ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸ਼ਾਮ ਤੋਂ ਦੇਸ਼ ਦੇ ਸਭ ਤੋਂ ਦੱਖਣੀ ਕਿਨਾਰੇ ‘ਤੇ ਸਥਿਤ ਕੰਨਿਆਕੁਮਾਰੀ ਦੇ ਪ੍ਰਸਿੱਧ ਵਿਵੇਕਾਨੰਦ ਰਾਕ ਮੈਮੋਰੀਅਲ ਵਿਚ 45 ਘੰਟੇ ਦੀ ਧਿਆਨ ਸਾਧਨਾ ਸ਼ੁਰੂ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸ਼ਾਮ ਤੋਂ ਦੇਸ਼ ਦੇ ਸਭ ਤੋਂ ਦੱਖਣੀ ਕਿਨਾਰੇ ‘ਤੇ ਸਥਿਤ ਕੰਨਿਆਕੁਮਾਰੀ ਦੇ ਪ੍ਰਸਿੱਧ ਵਿਵੇਕਾਨੰਦ ਰਾਕ ਮੈਮੋਰੀਅਲ ਵਿਚ 45 ਘੰਟੇ ਦੀ ਧਿਆਨ ਸਾਧਨਾ ਸ਼ੁਰੂ ਕੀਤੀ। ਕੰਨਿਆਕੁਮਾਰੀ ਪਹੁੰਚ ਕੇ ਉਨ੍ਹਾਂ ਨੇ ਭਗਵਤੀ ਅਮਾਨ ਮੰਦਰ ‘ਚ ਪੂਜਾ ਅਰਚਨਾ ਕੀਤੀ। ਇਸ ਤੋਂ ਬਾਅਦ ਉਹ ਕਿਸ਼ਤੀ ‘ਤੇ ਸਵਾਰ ਹੋ ਕੇ ਤੱਟ ਤੋਂ ਕਰੀਬ 500 ਮੀਟਰ ਦੂਰ ਸਮੁੰਦਰ ‘ਚ ਚੱਟਾਨ ‘ਤੇ ਸਥਿਤ ਵਿਵੇਕਾਨੰਦ ਰਾਕ ਮੈਮੋਰੀਅਲ ਪਹੁੰਚੇ ਅਤੇ ਧਿਆਨ ਸ਼ੁਰੂ ਕੀਤਾ, ਜੋ ਪਹਿਲੀ ਜੂਨ ਤਕ ਚੱਲੇਗਾ। ਰਾਕ ਮੈਮੋਰੀਅਲ ਪਹੁੰਚਣ ਤੋਂ ਬਾਅਦ ਕੇ ਉਨ੍ਹਾਂ ਨੇ ‘ਧਿਆਨ ਮੰਡਪਮ’ ‘ਚ ਆਪਣਾ ਧਿਆਨ ਸ਼ੁਰੂ ਕੀਤਾ।
ਜਾਣਕਾਰੀ ਮੁਤਾਬਕ ਪੀਐੱਮ ਮੋਦੀ 45 ਘੰਟਿਆਂ ਦੌਰਾਨ ਸਿਰਫ ਤਰਲ ਖ਼ੁਰਾਕ ਹੀ ਲੈਣਗੇ। ਉਹ ਨਾਰੀਅਲ ਪਾਣੀ ਦਾ ਸੇਵਨ ਕਰਨਗੇ। ਅੰਗੂਰਾਂ ਦੇ ਜੂਸ ਦਾ ਸੇਵਨ ਕਰਨਗੇ। ਪ੍ਰਧਾਨ ਮੰਤਰੀ ਇਸ ਦੌਰਾਨ ਮੌਨ ਵਰਤ ਦੀ ਪਾਲਣਾ ਕਰਨਗੇ। ਉੱਥੇ ਹੀ ਉਹ ਮੈਡੀਟੇਸ਼ਨ ਰੂਮ ਤੋਂ ਬਾਹਰ ਨਹੀਂ ਆਉਣਗੇ। ਜ਼ਿਕਰਯੋਗ ਹੈ ਕਿ ਇਹ ਸਮਾਰਕ ਸਵਾਮੀ ਵਿਵੇਕਾਨੰਦ ਦੀ ਯਾਦ ਵਿਚ ਹੀ ਬਣਾਇਆ ਗਿਆ ਹੈ, ਜਿਨ੍ਹਾਂ ਨੇ ਦੇਸ਼ ਭਰ ਦਾ ਦੌਰਾ ਕਰਨ ਤੋਂ ਬਾਅਦ 1892 ਦੇ ਅੰਤ ਵਿਚ ਤਿੰਨ ਦਿਨ ਤਕ ਸਮੁੰਦਰ ਦੇ ਅੰਦਰ ਇਨ੍ਹਾਂ ਚੱਟਾਨਾਂ ‘ਤੇ ਧਿਆਨ ਲਗਾਇਆ ਸੀ ਤੇ ਵਿਕਸਤ ਭਾਰਤ ਦਾ ਸੁਪਨਾ ਲਿਆ। ਸਵਾਮੀ ਵਿਵੇਕਾਨੰਦ ਨੇ ਇਸ ਸਥਾਨ ‘ਤੇ ਤਿੰਨ ਦਿਨ ਤਪੱਸਿਆ ਕੀਤੀ ਤੇ ਵਿਕਸਿਤ ਭਾਰਤ ਦਾ ਸੁਪਨਾ ਦੇਖਿਆ। ਸਵਾਮੀ ਵਿਵੇਕਾਨੰਦ ਦੀ ਯਾਦ ਵਿਚ ਇਸ ਸਥਾਨ ਦਾ ਨਾਂ ਵਿਵੇਕਾਨੰਦ ਰਾਕ ਮੈਮੋਰੀਅਲ ਰੱਖਿਆ ਗਿਆ। ਇਹ ਭਾਰਤ ਦਾ ਸਭ ਤੋਂ ਦੱਖਣੀ ਹਿੱਸਾ ਹੈ, ਜਿੱਥੇ ਪੂਰਬੀ ਅਤੇ ਪੱਛਮੀ ਘਾਟ ਆਪਸ ‘ਚ ਮਿਲਦੇ ਹਨ।
ਇਹ ਮੈਮੋਰੀਅਲ ਹਿੰਦ ਮਹਾਸਾਗਰ, ਅਰਬ ਸਾਗਰ ਤੇ ਬੰਗਾਲ ਦੀ ਖਾੜੀ ਦੇ ਮਿਲਣ ਦਾ ਸਥਾਨ ਵੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਵੀ ਚੋਣ ਪ੍ਰਚਾਰ ਦੌਰਾਨ 2047 ਤਕ ਵਿਕਸਤ ਭਾਰਤ ਦੇ ਨਿਰਮਾਣ ਨੂੰ ਮੁੱਖ ਮੁੱਦਾ ਬਣਾਇਆ ਹੈ।
ਮਿਥਿਹਾਸਕ ਮਾਨਤਾਵਾਂ ਅਨੁਸਾਰ ਦੇਵੀ ਪਾਰਵਤੀ ਨੇ ਇਸ ਸਥਾਨ ‘ਤੇ ਇਕ ਪੈਰ ‘ਤੇ ਖੜ੍ਹੇ ਹੋ ਕੇ ਭਗਵਾਨ ਸ਼ਿਵ ਦਾ ਇੰਤਜ਼ਾਰ ਕੀਤਾ ਸੀ। ਦਰਅਸਲ ਸਵਾਮੀ ਵਿਵੇਕਾਨੰਦ ਦੇ ਜੀਵਨ ਵਿਚ ਵਿਵੇਕਾਨੰਦ ਰਾਕ ਮੈਮੋਰੀਅਲ ਦਾ ਸਥਾਨ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜਿਸ ਤਰ੍ਹਾਂ ਗੌਤਮ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਸਾਰਨਾਥ ਵਿਚ ਦਿੱਤਾ ਸੀ, ਉਸੇ ਤਰ੍ਹਾਂ ਪੂਰੇ ਦੇਸ਼ ਦਾ ਦੌਰਾ ਕਰਨ ਤੋਂ ਬਾਅਦ ਸਵਾਮੀ ਵਿਵੇਕਾਨੰਦ ਦੇ ਮਨ ਵਿਚ ਭਾਰਤ ਮਾਤਾ ਦਾ ਵਿਕਸਤ ਰੂਪ ਸਾਹਮਣੇ ਆਇਆ ਸੀ। ਜ਼ਿਕਰਯੋਗ ਹੈ ਕਿ ਵਿਵੇਕਾਨੰਦ ਰਾਕ ਮੈਮੋਰੀਅਲ ਦੇ ਆਲੇ-ਦੁਆਲੇ 2,000 ਪੁਲਿਸ ਕਰਮਚਾਰੀਆਂ ਦੇ ਨਾਲ-ਨਾਲ ਵੱਖ-ਵੱਖ ਸੁਰੱਖਿਆ ਏਜੰਸੀਆਂ ਦੀ ਮੌਜੂਦਗੀ ਹੈ। ਇੰਨਾ ਹੀ ਨਹੀਂ ਭਾਰਤੀ ਤੱਟ ਰੱਖਿਅਕ ਤੇ ਭਾਰਤੀ ਜਲ ਸੈਨਾ ਵੀ ਸਮੁੰਦਰੀ ਸਰਹੱਦਾਂ ‘ਤੇ ਨਿਗਰਾਨੀ ਰੱਖ ਰਹੇ ਹਨ।