ਕਰੀਬ ਚਾਲੀ ਸਾਲ ਪਹਿਲਾਂ ਜਦੋਂ ਪਰਮਿੰਦਰ ਸਿੰਘ ਰਾਣਾ ਮਹਿਜ਼ 17 ਸਾਲ ਦਾ ਸੀ ਤਾਂ ਉਹ ਖਾਲਿਸਤਾਨ ਕਮਾਂਡੋ ਫੋਰਸ ’ਚ ਸ਼ਾਮਲ ਹੋ ਗਿਆ ਸੀ। ਜਲੰਧਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਣਾ ਕੋਲ ਸਟੇਨਗੰਨ ਹੈ। ਉਸ ਨੂੰ ਥਾਣਾ-6 ਦੇ ਐੱਸਐੱਚਓ ਹਰਜੀਤ ਸਿੰਘ ਗੱਬਰ ਨੇ 23 ਅਕਤੂਬਰ 1984 ਨੂੰ ਗ੍ਰਿਫਤਾਰ ਕੀਤਾ ਸੀ।
ਖਾਲਿਸਤਾਨ ਕਮਾਂਡੋ ਫੋਰਸ ਦੇ ਅੱਤਵਾਦੀ ਪਰਮਿੰਦਰ ਸਿੰਘ ਰਾਣਾ ਵਾਸੀ ਪਿੰਡ ਡਿੰਗਰੀਆਂ, ਆਦਮਪੁਰ ਜੋ ਕਿ 36 ਸਾਲ ਪਹਿਲਾਂ ਭਗੌੜਾ ਕਰਾਰ ਦਿੱਤਾ ਗਿਆ ਸੀ, ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਚਾਲੀ ਸਾਲ ਪਹਿਲਾਂ ਸਟੇਨ ਗੰਨ ਸਮੇਤ ਫੜੇ ਜਾਣ ’ਤੇ ਥਾਣਾ 6 ਦੀ ਪੁਲਿਸ ਨੇ ਅੱਤਵਾਦੀ ਰਾਣਾ ਖਿਲਾਫ ਮਾਮਲਾ ਦਰਜ ਕੀਤਾ ਸੀ। ਜ਼ਮਾਨਤ ਮਿਲਣ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਭਗੋੜਾ ਐਲਾਨ ਦਿੱਤਾ ਸੀ। ਥਾਣਾ 6 ਦੇ ਇੰਚਾਰਜ ਪਰਮਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਮੁਲਜ਼ਮ ਨੂੰ ਚਾਰ ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ। ਫਿਲਹਾਲ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਕਰੀਬ ਚਾਲੀ ਸਾਲ ਪਹਿਲਾਂ ਜਦੋਂ ਪਰਮਿੰਦਰ ਸਿੰਘ ਰਾਣਾ ਮਹਿਜ਼ 17 ਸਾਲ ਦਾ ਸੀ ਤਾਂ ਉਹ ਖਾਲਿਸਤਾਨ ਕਮਾਂਡੋ ਫੋਰਸ ’ਚ ਸ਼ਾਮਲ ਹੋ ਗਿਆ ਸੀ। ਜਲੰਧਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਣਾ ਕੋਲ ਸਟੇਨਗੰਨ ਹੈ। ਉਸ ਨੂੰ ਥਾਣਾ-6 ਦੇ ਐੱਸਐੱਚਓ ਹਰਜੀਤ ਸਿੰਘ ਗੱਬਰ ਨੇ 23 ਅਕਤੂਬਰ 1984 ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਜਾਂਚ ’ਚ ਸਾਹਮਣੇ ਆਇਆ ਸੀ ਕਿ ਰਾਣਾ ਕੇਸੀਐੱਫ ਚੀਫ਼ ਸੁਖਦੇਵ ਸਿੰਘ ਉਰਫ਼ ਸੁੱਖਾ ਸਿਪਾਹੀ ਦਾ ਕਰੀਬੀ ਸੀ ਤੇ ਮਾਡਲ ਟਾਊਨ ’ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਸਟੇਨਗੰਨ ਲੈ ਕੇ ਆਇਆ ਸੀ। ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਦੀ ਸਟੇਨਗੰਨ ਲੋਡਿਡ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਉਸ ਖ਼ਿਲਾਫ਼ ਅੱਠ ਕੇਸ ਦਰਜ ਕੀਤੇ ਸਨ। ਇਸ ਤੋਂ ਬਾਅਦ ਰਾਣਾ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਪਰ ਨਾਬਾਲਗ ਹੋਣ ਕਾਰਨ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ। ਉਸ ਸਮੇਂ ਦਰਜ ਹੋਏ ਕੇਸਾਂ ’ਚੋਂ ਸਿਰਫ਼ ਸਟੇਨਗੰਨ ਕੇਸ ਹੀ ਲੰਬਿਤ ਸੀ ਜਿਸ ’ਚ ਉਹ ਲੋੜੀਂਦਾ ਸੀ। ਪੁਲਿਸ ਨੇ ਰਾਣਾ ਦੀ ਚਾਰਜਸ਼ੀਟ ਅਦਾਲਤ ’ਚ ਪੇਸ਼ ਕੀਤੀ ਸੀ ਪਰ ਰਾਣਾ ਮੁੜ ਅਦਾਲਤ ’ਚ ਪੇਸ਼ ਨਹੀਂ ਹੋਇਆ, ਜਿਸ ਮਗਰੋਂ ਅਦਾਲਤ ਨੇ ਉਸ ਨੂੰ 4 ਮਈ 1988 ਨੂੰ ਭਗੌੜਾ ਕਰਾਰ ਦੇ ਦਿੱਤਾ। ਉਸ ਸਮੇਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਥਾਵਾਂ ’ਤੇ ਛਾਪੇ ਮਾਰੇ ਪਰ ਉਹ ਆਪਣੇ ਪਰਿਵਾਰ ਸਮੇਤ ਫਰਾਰ ਹੋ ਗਿਆ। ਰਾਣਾ ਦੀ ਗ੍ਰਿਫਤਾਰੀ ਤੋਂ ਬਾਅਦ ਖੁਲਾਸਾ ਹੋਇਆ ਕਿ ਉਹ ਪਰਿਵਾਰ ਸਮੇਤ ਰਾਜਸਥਾਨ ਚਲਾ ਗਿਆ ਸੀ ਤੇ ਉਥੇ ਪਰਿਵਾਰ ਸਮੇਤ ਖੇਤੀ ਕਰਨ ਲੱਗ ਪਿਆ ਸੀ। ਉਹ ਪਿਛਲੇ ਚਾਲੀ ਸਾਲਾਂ ਤੋਂ ਉਥੇ ਰਹਿ ਰਿਹਾ ਸੀ ਪਰ ਆਪਣੇ ਜੱਦੀ ਘਰ ਤੇ ਜ਼ਮੀਨ ਨੂੰ ਦੇਖਣ ਲਈ ਕੱਲ੍ਹ ਆਦਮਪੁਰ ਆਇਆ ਸੀ। ਪੁਲਿਸ ਨੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ।