ਹੁਸ਼ਿਆਰਪੁਰ : ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਅੱਜ ਹੁਸ਼ਿਆਰਪੁਰ ‘ਚ ਇਕ ਵਿਸ਼ਾਲ ‘ਵਿਕਾਸ ਕ੍ਰਾਂਤੀ ਰੈਲੀ’ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮਹਿਮਾਨ ਵੱਜੋਂ ਸ਼ਿਰੱਕਤ ਕੀਤੀ। ਉਨ੍ਹਾਂ ਵੱਲੋਂ ਦੋਆਬੇ ‘ਚ ਕਰੀਬ 867 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ ਲਈ ਅੱਜ ਇਕ ਇਤਿਹਾਸਕ ਦਿਨ ਹੈ। ਅੱਜ ਮੁੱਖ ਮੰਤਰੀ ਮਾਨ 867 ਕਰੋੜ ਰੁਪਏ ਦਾ ਪੈਕਜ ਹੁਸ਼ਿਆਰਪੁਰ ਵਾਸੀਆਂ ਲਈ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ਦੌਰਾਨ ਕਦੇ ਅਜਿਹਾ ਨਹੀਂ ਹੋਇਆ ਹੋਵੇਗਾ ਕਿ ਕਿਸੇ ਸਰਕਾਰ ਨੇ ਹੁਸ਼ਿਆਰਪੁਰ ਦੀ ਤਰੱਕੀ ਅਤੇ ਵਿਕਾਸ ਲਈ ਇੰਨਾ ਵੱਡਾ ਪੈਕਜ ਦਿੱਤਾ ਹੋਵੇ। ਇਸ ਪੈਕਜ ਨਾਲ ਜ਼ਿਲ੍ਹੇ ਅੰਦਰ ਹਸਪਤਾਲ, ਮੁਹੱਲਾ ਕਲੀਨਿਕ ਬਣਨਗੇ, ਪਾਣੀ ਦੀ ਸਪਲਾਈ ਦੇ ਪ੍ਰਾਜੈਕਟ ਆ ਰਹੇ ਹਨ, ਗੰਦਗੀ ਸਾਫ਼ ਕਰਨ ਲਈ ਸੀਵਰੇਜ ਪਲਾਂਟ ਲੱਗਣਗੇ, ਸੜਕਾਂ ਬਣਨਗੀਆਂ, ਖੇਡ ਦੇ ਮੈਦਾਨ ਬਣਨਗੇ।
ਪੂਰੇ ਹੁਸ਼ਿਆਰਪੁਰ ਦੀ ਖ਼ੁਸ਼ਹਾਲੀ ਅਤੇ ਤਰੱਕੀ ਲਈ ਇਹ ਬਹੁਤ ਹੀ ਸ਼ਾਨਦਾਰ ਪੈਕਜ ਹੈ। ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਹੁਸ਼ਿਆਰਪੁਰ ‘ਚ ਇਕ ਵੱਡਾ ਮੈਡੀਕਲ ਕਾਲਜ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ 4 ਮੈਡੀਕਲ ਕਾਲਜ ਹਨ, ਜਿਨ੍ਹਾਂ ‘ਚੋਂ ਇਕ ਕਾਲਜ ਅੰਗਰੇਜ਼ ਬਣਾ ਕੇ ਗਏ ਸਨ। ਉਸ ਤੋਂ ਬਾਅਦ 75 ਸਾਲਾਂ ‘ਚ 3 ਮੈਡੀਕਲ ਕਾਲਜ ਪਟਿਆਲਾ, ਫਰੀਦਕੋਟ ਅਤੇ ਮੋਹਾਲੀ ‘ਚ ਬਣੇ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਢ ਸਾਲ ਹੀ ਹੋਇਆ ਹੈ, ਅਸੀਂ 5 ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਹੈ। ਇਹ 5 ਕਾਲਜ ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ, ਮਾਲੇਰਕੋਟਲਾ ਅਤੇ ਮੋਗਾ ‘ਚ ਬਣਾਏ ਜਾਣਗੇ। ਜੋ ਕੰਮ 75 ਸਾਲਾਂ ‘ਚ ਹੋਇਆ, ਉਸ ਤੋਂ ਦੁੱਗਣਾ ਕੰਮ ਪੰਜਾਬ ‘ਚ 2 ਸਾਲਾਂ ਅੰਦਰ ਕਰਕੇ ਦਿਖਾਵਾਂਗੇ। ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਕਾਲਜਾਂ ‘ਚ ਬੱਚੇ ਸਿਰਫ ਪੜ੍ਹਾਈ ਨਹੀਂ ਕਰਨਗੇ, ਸਗੋਂ 500 ਬੈੱਡਾਂ ਦਾ ਹਸਪਤਾਲ ਵੀ ਬਣਾਇਆ ਜਾਵੇਗਾ ਅਤੇ ਹੁਸ਼ਿਆਰਪੁਰ ਦੇ ਬਹੁਤ ਵੱਡੇ ਪੱਧਰ ‘ਤੇ ਤਰੱਕੀ ਹੋਵੇਗੀ।
ਇਨ੍ਹਾਂ ਕਾਲਜਾਂ ‘ਚ ਹਰ ਸਾਲ 100 ਬੱਚਿਆਂ ਨੂੰ ਮੈਡੀਕਲ ਦੀ ਡਿਗਰੀ ਦਿੱਤੀ ਜਾਵੇਗੀ। ਜ਼ਿਲ੍ਹੇ ‘ਚ 33 ਨਵੇਂ ਮੁਹੱਲਾ ਕਲੀਨਿਕ ਬਣਾਏ ਜਾਣਗੇ। ਇਸ ਤੋਂ ਇਲਾਵਾ ਸੂਬੇ ਦੇ 550 ਪਿੰਡਾਂ ਅੰਦਰ ਖੇਡ ਦੇ ਮੈਦਾਨ ਬਣਾਏ ਜਾਣਗੇ। ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪਿਛਲੇ ਆਗੂਆਂ ਨੇ ਕਦੇ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹੁਣ ਪਿੰਡ-ਪਿੰਡ ਅੰਦਰ ਅਜਿਹੀ ਤਰੱਕੀ ਹੋਵੇਗੀ, ਜੋ ਕਿਸੇ ਨੇ ਦੇਖੀ ਨਹੀਂ ਹੋਵੇਗੀ। ਕੇਜਰੀਵਾਲ ਨੇ ਹੁਸ਼ਿਆਰਪੁਰ ‘ਚ ਇਸ ਪੈਕਜ ਨਾਲ ਸਕੂਲ ਆਫ ਐਮੀਨੈਂਸ ਵੀ ਬਣਾਇਆ ਜਾ ਰਿਹਾ ਹੈ। ਹੁਣ ਗਰੀਬਾਂ, ਕਿਸਾਨਾਂ, ਮਜ਼ਦੂਰਾਂ ਅਤੇ ਰਿਕਸ਼ੇ ਵਾਲਿਆਂ ਦੇ ਬੱਚੇ ਡਾਕਟਰ, ਇੰਜੀਨੀਅਰ ਅਤੇ ਜੱਜ ਬਣਨਗੇ। ਆਮ ਆਦਮੀ ਪਾਰਟੀ ਇਕੱਲੀ ਅਜਿਹੀ ਪਾਰਟੀ ਹੈ, ਜੋ ਕਹਿੰਦੀ ਹੈ ਕਿ ਕਿ ਅਸੀਂ ਤੁਹਾਡੇ ਬੱਚਿਆਂ ਦਾ ਭਵਿੱਖ ਬਣਾਵਾਂਗੇ, ਸਾਨੂੰ ਵੋਟ ਦਿਓ।
ਕੇਜਰੀਵਾਲ ਨੇ ਕਿਹਾ ਕਿ ਪੂਰੇ ਪੰਜਾਬ ਅੰਦਰ 20 ਹਜ਼ਾਰ ਸਕੂਲ ਹਨ ਅਤੇ ਹਰ ਸਕੂਲ ਅੰਦਰ ਇਸ ਸਮੇਂ ਕੋਈ ਨਾ ਕੋਈ ਕੰਮ ਚੱਲ ਰਿਹਾ ਹੈ। ਪੰਜਾਬ ਦੇ ਹਰ ਬੱਚੇ ਦੀ ਸਿੱਖਿਆ ਦੀ ਜ਼ਿੰਮੇਵਾਰੀ ਸਾਡੀ ਹੈ। ਅੱਜ ਪੂਰੇ ਪੰਜਾਬ ਅੰਦਰ ਬਿਜਲੀ ਦੇ ਬਿੱਲ ਮੁਫ਼ਤ ਕਰ ਦਿੱਤੇ ਗਏ ਅਤੇ ਪੰਜਾਬ ਦੇ ਲੋਕ ਬਹੁਤ ਖ਼ੁਸ਼ ਹਨ। ਹੁਣ ਪੰਜਾਬ ਦੇ ਕੋਨੇ-ਕੋਨੇ ‘ਚ 24 ਘੰਟੇ ਬਿਜਲੀ ਆਉਣ ਲੱਗੀ ਹੈ। ਆਉਣ ਵਾਲੇ ਸਮੇਂ ‘ਚ ਬਹੁਤ ਵੱਡੇ-ਵੱਡੇ ਕੰਮ ਹੋਣ ਵਾਲੇ ਹਨ। ਕੇਜਰੀਵਾਲ ਨੇ ਕਿਹਾ ਕਿ ਹੁਣ ਤੱਕ ਰਾਸ਼ਨ ਲੈਣ ਲਈ ਲੋਕਾਂ ਨੂੰ ਦੁਕਾਨ ‘ਤੇ ਜਾਣਾ ਪੈਂਦਾ ਸੀ ਪਰ ਹੁਣ ‘ਆਟਾ-ਦਾਲ ਸਕੀਮ’ ਤਹਿਤ ਘਰ-ਘਰ ਰਾਸ਼ਨ ਭੇਜਿਆ ਜਾਵੇਗਾ। ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਅਗਲੇ 1-2 ਮਹੀਨਿਆਂ ਅੰਦਰ ਪੰਜਾਬ ਵਾਸੀਆਂ ਨੂੰ ਕਿਸੇ ਸਰਕਾਰੀ ਦਫ਼ਤਰ ‘ਚ ਕੰਮ ਕਰਾਉਣ ਦੀ ਲੋੜ ਨਹੀਂ ਹੈ, ਸਗੋਂ ਇਕ ਫੋਨ ‘ਤੇ ਸਰਕਾਰੀ ਅਫ਼ਸਰ ਤੁਹਾਡੇ ਘਰ ਆ ਕੇ ਕੰਮ ਕਰਕੇ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਪੂਰੀ ਕ੍ਰਾਂਤੀ ਆਉਣ ਵਾਲੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਈਮਾਨਦਾਰ ਸਰਕਾਰ ਹੈ ਅਤੇ ਅਸੀਂ ਇਕ-ਇਕ ਪੈਸਾ ਬਚਾ ਰਹੇ ਹਾਂ। ਜੋ ਪੈਸਾ ਪਹਿਲਾਂ ਸਰਕਾਰਾਂ ਲੁੱਟ ਕੇ ਲੈ ਜਾਂਦੀਆਂ ਸਨ, ਉਹ ਸਾਰਾ ਪੈਸਾ ਹੁਣ ਪੰਜਾਬ ਦੇ ਵਿਕਾਸ ਲਈ ਖ਼ਰਚਿਆ ਜਾ ਰਿਹਾ ਹੈ।