ਦੱਸਿਆ ਜਾ ਰਿਹਾ ਹੈ ਕਿ ਮਾਮਲੇ ’ਚ ਮੁਲਜ਼ਮ ਪਾਰਟੀ ਦੇ ਮੀਡੀਆ ਕੋਆਰਡੀਨੇਟਰ ਵਿਜੇ ਨਾਇਰ ਦੀ ਗਿ੍ਰਫ਼ਤਾਰੀ ਦੌਰਾਨ ਦੁਰਗੇਸ਼ ਪਾਠਕ ਉਸ ਦੇ ਘਰ ਮੌਜੂਦ ਸਨ ਤੇ ਉਸ ਸਮੇਂ ਹੀ ਜਾਂਚ ਏਜੰਸੀ ਨੇ ਉਨ੍ਹਾਂ ਦਾ ਮੋਬਾਈਲ ਫੋਨ ਕਬਜ਼ੇ ’ਚ ਲੈ ਲਿਆ ਸੀ…
ਦਿੱਲੀ ਦਾ ਆਬਕਾਰੀ ਨੀਤੀ ਘੁਟਾਲਾ ਆਪ ਨੇਤਾਵਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਇਸ ਮਾਮਲੇ ’ਚ ਹੁਣੇ ਜਿਹੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗਿ੍ਰਫ਼ਤਾਰੀ ਤੋਂ ਬਾਅਦ ਤੋਂ ਈਡੀ ਆਪ ਦੇ ਹੋਰ ਨੇਤਾਵਾਂ ਨੂੰ ਵੀ ਲਗਾਤਾਰ ਸੰਮਨ ਭੇਜ ਕੇ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਸੋਮਵਾਰ ਨੂੰ ਈਡੀ ਨੇ ਮੁੱਖ ਮੰਤਰੀ ਦੇ ਨਿੱਜੀ ਸਹਾਇਕ ਵਿਭਵ ਕੁਮਾਰ ਤੇ ਪਾਰਟੀ ਦੇ ਵਿਧਾਇਕ ਤੇ ਬੁਲਾਰੇ ਦੁਰਗੇਸ਼ ਪਾਠਕ ਨੂੰ ਵੀ ਤੁਗਲਕ ਰੋਡ ਸਥਿਤ ਹੈੱਡਕੁਆਰਟਰ ’ਚ ਬੁਲਾ ਕੇ ਕਰੀਬ ਛੇ ਘੰਟੇ ਤੱਕ ਪੁੱਛਗਿੱਛ ਕੀਤੀ। ਪਾਠਕ ਪਾਰਟੀ ’ਚ ਗੋਆ ਦੇ ਸਹਿ ਇੰਚਾਰਜ ਵੀ ਹਨ। ਜਾਂਚ ਏਜੰਸੀ ਦੋਵਾਂ ਤੋਂ ਪਹਿਲਾਂ ਵੀ ਪੁੱਛਗਿੱਛ ਕਰ ਚੁੱਕੀ ਹੈ।
ਈਡੀ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਦੋਵਾਂ ਨੂੰ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਕੁਝ ਦਿਨ ਪਹਿਲਾਂ ਈਡੀ ਨੇ ਸੰਮਨ ਭੇਜ ਕੇ ਸੋਮਵਾਰ ਦੁਪਹਿਰ ਨੂੰ ਜਾਂਚ ’ਚ ਸ਼ਾਮਿਲ ਹੋਣ ਲਈ ਕਿਹਾ ਸੀ। ਸੋਮਵਾਰ ਨੂੰ ਦੋਵੇਂ ਤੈਅ ਸਮੇਂ ’ਤੇ ਈਡੀ ਹੈੱਡਕੁਆਰਟਰ ਪੁੱਜ ਗਏ ਸਨ। ਹਾਲਾਂਕਿ ਈਡੀ ਨੇ ਪੁੱਛਗਿੱਛ ਸਬੰਧੀ ਜਾਣਕਾਰੀ ਸਾਂਝੀ ਨਹੀਂ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਮਾਮਲੇ ’ਚ ਮੁਲਜ਼ਮ ਪਾਰਟੀ ਦੇ ਮੀਡੀਆ ਕੋਆਰਡੀਨੇਟਰ ਵਿਜੇ ਨਾਇਰ ਦੀ ਗਿ੍ਰਫ਼ਤਾਰੀ ਦੌਰਾਨ ਦੁਰਗੇਸ਼ ਪਾਠਕ ਉਸ ਦੇ ਘਰ ਮੌਜੂਦ ਸਨ ਤੇ ਉਸ ਸਮੇਂ ਹੀ ਜਾਂਚ ਏਜੰਸੀ ਨੇ ਉਨ੍ਹਾਂ ਦਾ ਮੋਬਾਈਲ ਫੋਨ ਕਬਜ਼ੇ ’ਚ ਲੈ ਲਿਆ ਸੀ। ਪਾਠਕ ਗੋਆ ’ਚ ਪਾਰਟੀ ਦੇ ਸਹਿ ਇੰਚਾਰਜ ਵੀ ਹਨ। ਇਸ ਮਾਮਲੇ ’ਚ ਘੁਟਾਲੇ ਦੀ ਰਕਮ ਗੋਆ ਚੋਣਾਂ ’ਚ ਖ਼ਰਚ ਕੀਤੇ ਜਾਣ ਗੱਲ ਕਹੀ ਜਾ ਰਹੀ ਹੈ। ਇਨ੍ਹਾਂ ਸਾਰੇ ਮਾਮਲਿਆਂ ਬਾਰੇ ਜਾਂਚ ਏਜੰਸੀ ਆਪ ਨੇਤਾਵਾਂ ਤੋਂ ਪੁੱਛਗਿੱਛ ਕਰ ਕੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਘੁਟਾਲੇ ’ਚ ਹੋਰ ਕੌਣ-ਕੌਣ ਸ਼ਾਮਿਲ ਹੈ ਤੇ ਰਕਮ ਦੀ ਵੰਡ ਕਿਵੇਂ ਹੋਈ, ਜਿਨ੍ਹਾਂ ਖ਼ਿਲਾਫ਼ ਮਿਲਣਗੇ, ਜਾਂਚ ਏਜੰਸੀ ਅੱਗੇ ਵੀ ਉਨ੍ਹਾਂ ਨੂੰ ਗਿ੍ਰਫ਼ਤਾਰ ਕਰ ਸਕਦੀ ਹੈ।
ਹੁਣੇ ਜਿਹੇ ਈਡੀ ਨੇ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਕੇਜਰੀਵਾਲ ਨੂੰ ਗਿ੍ਰਫ਼ਤਾਰ ਕੀਤਾ ਸੀ। ਉਨ੍ਹਾਂ ਨੂੰ 10 ਦਿਨਾਂ ਦੀ ਹਿਰਾਸਤ ’ਚ ਲੈ ਕੇ ਜਾਂਚ ਏਜੰਸੀ ਨੇ ਡੂੰਘੀ ਪੁੱਛਗਿੱਛ ਕੀਤੀ ਸੀ। ਈਡੀ ਨੇ ਦਾਅਵਾ ਕੀਤਾ ਸੀ ਕਿ ਪੁੱਛਗਿੱਛ ’ਚ ਕੇਜਰੀਵਾਲ ਨੇ ਦੱਸਿਆ ਹੈ ਕਿ ਵਿਜੇ ਨਾਇਰ ਉਨ੍ਹਾਂ ਨੂੰ ਨਹੀਂ, ਬਲਕਿ ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਤੇ ਸੌਰਭ ਭਾਰਦਵਾਜ ਨੂੰ ਰਿਪੋਰਟ ਕਰਦਾ ਸੀ। ਈਡੀ ਸੂਤਰਾਂ ਦਾ ਕਹਿਣਾ ਹੈ ਕਿ ਪੁੱਛਗਿੱਛ ’ਚ ਕੇਜਰੀਵਾਲ ਤੋਂ ਜਾਂਚ ਏਜੰਸੀ ਨੂੰ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ, ਜਿਨ੍ਹਾਂ ਦੇ ਆਧਾਰ ’ਤੇ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਕੇਜਰੀਵਾਲ ਦੇ ਪੀਏ ਤੋਂ ਪਿਛਲੇ ਸਾਲ ਫਰਵਰੀ ’ਚ ਵੀ ਜਾਂਚ ਏਜੰਸੀ ਪੁੱਛਗਿੱਛ ਕਰ ਚੁੱਕੀ ਹੈ। ਈਡੀ ਵੱਲੋਂ ਪੁੱਛਗਿੱਛ ਦਾ ਸਿਲਸਿਲਾ ਜਾਰੀ ਰੱਖਣ ਨਾਲ ਆਪ ਨੇਤਾਵਾਂ ਦੀਆਂ ਮੁਸ਼ਕਲਾਂ ਅਜੇ ਛੇਤੀ ਘੱਟ ਹੁੰਦੀਆਂ ਨਹੀਂ ਦਿਖਾਈ ਦੇ ਰਹੀਆਂ। ਈਡੀ ਸੂਤਰਾਂ ਦੀ ਮੰਨੀਏ ਤਾਂ ਆਪ ਦੇ ਕਈ ਨੇਤਾ ਅਜੇ ਵੀ ਰਾਡਾਰ ’ਤੇ ਹਨ। ਕੇਜਰੀਵਾਲ ਵੱਲੋਂ ਆਤਿਸ਼ੀ ਤੇ ਸੌਰਭ ਭਾਰਦਵਾਜ ਦਾ ਨਾਂ ਲੈਣ ’ਤੇ ਬੀਤੇ ਦਿਨੀਂ ਆਤਿਸ਼ੀ ਨੇ ਪੱਤਰਕਾਰ ਸੰਮੇਲਨ ਕਰ ਕੇ ਸ਼ੱਕ ਜ਼ਾਹਿਰ ਕੀਤਾ ਸੀ ਕਿ ਈਡੀ ਹੁਣ ਉਨ੍ਹਾਂ ਨੂੰ, ਸੌਰਭ ਭਾਰਦਵਾਜ, ਦੁਰਗੇਸ਼ ਪਾਠਕ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਵੀ ਗਿ੍ਰਫ਼ਤਾਰ ਕਰ ਸਕਦੀ ਹੈ।