ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ ਵਿਚ ਵੱਡੀ ਖ਼ਬਰ ਸਾਹਮਣੇ ਆਈ ਹੈ।
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ ਵਿਚ ਵੱਡੀ ਖ਼ਬਰ ਸਾਹਮਣੇ ਆਈ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੇ ਮੰਗਲਵਾਰ ਨੂੰ ਇਸ ਮਾਮਲੇ ਦੇ 5ਵੇਂ ਦੋਸ਼ੀ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦਾ ਨਾਂ ਮੁਹੰਮਦ ਚੌਧਰੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਚੌਧਰੀ ਨੇ ਦੋ ਸ਼ੂਟਰਾਂ ਸਾਗਰ ਪਾਲ ਤੇ ਵਿੱਕੀ ਗੁਪਤਾ ਦੀ ਪੈਸੇ ਦੇਣ ਅਤੇ ਰੇਕੀ ਕਰਨ ਵਿਚ ਮਦਦ ਕੀਤੀ ਸੀ।ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਮੁੰਬਈ ਕ੍ਰਾਈਮ ਬ੍ਰਾਂਚ ਨੇ ਦੱਸਿਆ ਕਿ ‘ਚੌਧਰੀ ਨੂੰ ਅੱਜ ਮੁੰਬਈ ਲਿਆਂਦਾ ਜਾ ਰਿਹਾ ਹੈ, ਜਿੱਥੇ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਤੇ ਹਿਰਾਸਤ ਦੀ ਮੰਗ ਕੀਤੀ ਜਾਵੇਗੀ।’ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਮਾਮਲੇ ‘ਚ ਇਕ ਦੋਸ਼ੀ ਅਨੁਜ ਥਾਪਨ ਨੇ ਪੁਲਿਸ ਹਿਰਾਸਤ ‘ਚ ਖੁਦਕੁਸ਼ੀ ਕਰ ਲਈ ਸੀ। ਥਾਪਨ ਦੇ ਪਰਿਵਾਰ ਨੇ ਪੁਲਿਸ ਹਿਰਾਸਤ ‘ਚ ਹੋਈ ਮੌਤ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਥਾਪਨ ਨੇ ਪੁਲਿਸ ਦੀ ਹਿਰਾਸਤ ‘ਚ ਖੁਦਕੁਸ਼ੀ ਕੀਤੀ ਹੈ ਜਦੋਂਕਿ ਮ੍ਰਿਤਕ ਦੀ ਮਾਂ ਰੀਆ ਥਾਪਨ ਨੇ ਪਟੀਸ਼ਨ ‘ਚ ਦਾਅਵਾ ਕੀਤਾ ਹੈ ਕਿ ਉਸ ਦੇ ਬੇਟੇ ਦਾ ਕਤਲ ਕੀਤਾ ਗਿਆ ਹੈ। ਪਟੀਸ਼ਨ ਵਿਚ ਉਨ੍ਹਾਂ ਨੇ ਥਾਪਨ ਦੀ ਮੌਤ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ ਪੁਲਿਸ ਨੇ ਥਾਪਨ, ਸੋਨੂੰ ਬਿਸ਼ਨੋਈ, ਕਥਿਤ ਸ਼ੂਟਰ ਸਾਗਰ ਪਾਲ ਤੇ ਵਿੱਕੀ ਗੁਪਤਾ ਨੂੰ ਗ੍ਰਿਫਤਾਰ ਕੀਤਾ ਹੈ।