ਗਰਮੀ ਤੋਂ ਰਾਹਤ ਪਾਉਣ ਲਈ 6 ਦੋਸਤ ਲੁਧਿਆਣਾ ‘ਚ ਸਤਲੁਜ ਦਰਿਆ ‘ਚ ਨਹਾਉਣ ਗਏ ਸਨ,
ਦੇਸ਼ ਭਰ ਵਿੱਚ ਇਸ ਵੇਲੇ ਗਰਮੀ ਤੋਂ ਬੁਰਾ ਹਾਲ ਹੈ ਜਿਸ ਤੋਂ ਰਾਹਤ ਦੇ ਲਈ ਲੋਕ ਵੱਖ ਵੱਖ ਤਰੀਕੇ ਅਪਣਾਉਂਦੇ ਹਨ, ਪਰ ਲੁਧਿਆਣਾ ਦੇ ਨੌਜਵਾਨਾਂ ਵੱਲੋਂ ਗਰਮੀ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਜਾਨਲੇਵਾ ਸਾਬਿਤ ਹੋਵੇਗੀ ਉਨ੍ਹਾਂ ਨੇ ਸੋਚਿਆ ਵੀ ਨਹੀਂ ਹੋਣਾ। ਦਰਅਸਲ, ਲੁਧਿਆਣਾ ਦੇ ਪਿੰਡ ਕਾਸਾਬਾਦ ਨੇੜੇ ਪੈਂਦੇ ਸਤਲੁਜ ਦਰਿਆ ਦੇ ਵਿੱਚ ਪੰਜ ਨੌਜਵਾਨ ਡੁੱਬਣ ਕਰਕੇ ਸੋਗ ਦਾ ਮਾਹੌਲ ਹੈ। ਅਜੇ ਤੱਕ ਨੌਜਵਾਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਉਨ੍ਹਾਂ ਦੇ ਨਾਲ ਦੇ ਨੌਜਵਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੱਲ ਸ਼ਾਮ ਉਹ 6 ਨੌਜਵਾਨ ਨਹਾਉਣ ਦੇ ਲਈ ਆਏ ਸੀ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਲੈ ਕੇ 21 ਸਾਲ ਦੇ ਵਿਚਕਾਰ ਹੈ, ਪਰ ਇਸ ਦੌਰਾਨ ਦੋ ਨੌਜਵਾਨਾਂ ਨੂੰ ਤਾਂ ਮੌਕੇ ਤੋਂ ਬਾਹਰ ਕੱਢ ਲਿਆ ਗਿਆ, ਪਰ ਚਾਰ ਨੌਜਵਾਨ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ, ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਦੂਜੇ ਪਾਸੇ ਥੋੜੀ ਹੀ ਦੂਰ ਇੱਕ ਹੋਰ ਨੌਜਵਾਨ ਵੀ ਡੁੱਬ ਗਿਆ ਹੈ ਜਿਸ ਦੀ ਪੁਸ਼ਟੀ ਰਾਹਤ ਕਾਰਜ ਦੀਆਂ ਟੀਮਾਂ ਵੱਲੋਂ ਕੀਤੀ ਗਈ ਹੈ।
ਲਾਪਤਾ ਨੌਜਵਾਨਾਂ ਦੀ ਭਾਲ ਜਾਰੀ : ਉਥੇ ਹੀ, ਇਸ ਪੂਰੇ ਮਾਮਲੇ ਦੀ ਪੜਤਾਲ ਲਈ ਜਿਥੇ ਮੌਕੇ ‘ਤੇ ਪਰਿਵਾਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਉਥੇ ਹੀ ਹੁਣ ਤੱਕ ਬਚਾਅ ਕਾਰਜ ਜਾਰੀ ਹੈ ਅਤੇ ਲਾਪਤਾ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਫਿਲਹਾਲ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੌਜਵਾਨਾਂ ਦੀ ਭਾਲ ਕਰ ਰਹੀ ਹੈ। ਪੁਲਿਸ ਗੋਤਾਖੋਰਾਂ ਦੀ ਵੀ ਮਦਦ ਲੈ ਰਹੀ ਹੈ। ਡੁੱਬਣ ਵਾਲੇ ਦੋ ਨੌਜਵਾਨਾਂ ਦੀ ਪਛਾਣ ਕਰ ਲਈ ਗਈ ਹੈ। ਸਮੀਰ ਖਾਨ ਅਤੇ ਸ਼ਾਹਬਾਜ਼ ਅੰਸਾਰੀ ਹੈ।
ਉਥੇ ਹੀ, ਲਗਾਤਾਰ ਰਾਹਤ ਕਾਰਜ ਟੀਮਾਂ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਣੀ ਇੱਥੇ ਕਾਫੀ ਡੂੰਘਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਤੈਰਾਕੀ (ਸਵੀਮਿੰਗ) ਨਹੀਂ ਆਉਂਦੀ, ਤਾਂ ਦਰਿਆ ਵਿੱਚ ਨਹੀਂ ਆਉਣਾ ਚਾਹੀਦਾ। ਨੌਜਵਾਨਾਂ ਦੇ ਨਾਲ ਨਹਾਉਣ ਆਏ ਦੋਸਤਾਂ ਨੇ ਦੱਸਿਆ ਕਿ ਉਹ 6 ਜਣੇ ਹੁਣ ਆਏ ਸਨ ਅਤੇ ਉਨ੍ਹਾਂ ਵਿੱਚੋਂ 4 ਡੁੱਬ ਗਏ, ਜਦਕਿ ਉਨ੍ਹਾਂ ਦੋਵਾਂ ਨੂੰ ਨੇੜੇ ਤੇੜੇ ਲੋਕਾਂ ਨੇ ਸੁਰੱਖਿਤ ਬਾਹਰ ਕੱਢ ਲਿਆ। ਉਨ੍ਹਾਂ ਨੇ ਕਿਹਾ ਜਦੋਂ ਉਨ੍ਹਾਂ ਨੂੰ ਹੋਸ਼ ਆਇਆ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਦੋਸਤ ਲਾਪਤਾ ਹਨ।
ਜਾਨ ਬਚਾਉਣ ਲਈ ਮੰਗੇ ਪੈਸੇ : ਜ਼ਿਕਰਯੋਗ ਹੈ ਕਿ ਇਸ ਦੌਰਾਨ ਪੀੜਤ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਉੱਤੇ ਢਿੱਲੀ ਕਾਰਵਾਈ ਕਰਨ ਦੇ ਵੀ ਇਲਜ਼ਾਮ ਲਾਏ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ ਤੱਕ ਉਹ ਉਨ੍ਹਾਂ ਨੂੰ ਲੱਭਦੇ ਰਹੇ, ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੀ ਮਦਦ ਦੇ ਲਈ ਅੱਗੇ ਨਹੀਂ ਆਏ।
ਉਨ੍ਹਾਂ ਨੇ ਕਿਹਾ ਕਿ ਡੇਢ ਲੱਖ ਰੁਪਏ ਦੇ ਕੇ ਪਟਿਆਲਾ ਤੋਂ ਉਨ੍ਹਾਂ ਨੇ ਗੋਤਾਖੋਰਾਂ ਦੀਆਂ ਟੀਮਾਂ ਨੂੰ ਬੁਲਾਇਆ। ਉਨ੍ਹਾਂ ਕਿਹਾ ਕਿ ਪਰ ਉਹ ਅੱਜ ਸਵੇਰੇ ਨਹੀਂ ਆਏ। ਉਨ੍ਹਾਂ ਨੂੰ ਵੀ ਕੋਈ ਵੀ ਨੌਜਵਾਨ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਅੱਜ ਜਲੰਧਰ ਤੋਂ ਟੀਮਾਂ ਇੱਥੇ ਪਹੁੰਚੀਆਂ ਹਨ ਅਤੇ ਟੀਮਾਂ ਵੱਲੋਂ ਵੀ ਹਲੇ ਤੱਕ ਕੁਝ ਵੀ ਨਹੀਂ ਜਾਣਕਾਰੀ ਦਿੱਤੀ ਗਈ ਹੈ। ਲਗਾਤਾਰ ਉਹ ਸਵੇਰ ਤੋਂ 8 ਵਜੇ ਦਰਿਆ ਵਿੱਚ ਸਰਚ ਆਪਰੇਸ਼ਨ ਚਲਾ ਰਹੇ ਹਨ। ਲਾਪਤਾ ਨੌਜਵਾਨਾਂ ਦੇ ਵਿੱਚ ਸਾਹਿਲ, ਜਾਹਿਦ, ਸਮੀਰ, ਸ਼ਮੀ ਅਤੇ ਸ਼ਹਿਬਾਜ਼ ਸ਼ਾਮਿਲ ਹਨ।