ਮੀਤ ਹੇਅਰ ਦੀ ਉਮਰ 34 ਸਾਲ ਹੈ। ਸਭ ਤੋਂ ਵੱਡੀ ਉਮਰ ਦੀ ਉਮੀਦਵਾਰ 79 ਸਾਲਾ ਪਰਨੀਤ ਕੌਰ ਹਨ।
ਕੋਈ ਵੀ ਚੋਣ ਲੜਨ ਲਈ ਘੱਟੋ-ਘੱਟ ਉਮਰ ਤਾਂ ਲਾਜ਼ਮੀ ਹੈ ਪਰ ਵੱਧ ਤੋਂ ਵੱਧ ਉਮਰ ‘ਤੇ ਕੋਈ ਪਾਬੰਦੀ ਨਹੀਂ ਹੈ। ਵੱਡੀਆਂ ਚਾਰ ਪਾਰਟੀਆਂ ‘ਆਪ’, ਭਾਜਪਾ, ਕਾਂਗਰਸ ਤੇ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਲਈ ਹੁਣ ਤਕ ਐਲਾਨੇ ਗਏ ਉਮੀਦਵਾਰਾਂ ‘ਚ ਸੰਗਰੂਰ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਸਭ ਤੋਂ ਘੱਟ ਉਮਰ ਦੇ ਹਨ।ਉਨ੍ਹਾਂ ਦੀ ਉਮਰ 34 ਸਾਲ ਹੈ। ਸਭ ਤੋਂ ਵੱਡੀ ਉਮਰ ਦੀ ਉਮੀਦਵਾਰ 79 ਸਾਲਾ ਪਰਨੀਤ ਕੌਰ ਹਨ। ਫਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਦੀ ਉਮਰ 47 ਸਾਲ ਹੈ ਜੋ ਪਾਰਟੀ ਦੇ ਸਾਰੇ ਉਮੀਦਵਾਰਾਂ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਹਨ। ਕਾਂਗਰਸ ਵੱਲੋਂ ਸਭ ਤੋਂ ਨੌਜਵਾਨ ਉਮੀਦਵਾਰ ਖਡੂਰ ਸਾਹਿਬ ਤੋਂ ਕੁਲਬੀਰ ਸਿੰਘ ਜ਼ੀਰਾ ਹਨ। ਉਨ੍ਹਾਂ ਦੀ ਉਮਰ 43 ਸਾਲ ਹੈ।ਭਾਜਪਾ ਵੱਲੋਂ ਹੁਣ ਤਕ ਮੈਦਾਨ ‘ਚ ਉਤਾਰੇ ਗਏ ਉਮੀਦਵਾਰਾਂ ਵਿੱਚੋਂ ਸਭ ਤੋਂ ਘੱਟ ਉਮਰ ਦੇ ਰਵਨੀਤ ਬਿੱਟੂ ਹਨ। ਉਨ੍ਹਾਂ ਦੀ ਉਮਰ ਕਰੀਬ 49 ਸਾਲ ਹੈ। ਜਲੰਧਰ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦੀ ਉਮਰ ਵੀ ਕਰੀਬ 49 ਸਾਲ ਹੈ ਪਰ ਉਹ ਬਿੱਟੂ ਤੋਂ ਤਿੰਨ ਮਹੀਨੇ ਵੱਡੇ ਹਨ।ਚੋਣ ਮੈਦਾਨ ‘ਚ ਨਿੱਤਰੀ ਸਿਆਸਤ ਦੀ ਬਜ਼ੁਰਗ ਯੋਧਾ 79 ਸਾਲਾ ਪਰਨੀਤ ਕੌਰ ਦੀ ਉਮਰ ਹੀ ਨਹੀਂ, ਬਲਕਿ ਅਨੁਭਵ ਵੀ ਬਹੁਤ ਜ਼ਿਆਦਾ ਹੈ। ਉਹ ਸਾਲ 1999, 2004, 2009 ਤੇ 2019 ‘ਚ ਚਾਰ ਵਾਰ ਐਮਪੀ ਬਣ ਚੁੱਕੇ ਹਨ। ਉਹ ਕੇਂਦਰੀ ਰਾਜ ਮੰਤਰੀ ਵੀ ਰਹਿ ਚੁੱਕੇ ਹਨ।ਪਰਨੀਤ ਕੌਰ ਤੋਂ ਸੱਤ ਮਹੀਨੇ ਛੋਟੇ ਸ਼੍ਰੋਅਦ (ਅ) ਦੇ ਮੁਖੀ ਅਤੇ ਸੰਗਰੂਰ ਤੋਂ ਉਮੀਦਵਾਰ ਸਿਮਨਰਜੀਤ ਸਿੰਘ ਮਾਨ 1989 ਤੋਂ 1991 ਤਕ ਤਰਨਤਾਰਨ, 1999 ਤੋਂ 2004 ਤਕ ਸੰਗਰੂਰ ਤੇ ਸਾਲ 2022 ‘ਚ ਸੰਗਰੂਰ ਲੋਕ ਸਭਾ ਸੀਟ ‘ਤੇ ਹੋਈਆਂ ਜ਼ਿਮਨੀ ਚੋਣਾਂ ‘ਚ ਜਿੱਤ ਕੇ ਤਿੰਨ ਵਾਰ ਸੰਸਦ ਮੈਂਬਰ ਬਣੇ ਹਨ।