
ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਕਿਹਾ ਡਾ ਮੱਖਣ ਸਿੰਘ ਬਾਮਸੇਫ਼ ਦੇ ਵਰਕਰ ਦੇ ਤੌਰ ‘ਤੇ ਪਾਰਟੀ ਸਫਾਂ ਨਾਲ ਜੁੜੇ ਰਹੇ ਅਤੇ ਬਸਪਾ ਦੇ ਮੌਜੂਦਾ ਜਨਰਲ ਸਕੱਤਰ ਪੰਜਾਬ ਹਨ। ਡਾ ਮੱਖਣ ਸਿੰਘ ਸਿਹਤ ਵਿਭਾਗ ਵਿਚੋਂ ਬਤੌਰ ਡਿਪਟੀ ਡਾਇਰੈਕਟਰ ਸੇਵਾ ਮੁਕਤ ਹੋਏ ਹਨ। ਗੜ੍ਹੀ ਨੇ ਕਿਹਾ ਆਪ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਦਲਿਤ ਉੱਪ ਮੁੱਖ ਮੰਤਰੀ ਨਾ ਲਗਾਉਣ ਦਾ ਬਦਲਾ ਬਸਪਾ ਦਾ ਦਲਿਤ ਚਿਹਰਾ ਉਮੀਦਵਾਰ ਲਵੇਗਾ।
ਸੰਗਰੂਰ ਲੋਕ ਸਭਾ ਵਿਚ ਬਹੁ-ਗਿਣਤੀ ਕਿਰਤੀ, ਗਰੀਬ, ਦਲਿਤ ਵਰਗਾਂ ਦੀ ਵੱਡੀ ਆਬਾਦੀ ਹੈ ਜੋ ਸਰਮਾਏਦਾਰੀ ਤੇ ਜਾਤੀਵਾਦ ਤਹਿਤ ਜੁਲਮ ਅੱਤਿਆਚਾਰਾਂ ਦੀ ਸ਼ਿਕਾਰ ਹੈ। ਇਸ ਵਰਗ ਦੀ ਲੜਾਈ ਬਹੁਜਨ ਸਮਾਜ ਪਾਰਟੀ ਮਜਬੂਤੀ ਨਾਲ ਲੋਕ ਸਭਾ ਉਮੀਦਵਾਰ ਡਾ ਮੱਖਣ ਸਿੰਘ ਰਾਹੀਂ ਸੰਗਰੂਰ ਲੋਕ ਸਭਾ ‘ਚ ਲੜੇਗੀ।
ਇਸ ਮੌਕੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਦਲਿਤ ਵਰਗ ਦੇ ਚਿਹਰੇ ਡਾ ਮੱਖਣ ਸਿੰਘ ਨੂੰ ਉਮੀਦਵਾਰ ਦੇਣਾ ਬਸਪਾ ਹਾਈਕਮਾਂਡ ਦਾ ਦੂਰਅੰਦੇਸ਼ੀ ਫ਼ੈਸਲਾ ਹੈ। ਸਾਰੇ ਵਰਕਰ ਇੱਕਜੁੱਟਤਾ ਨਾਲ ਕੰਮ ਕਰਨਗੇ। ਇਸ ਮੌਕੇ ਪੰਜਾਬ ਇੰਚਾਰਜ ਬਸਪਾ ਵਿਧਾਇਕ ਡਾ ਨਛੱਤਰ ਪਾਲ, ਪੰਜਾਬ ਇੰਚਾਰਜ ਅਜੀਤ ਸਿੰਘ ਭੈਣੀ, ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਸੂਬਾ ਸਕੱਤਰ ਦਰਸ਼ਨ ਸਿੰਘ ਝਲੂਰ, ਮਾਸਟਰ ਅਮਰਜੀਤ ਝਲੂਰ, ਗੁਰਲਾਲ ਸੈਲਾ ਆਦਿ ਹਾਜ਼ਰ ਸਨ।