ਹੁਸ਼ਿਆਰਪੁਰ ਆਮ ਆਦਮੀ ਪਾਰਟੀ ਵੱਲੋਂ ਹੁਸ਼ਿਆਰਪੁਰ ਵਿਖੇ ਅੱਜ ਵਿਕਾਸ ਕ੍ਰਾਂਤੀ ਰੈਲੀ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਵੱਲੋਂ 867 ਕਰੋੜ ਰੁਪਏ ਦੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ, ਉਥੇ ਹੀ ਮੁੱਖ ਮੰਤਰੀ ਮਾਨ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਵੀ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਵੱਡਾ ਦਾਅਵਾ ਕਰਦੇ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਦੇ ਪੱਖ ਵਿਚ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ 13-0 ਹੋਣਗੇ। ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਸੀਟਾਂ ‘ਤੇ ਜਿੱਤ ਹਾਸਲ ਕਰੇਗੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਚੰਡੀਗੜ੍ਹ ਦੀ ਲੋਕ ਸਭਾ ਦੀ ਸੀਟ ਵੀ ਜਿੱਤੇਗੀ।
ਸੁਖਬੀਰ ਬਾਦਲ ‘ਤੇ ਕੀਤਾ ਤਿੱਖਾ ਹਮਲਾ, ਕੇਸ ਕਰਨ ਦੀ ਦਿੱਤੀ ਚੁਣੌਤੀ
ਉਥੇ ਹੀ ਸੁਖਬੀਰ ਸਿੰਘ ਬਾਦਲ ਦੇ ਮਲੰਗ ਵਾਲੇ ਬਿਆਨ ‘ਤੇ ਹਮਲਾ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਸ਼ਾਇਦ ਮਲੰਗ ਦਾ ਮਤਲਬ ਨਹੀਂ ਪਤਾ ਹੈ ਕਿਉਂਕਿ ਇਨ੍ਹਾਂ ਨੇ ਪਹਿਲਾਂ ਇਨ੍ਹਾਂ ਮਲੰਗਾਂ ‘ਤੇ ਹੀ ਰਾਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਮਲੰਗ ਸੁਖਬੀਰ ਨਾਲ ਸਨ ਤਾਂ ਸ਼ਾਨ ਸੀ ਅਤੇ ਜਦੋਂ ਇਹ ਹੁਣ ਭਗਵੰਤ ਮਾਨ ਨਾਲ ਆ ਗਏ ਤਾਂ ਮਲੰਗ ਹੋ ਗਏ। ਉਥੇ ਹੀ ਸੁਖਬੀਰ ਵੱਲੋਂ ਮਾਣਹਾਨੀ ਦਾ ਕੇਸ ਕਰਨ ਨੂੰ ਲੈ ਕੇ ਭੇਜੇ ਗਏ ਨੋਟਿਸ ‘ਤੇ ਚੁਣੌਤੀ ਦਿੰਦੇ ਹੋਏ ਕਿਹਾ ਕਿ ਕਰੋ ਮੇਰੇ ‘ਤੇ ਮਾਣਹਾਨੀ ਦਾ ਕੇਸ, ਮੈਂ ਕੋਰਟ ਵਿਚ ਇਨ੍ਹਾਂ ਨਾਲ ਨਜਿੱਠਾਂਗਾ।
ਉਨ੍ਹਾਂ ਕਿਹਾ ਕਿ ਪਹਿਲਾਂ ਸੁਖਬੀਰ ਬਾਦਲ ਮਾਣ ਤਾਂ ਵਿਖਾਉਣ, ਫਿਰ ਹਾਨੀ ਦੀ ਗੱਲ ਕਰਾਂਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਮਾਣਹਾਨੀ ਨਹੀਂ, ਭਗਵੰਤ ਮਾਨ ਹਾਣੀ ਹੋਈ ਹੈ। ਮੈਨੂੰ ਤਾਂ ਸਗੋਂ ਮੌਕਾ ਮਿਲੇਗਾ ਅਤੇ ਮੈਂ ਛੇਤੀ-ਛੇਤੀ ਤਾਰੀਖ਼ਾਂ ਪੁਆਵਾਂਗਾ। ਪੰਜਾਬ ਨੂੰ ਲੁੱਟਣ ਵਾਲੇ ਹੁਣ ਈਮਾਨਦਾਰੀ ਪਾਰਟੀ ‘ਤੇ ਕੇਸ ਕਰਨਗੇ।