ਪੰਜਾਬ ਦੀ ਖ਼ਰਾਬ ਅਮਨ ਕਾਨੂੰਨ ਦੀ ਸਥਿਤੀ ਬਾਰੇ ਕਿਹਾ ਕਿ ਮਾਨ ਕੋਲ ਕੋਈ ਅਧਿਕਾਰ ਹੀ ਨਹੀਂ, ਭਗਵੰਤ ਮਾਨ ਸਿਰਫ਼ ਕੇਜਰੀਵਾਲ ਦੇ ਇਸ਼ਾਰੇ ’ਤੇ ਚੱਲ ਰਿਹਾ ਹੈ…
ਕਿਸਾਨ ਯੂਨੀਅਨਾਂ ਨੂੰ ਭਾਜਪਾ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦਾ ਵੀ ਬਾਈਕਾਟ ਕਰਨਾ ਚਾਹੀਦਾ ਹੈ। ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ 22 ਫ਼ਸਲਾਂ ’ਤੇ ਐੱਮਐੱਸਪੀ ਦੇਣ ਦਾ ਵਾਅਦਾ ਕੀਤਾ ਸੀ। ਇਸ ਲਈ ਮੁੱਖ ਮੰਤਰੀ ਦੀ ਡਿਊਟੀ ਬਣਦੀ ਹੈ ਕਿ ਕੇਂਦਰ ’ਤੇ ਦਬਾਅ ਬਣਾਵੇ, ਜੇਕਰ ਨਹੀਂ ਤਾਂ ਇਹ ਵਾਅਦੇ ‘ਆਪ’ ਪੂਰੇ ਕਰੇ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਇੱਥੋਂ ਨੇੜਲੇ ਪਿੰਡ ਲੇਹਲ ਕਲਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਵੀਂ ਗੁਰੂ ਘਰ ਵਿਖੇ ਸਰਪੰਚ ਬਲਜੀਤ ਸਿੰਘ ਸਰਾਓ ਵੱਲੋਂ ਕਰਵਾਏ ਸਹਿਜ ਪਾਠ ਦੇ ਭੋਗ ਉਪਰੰਤ ਪੱਤਰਕਾਰਾਂ ਨਾਲ ਸਾਂਝੇ ਕੀਤੇ।
ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਵੱਲੋਂ ਕਿਸਾਨਾਂ ਨੂੰ ਬਦਮਾਸ਼ ਕਹਿਣ ’ਤੇ ਢੀਡਸਾ ਨੇ ਤਿੱਖੀ ਪ੍ਰਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਜੋ ਕਿਸਾਨ ਦੇਸ਼ ਦਾ ਢਿੱਡ ਭਰ ਰਿਹਾ ਹੈ, ਉਸ ਨੂੰ ਬਦਮਾਸ਼ ਕਹਿਣਾ ਬਹੁਤ ਜ਼ਿਆਦਾ ਮੰਦਭਾਗਾ ਹੈ। ਅਜਿਹੇ ਬਿਆਨ ਦੇਣ ਵਾਲੇ ਮੁੱਖ ਮੰਤਰੀ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਇਸ ਲਈ ਸੈਣੀ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਹਨਾਂ ਕਾਂਗਰਸ ਪਾਰਟੀ ’ਤੇ ਵਰ੍ਹਦਿਆਂ ਕਿਹਾ ਕਿ ਇਹ ਜੁਮਲੇਬਾਜ਼ਾਂ ਦੀ ਪਾਰਟੀ ਹੈ। ਇਨ੍ਹਾਂ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਕੇਵਲ ਤੇ ਕੇਵਲ ਸਿਰਫ਼ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਹੈ ਜਿਸਨੇ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਪੂਰੇ ਕੀਤੇ ਹਨ।
ਪੰਜਾਬ ਦੀ ਖ਼ਰਾਬ ਅਮਨ ਕਾਨੂੰਨ ਦੀ ਸਥਿਤੀ ਬਾਰੇ ਕਿਹਾ ਕਿ ਮਾਨ ਕੋਲ ਕੋਈ ਅਧਿਕਾਰ ਹੀ ਨਹੀਂ, ਭਗਵੰਤ ਮਾਨ ਸਿਰਫ਼ ਕੇਜਰੀਵਾਲ ਦੇ ਇਸ਼ਾਰੇ ’ਤੇ ਚੱਲ ਰਿਹਾ ਹੈ। ਢੀਂਡਸਾ ਨੇ ਕਿਹਾ ਕਿ ਪਿਛਲੇ ਦਿਨੀ ਸੰਗਰੂਰ ਵਿਚ 22-23 ਨੌਜਵਾਨਾਂ ਦੀਆਂ ਜਹਿਰੀਲੀ ਸ਼ਰਾਬ ਕਾਰਨ ਮੌਤਾਂ ਹੋ ਗਈਆਂ ਸਨ। ਉਸੇ ਦਿਨ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਫੜਿਆ ਗਿਆ। ਜਿਸਦੇ ਚਲਦਿਆਂ ਭਗਵੰਤ ਮਾਨ ਪੀੜਿਤ ਪਰਿਵਾਰਾਂ ਦੀ ਸਾਰ ਲੈਣ ਦੀ ਬਜਾਏ ਦਿੱਲੀ ਨੂੰ ਭੱਜ ਗਿਆ। ਅਜਿਹੇ ਮੁੱਖ ਮੰਤਰੀ ਤੋਂ ਤੁਸੀਂ ਕੀ ਆਸ ਕਰ ਸਕਦੇ ਹੋ?
ਇਸ ਮੌਕੇ ਉਹਨਾਂ ਨਾਲ ਗਿਆਨੀ ਨਿਰੰਜਨ ਸਿੰਘ ਭਟਾਲ, ਗੁਰਸੰਤ ਸਿੰਘ ਚੇਅਰਮੈਨ, ਪ੍ਰਕਾਸ਼ ਮਲਾਣਾ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਕੋਟੜਾ, ਕਿਰਪਾਲ ਸਿੰਘ ਨਾਥਾ ਕੌਂਸਲਰ, ਸੁਖਦੇਵ ਸਿੰਘ ਨੰਬਰਦਾਰ, ਦਰਸ਼ਨ ਸਿੰਘ ਸਰਾਓ, ਪੁਰਸ਼ੋਤਮ ਗੋਇਲ, ਰਾਮਫਲ ਸ਼ਰਮਾ,ਜੰਟਾ ਸਿੰਘ ਰੰਧਾਵਾ, ਬਿੱਟੂ ਸਿੰਘ ਪੰਚ, ਜਗਤਾਰ ਸਿੰਘ ਨੰਬਰਦਾਰ, ਸੈਕਟਰੀ ਰਜਿੰਦਰ ਸਿੰਘ, ਹਰਦੀਪ ਸਿੰਘ, ਬੀਡੀਪੀਓ ਗੁਰਨੇਤ ਸਿੰਘ ਜਲਬੇੜਾ ਅਤੇ ਹੋਰ ਆਗੂ ਮੌਜੂਦ ਸਨ।