ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇੲੀਂ ’ਤੇ ਵਿਸਾਖੀ ਮਨਾਉਣ ਦੇ ਮੱਦੇਨਜ਼ਰ ਵੇੲੀਂ ’ਚ ਮੁਕੇਰੀਆਂ ਹਾਈਡਲ ਚੈਨਲ ਤੋਂ 350 ਕਿਊਸਿਕ ਪਾਣੀ ਛੱਡਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇੲੀਂ ’ਤੇ ਵਿਸਾਖੀ ਮਨਾਉਣ ਦੇ ਮੱਦੇਨਜ਼ਰ ਵੇਈਂ ’ਚ ਮੁਕੇਰੀਆਂ ਹਾਈਡਲ ਚੈਨਲ ਤੋਂ 350 ਕਿਊਸਿਕ ਪਾਣੀ ਛੱਡਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਵੱਲੋਂ ਜਲ ਸਰੋਤ ਵਿਭਾਗ ਦੇ ਪਿ੍ਰੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਤੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦੇ ਮੁੱਖ ਅਫ਼ਸਰ ਨੂੰ ਸਪੱਸ਼ਟ ਹਦਾਇਤਾਂ ਕੀਤੀਆਂ ਹਨ ਕਿ ਪਵਿੱਤਰ ਵੇੲੀਂ ’ਚ 350 ਕਿਊਸਿਕ ਪਾਣੀ ਛੱਡਣਾ ਯਕੀਨੀ ਬਣਾਇਆ ਜਾਵੇ ਕਿਉਂਕਿ ਅਪ੍ਰੈਲ 2015, 2017 ਤੇ 2021 ’ਚ ਗੁਰਦੁਆਰਾ ਬੇਰ ਸਾਹਿਬ ਨੇੜੇ ਤੇ ਵੇਈਂ ਦੇ ਹੋਰ ਹਿੱਸਿਆਂ ’ਚ ਵੱਡੀ ਗਿਣਤੀ ’ਚ ਮੱਛੀਆਂ ਮਰੀਆਂ ਸਨ ਜਿਸ ਬਾਰੇ ਮੱਛੀ ਪਾਲਣ ਵਿਭਾਗ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਤੇ ਪੰਜਾਬ ਪ੍ਰਦੂਸ਼ਣ ਬੋਰਡ ਦੀਆਂ ਟੀਮਾਂ ਨੇ ਵੇੲੀਂ ’ਚ ਪੈ ਰਹੇ ਗੰਦੇ ਪਾਣੀ ਦੇ ਵੱਖ-ਵੱਖ ਥਾਵਾਂ ਤੋਂ ਸੈਂਪਲ ਇਕੱਠੇ ਕੀਤੇ ਸੀ। ਇਹ ਟੀਮਾਂ ਇਸ ਨਤੀਜੇ ’ਤੇ ਪਹੁੰਚੀਆਂ ਸੀ ਕਿ ਇਨ੍ਹਾਂ ਦਿਨਾਂ ’ਚ ਮੱਛੀ ਦੇ ਪੂੰਗ ’ਚ ਵਾਧਾ ਹੁੰਦਾ ਹੈ। ਗੰਦਾ ਪਾਣੀ ਪੈਣ ਕਾਰਨ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਸੀ ਤੇ ਮੁਕੇਰੀਆਂ ਹਾਈਡਲ ਚੈਨਲ ’ਤੇ ਕਾਂਜਲੀ ਤੋਂ ਸਾਫ ਪਾਣੀ ਘਟਾ ਦਿੱਤਾ ਜਾਂਦਾ ਸੀ ਜਿਸ ਕਾਰਨ ਮੱਛੀਆਂ ਦੇ ਮਰਨ ਦਾ ਖ਼ਤਰਾ ਹਰ ਵਾਰ ਬਣਿਆ ਰਹਿੰਦਾ ਸੀ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੇ ਪੱਤਰ ’ਚ ਕਿਹਾ ਹੈ ਕਿ ਇਸ ਬਾਰੇ ਲੋੜੀਂਦੀ ਕਾਰਵਾਈ ਕੀਤੀ ਜਾਵੇ ਤੇ ਅਗਾਊਂ ਪ੍ਰਬੰਧ ਕੀਤੇ ਜਾਣ। ਰਾਜ ਸਭਾ ਮੈਂਬਰ ਤੇ ਵਾਤਾਵਰਨ ਪੇ੍ਰਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਨ੍ਹਾਂ ਬੀਤੇ ਦਿਨੀਂ ਵੇੲੀਂ ’ਚ ਪਾਣੀ ਛੱਡਣ ਲਈ ਹਦਾਇਤਾਂ ਕੀਤੀਆਂ ਸੀ ਤਾਂ ਜੋ ਮੱਛੀਆਂ ਦੇ ਮਰਨ ਦੀ ਘਟਨਾ ਮੁੜ ਨਾ ਵਾਪਰੇ। ਉਨ੍ਹਾਂ ਦੱਸਿਆ ਕਿ ਸੰਗਤਾਂ ਵੱਡੀ ਗਿਣਤੀ ’ਚ ਵਿਸਾਖੀ ਮੌਕੇ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਕਾਲੀ ਵੇੲੀਂ ਦੇ ਦਰਸ਼ਨਾਂ ਲਈ ਪਹੁੰਚਦੀਆਂ ਹਨ। ਉਨ੍ਹਾਂ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਿਦਾਇਤ ਵੀ ਕੀਤੀ ਕਿ ਵੇੲੀਂ ’ਚ ਪਾਣੀ ਛੱਡਣ ਦੀ ਸੂਰਤ ’ਚ ਇਹ ਧਿਆਨ ਰੱਖਿਆ ਜਾਵੇ ਕਿ ਵੇੲੀਂ ਕਿਨਾਰੇ ਢਿੱਗਾਂ ਡਿੱਗਣ ਨਾਲ ਕਿਸਾਨਾਂ ਦਾ ਕੋਈ ਵੀ ਨੁਕਸਾਨ ਨਾ ਹੋਵੇ।
ਪਵਿੱਤਰ ਕਾਲੀ ਵੇੲੀਂ ’ਤੇ ਵਿਸਾਖੀ ਮਨਾਉਣ ਦੀਆਂ ਤਿਆਰੀਆਂ ਵਜੋਂ ਸਫ਼ਾਈ ਦੀ ਕਾਰ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਕਾਰ ਸੇਵਾ ਦੀ ਅਗਵਾਈ ਕਰ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਰੋਜ਼ਾਨਾ ਸਵੇਰੇ ਸੰਗਤ ਨਾਲ ਮਿਲ ਕੇ ਵੇੲੀਂ ’ਚੋਂ ਬੂਟੀ ਕੱਢ ਰਹੇ ਹਨ ਤੇ ਵੇੲੀਂ ਦੇ 3 ਕਿਲੋਮੀਟਰ ਤੱਕ ਦੋਵਾਂ ਕਿਨਾਰਿਆਂ ਦੀ ਸਫ਼ਾਈ ਕੀਤੀ ਜਾ ਰਹੀ ਹੈ। ਸੰਤ ਸੀਚੇਵਾਲ ਖ਼ੁਦ ਘੰਟਿਆਂਬੱਧੀ ਝਾੜੂ ਦੀ ਸੇਵਾ ਕਰਦੇ ਹਨ ਤੇ ਆਲੇ-ਦੁਆਲੇ ਦੇ ਪਿੰਡਾਂ ਦੀਆਂ ਸੰਗਤਾਂ ਵੀ ਇਸ ਸੇਵਾ ’ਚ ਹੱਥ ਵਟਾ ਰਹੀਆਂ ਹਨ।