ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ’ਚ ਚੋਣ ਪ੍ਰਚਾਰ ਸ਼ੁਰੂ ਕਰਦੇ ਹੋਏ ਸ਼ਨਿਚਰਵਾਰ ਨੂੰ ਮੋਗਾ ਤੇ ਜਲੰਧਰ ’ਚ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ‘ਜ਼ੁਲਮ ਦਾ ਜਵਾਬ ਵੋਟ’ ਮੁਹਿੰਮ ਸ਼ੁਰੂ ਕਰਦੇ ਹੋਏ ਵਰਕਰਾਂ ਨੂੰ ਲੋਕ ਸਭਾ ਚੋਣਾਂ ’ਚ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣ ਲਈ ਕੰਮ ਕਰਨ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ’ਚ ਚੋਣ ਪ੍ਰਚਾਰ ਸ਼ੁਰੂ ਕਰਦੇ ਹੋਏ ਸ਼ਨਿਚਰਵਾਰ ਨੂੰ ਮੋਗਾ ਤੇ ਜਲੰਧਰ ’ਚ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ‘ਜ਼ੁਲਮ ਦਾ ਜਵਾਬ ਵੋਟ’ ਮੁਹਿੰਮ ਸ਼ੁਰੂ ਕਰਦੇ ਹੋਏ ਵਰਕਰਾਂ ਨੂੰ ਲੋਕ ਸਭਾ ਚੋਣਾਂ ’ਚ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣ ਲਈ ਕੰਮ ਕਰਨ ਦਾ ਸੱਦਾ ਦਿੱਤਾ। ਭਗਵੰਤ ਮਾਨ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪਾਰਟੀ, ਸੂਬੇ ਤੇ ਦੇਸ਼ ਦੀ ਕਿਸਮਤ ਉਨ੍ਹਾਂ ਸਵੈ-ਸੇਵੀਆਂ ਦੇ ਹੱਥਾਂ ’ਚ ਹੈ ਜੋ ਅਣਥੱਕ ਮਿਹਨਤ ਕਰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਪਾਰਟੀ ਦੇ ਵਲੰਟਰੀਅਰਾਂ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਸਥਾਰ ਨਾਲ ਗੱਲਬਾਤ ਕੀਤੀ। ਮੋਗਾ ’ਚ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਮਾਨ ਨੇ ਕਿਹਾ ਕਿ ਫ਼ਰੀਦਕੋਟ ਤੋਂ ਆਪ ਵੱਲੋਂ ਕਰਮਜੀਤ ਸਿੰਘ ਅਨਮੋਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਕ ਗ਼ਰੀਬ ਪਰਿਵਾਰ ਨਾਲ ਸਬੰਧਤ ਅਨਮੋਲ ਨੇ ਆਪਣੀ ਮਿਹਨਤ ਨਾਲ ਉਚਾਈਆਂ ਨੂੰ ਛੋਹਿਆ। ਉਨ੍ਹਾਂ ਦਾ ਜੀਵਨ ਸੰਘਰਸ਼ਾਂ ਨਾਲ ਭਰਿਆ ਰਿਹਾ ਹੈ ਪਰ ਉਨ੍ਹਾਂ ਨੇ ਸੰਘਰਸ਼ਾਂ ਨਾਲ ਲੜ ਕੇ ਕਾਮਯਾਬੀ ਹਾਸਲ ਕੀਤੀ।
ਵਰਕਰਾਂ ਨੂੰ ਸੰਬਧੋਨ ਕਰਦੇ ਹੋਏ ਮਾਨ ਨੇ ਕਿਹਾ ਕਿ ਉਹ ਸਵੇਰੇ 10 ਵਜੇ ਚੰਡੀਗੜ੍ਹ ਤੋਂ ਨਿਕਲੇ ਪਰ ਦੁਪਹਿਰ ਦੋ ਵਜੇ ਮੋਗਾ ਪੁੱਜੇ। ਉਨ੍ਹਾਂ ਕਿਹਾ ਕਿ ਰਾਹ ਵਿਚ ਮੈਨੂੰ ਅੱਠ ਤੋਂ 10 ਥਾਵਾਂ ’ਤੇ ਲੋਕਾਂ ਨੇ ਰੋਕਿਆ ਤੇ ਇਹੀ ਦੱਸਿਆ ਕਿ ਤੁਸੀਂ ਦੋ ਸਾਲ ’ਚ ਜੋ ਕੀਤਾ ਉਹ ਰਵਾਇਤੀ ਪਾਰਟੀਆਂ ਨੇ 25 ਸਾਲ ’ਚ ਨਹੀਂ ਕੀਤਾ। ਕਿਸੇ ਨੇ ਬਿਨਾਂ ਸਿਫ਼ਾਰਸ਼ ਨੌਕਰੀ ਮਿਲਣ ਦੀ, ਕਿਸੇ ਨੇ 25 ਸਾਲ ਬਾਅਦ ਉਨ੍ਹਾਂ ਦੇ ਖੇਤਾਂ ’ਚ ਨਹਿਰ ਦਾ ਪਾਣੀ ਪਹੁੰਚਣ ਦੀ ਤੇ ਕਿਸੇ ਨੇ ਸਿੰਚਾਈ ਲਈ ਸਵੇਰੇ ਬਿਜਲੀ ਮਿਲਣ ਤੇ ਘਰਾਂ ਦਾ ਬਿਜਲੀ ਜ਼ੀਰੋ ਆਉਣ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਘਰਾਂ ਦੇ ਜ਼ੀਰੋ ਬਿੱਲ ਆਉਣ ਨਾਲ ਉਨ੍ਹਾਂ ’ਤੇ ਵਿੱਤੀ ਭਾਰ ਘਟਿਆ ਹੈ। ਮਾਨ ਨੇ ਕਿਹਾ ਕਿ ‘ਮੋਦੀ-ਮੋਦੀ’ ਵਰਗੇ ਨਾਅਰੇ ਸੁਨਣ ਲਈ ਸਾਨੂੰ ਕਿਸੇ ਨੂੰ ਪੈਸੇ ਨਹੀਂ ਦੇਣੇ ਪੈਂਦੇ, ਬਲਕਿ ਅਸੀਂ ਇਸ ਤਰ੍ਹਾਂ ਕੰਮ ਕਰਦੇ ਹਾਂ ਕਿ ਲੋਕ ਦਿਲ ਨਾਲ ਸਾਡੇ ਨਾਅਰੇ ਲਾਉਣ। ਪੰਜਾਬੀਆਂ ਦੇ ਨਾਅਰੇ ਲਾਉਣ ਦੇ ਤਰੀਕੇ ਤੋਂ ਪਤਾ ਲਗਦਾ ਹੈ ਕਿ ਹਵਾ ਕਿਸ ਦਿਸ਼ਾ ’ਚ ਵਹਿ ਰਹੀ ਹੈ।
ਇਸ ਨਾਲ ਹੀ ਮਾਨ ਨੇ ਕਿਹਾ ਕਿ ਭਾਜਪਾ ਨੂੰ ਗ਼ਲਤਫ਼ਹਿਮੀ ਹੋ ਗਈ ਹੈ ਕਿ ਜੇ ਕੇਜਰੀਵਾਲ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ ਤਾਂ ਆਮ ਆਦਮੀ ਪਾਰਟੀ ਖ਼ਤਮ ਹੋ ਜਾਵੇਗੀ। ਉਨ੍ਹਾਂ ਨੂੰ ਨਹੀਂ ਪਤਾ ਕਿ ਕੇਜਰੀਵਾਲ ਇਕ ਸੋਚ ਹੈ ਤੇ ਉਸ ਨੂੰ ਕੈਦ ਨਹੀਂ ਕੀਤਾ ਜਾ ਸਕਦਾ। ਇਹੀ ਨਹੀਂ, ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਪਾਰਟੀ ਅੰਦੋਲਨ ’ਚੋਂ ਨਿਕਲੀ ਹੈ ਤੇ ਇਹ ਪਾਰਟੀ ਪੰਜਾਬ ’ਚ ਹੈ ਤੇ ਪੰਜਾਬ ਨਦੀਆਂ ਦੀ ਧਰਤੀ ਹੈ। ਨਦੀਆਂ ਆਪਣਾ ਰਾਹ ਖ਼ੁਦ ਬਣਾਉਂਦੀਆਂ ਹਨ।
ਇਸ ਦੌਰਾਨ ਆਪ ਦੇ ਰਾਸ਼ਟਰੀ ਜਨਰਲ ਸਕੱਤਰ ਤੇ ਰਾਜ ਸਭਾ ਸੰਸਦ ਮੈਂਬਰ ਡਾ. ਸੰਦੀਪ ਪਾਠਕ, ਆਪ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪਿ੍ਰੰਸੀਪਲ ਬੁੱਧ ਰਾਮ, ਮੰਤਰੀ ਤੇ ਲੋਕ ਸਭਾ ਉਮੀਦਵਾਰ ਗੁਰਮੀਤ ਮੀਤ ਹੇਅਰ, ਮੰਤਰੀ ਤੇ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ, ਫ਼ਰੀਦਕੋਟ ਤੋਂ ਲੋਕ ਸਭਾ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਤੇ ਪ੍ਰਧਾਨ (ਮੰਡੀ ਬੋਰਡ) ਹਰਚੰਦ ਸਿੰਘ ਬਰਸਟ, ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਮੰਤਰੀ ਲਾਲਜੀ ਸਿੰਘ ਭੁੱਲਰ, ਆਪ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ, ਮੰਤਰੀ ਲਾਲ ਚੰਦ ਕਟਾਰੂਚੱਕ, ਪਾਰਟੀ ਦੇ ਪੰਜਾਬ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ, ਮੰਤਰੀ ਅਨਮੋਲ ਗਗਨ ਮਾਨ, ਮੰਤਰੀ ਬਲਕਾਰ ਸਿੰਘ, ਅਨੰਦਪੁਰ ਸਾਹਿਬ ਤੋਂ ਆਪ ਉਮੀਦਵਾਰ ਮਲਵਿੰਦਰ ਕੰਗ, ਫ਼ਤਹਿਗੜ੍ਹ ਸਾਹਿਬ ਤੋਂ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ, ਮੰਤਰੀ ਹਰਭਜਨ ਸਿੰਘ ਈਟੀਓ, ਮੰਤਰੀ ਬ੍ਰਹਮ ਸ਼ੰਕਰ ਜਿੰਪਾ ਤੇ ਹੋਰ ਵਿਧਾਇਕ ਮੌਜੂਦ ਸਨ।