27 ਫਰਵਰੀ ਨੂੰ ਗੋਲ਼ੀਆਂ ਮਾਰ ਕੇ ਸ਼ਖ਼ਸ ਨੂੰ ਉਤਾਰਿਆ ਸੀ ਮੌਤ ਦੇ ਘਾਟ
ਕਰਾਈਮ ਬਰਾਂਚ 3 ਦੀ ਟੀਮ ਨੇ ਕਈ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਡੇਵਿਡ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਤਲ ਕੇਸ ‘ਚ ਗ੍ਰਿਫਤਾਰ ਕੀਤਾ l ਜਾਣਕਾਰੀ ਦਿੰਦਿਆਂ ਡੀਸੀਪੀ ਇਨਵੈਸਟੀਗੇਸ਼ਨ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਬਾੜੇਵਾਲ ਦੇ ਰਹਿਣ ਵਾਲੇ ਵਿਕਰਮਜੀਤ ਸਿੰਘ ਉਰਫ ਵਿੱਕੀ, ਪਿੰਡ ਪ੍ਰਤਾਪ ਸਿੰਘ ਵਾਲਾ ਦੇ ਵਾਸੀ ਹਰਦੀਪ ਸਿੰਘ ਉਰਫ ਘੱਗੂ ਤੇ ਬਾੜੇਵਾਲ ਅਵਾਣਾ ਦੇ ਰਹਿਣ ਵਾਲੇ ਤੀਰਥ ਸਿੰਘ ਉਰਫ ਕਾਲਾ ਵਜੋਂ ਹੋਈ ਹੈ। ਪੁਲਿਸ ਪਾਰਟੀ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਇੱਕ 32 ਬੋਰ ਦੀ ਦੇਸੀ ਪਿਸਤੌਲ ਅਤੇ ਚਾਰ ਜ਼ਿੰਦਾ ਰੋਂਦ ਵੀ ਬਰਾਮਦ ਕੀਤੇ ਹਨ lਜਾਣਕਾਰੀ ਦਿੰਦਿਆਂ ਡੀਸੀਪੀ ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਅਤੇ ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ 27 ਫਰਵਰੀ ਦੀ ਰਾਤ 1 ਵਜੇ ਦੇ ਕਰੀਬ ਦੋ ਧੜਿਆਂ ਵਿਚਕਾਰ ਆਪਸੀ ਝਗੜਾ ਹੋ ਗਿਆ ਸੀ। ਅਪਰਾਧਿਕ ਅਕਸ ਵਾਲੇ ਮੁਲਜ਼ਮਾਂ ਨੇ ਲੜਾਈ ਦੌਰਾਨ ਗੋਲ਼ੀਆਂ ਚਲਾ ਦਿੱਤੀਆਂl ਫਾਇਰਿੰਗ ਦੌਰਾਨ ਆਰਿਆ ਮੁਹੱਲਾ ਦੇ ਰਹਿਣ ਵਾਲੇ ਸੂਰਜ ਪ੍ਰਕਾਸ਼ ਉਰਫ ਬੱਬੂ ਦੇ ਸਿਰ ਵਿਚ ਗੋਲ਼ੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਬੱਬੂ ਦੇ ਸਾਥੀ ਹਰਪ੍ਰੀਤ ਸਿੰਘ ਉਰਫ ਹੈਪੀ ਦੇ ਦੋ ਗੋਲ਼ੀਆਂ ਲੱਗੀਆਂ ਜਿਸ ਨੂੰ ਫੱਟੜ ਹਾਲਤ ‘ਚ ਸੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ l ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਡੇਵਿਡ ਗਿਰੋਹ ਦੇ ਮੈਂਬਰ ਜਗਤਪੁਰੀ ਦੇ ਵਾਸੀ ਡੇਵਿਡ ਸਮੇਤ ਕਰੇਟਾ ਕਾਰ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ ਸਨ।ਥਾਣਾ ਪੀਏਯੂ ਦੀ ਪੁਲਿਸ ਨੇ ਐਫਆਈਆਰ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀl ਮੁਲਜ਼ਮਾਂ ਨੂੰ ਤਲਾਸ਼ ਕਰਨ ਲਈ ਪੁਲਿਸ ਲਗਾਤਾਰ ਪੜਤਾਲ ਕਰ ਰਹੀ ਸੀ। ਇਸੇ ਦੌਰਾਨ ਕ੍ਰਾਈਮ ਬਰਾਂਚ 3ਦੀ ਟੀਮ ਨੇ ਭਾਈ ਜੈਤੋ ਚੌਂਕ 200 ਫੁੱਟਾ ਰੋਡ ਦੁਗਰੀ ਇਲਾਕੇ ‘ਚੋਂ ਨਾਕਾਬੰਦੀ ਦੌਰਾਨ ਮੁਲਜ਼ਮ ਵਿਕਰਮਜੀਤ ਸਿੰਘ ਉਰਫ ਵਿੱਕੀ,ਹਰਦੀਪ ਸਿੰਘ ਉਰਫ ਘੱਗੂ ਅਤੇ ਤੀਰਥ ਸਿੰਘ ਉਰਫ ਕਾਲਾ ਨੂੰ ਪਿਸਤੌਲ ਅਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ l ਕ੍ਰਾਈਮ ਬਰਾਂਚ ਦੀ ਟੀਮ ਨੇ ਥਾਣਾ ਪੀਏਯੂ ਦੀ ਪੁਲਿਸ ਨੂੰ ਸੂਚਿਤ ਕਰਕੇ ਤਿੰਨਾਂ ਮੁਲਜ਼ਮਾਂ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ lਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਵਿੱਕੀ ਖਿਲਾਫ ਵੱਖ-ਵੱਖ ਥਾਣਿਆਂ ‘ਚ 7, ਮੁਲਜਮ ਹਰਦੀਪ ਸਿੰਘ ਉਰਫ ਘੱਗੂ ਦੇ ਖਿਲਾਫ 1 ਤੇ ਮੁਲਜ਼ਮ ਤੀਰਥ ਸਿੰਘ ਉਰਫ ਕਾਲਾ ਦੇ ਖਿਲਾਫ ਵੱਖ ਵੱਖ ਥਾਣਿਆਂ ਵਿੱਚ 6 ਅਪਰਾਧਿਕ ਮਾਮਲੇ ਦਰਜ ਹਨ l ਪੁਲਿਸ ਮੁਲਜ਼ਮਾਂ ਕੋਲੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ l ਅਧਿਕਾਰੀਆਂ ਨੂੰ ਉਮੀਦ ਹੈ ਕਿ ਦੌਰਾਨੇ ਪੁੱਛਗਿਛ ਉਨ੍ਹਾਂ ਕੋਲੋਂ ਕਈ ਖੁਲਾਸੇ ਹੋਣਗੇ l