ਪਿੰਡ ਕਣਕਵਾਲ ਭੰਗੂਆਂ ‘ਚ ਦਰਦਨਾਕ ਹਾਦਸਾ
ਨੇੜਲੇ ਪਿੰਡ ਕਣਕਵਾਲ ਭੰਗੂਆਂ ਵਿਖੇ ਇਕ ਨਿਰਮਾਣ ਅਧੀਨ ਸ਼ੈਲਰ ਦੀ ਕੰਧ ਡਿੱਗਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਦੋ ਮਜ਼ਦੂਰਾਂ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਉਕਤ ਮਜ਼ਦੂਰ ਸ਼ੈਲਰ ਦੀ ਕੰਧ ਨੂੰ ਪਲੱਸਤਰ ਕਰ ਰਹੇ ਸਨ ਤਾਂ ਬਣਾਈ ਪੈੜ ਦੇ ਟੁੱਟ ਜਾਣ ਕਾਰਨ ਉਹ ਕਾਫੀ ਉਚਾਈ ਤੋਂ ਹੇਠਾਂ ਡਿੱਗ ਪਏ, ਜਿਸ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ।
ਪਿੰਡ ਕਣਕਵਾਲ ਭੰਗੂਆਂ ਦੇ ਸਰਪੰਚ ਮਨਜੀਤ ਸਿੰਘ ਭੰਗੂ ਤੇ ਹੀਰੋਂ ਖੁਰਦ ਦੇ ਸਰਪੰਚ ਸਰਪੰਚ ਸਿੰਘ ਦੇ ਪੁੱਤਰ ਹਰਮਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਜ਼ਖ਼ਮੀ ਹੋਏ ਮਜ਼ਦੂਰਾਂ ਨੂੰ ਤੁਰੰਤ ਸਿਵਲ ਹਸਪਤਾਲ ਸੁਨਾਮ ਵਿਖੇ ਭੇਜਿਆ ਗਿਆ ਜਿੱਥੋਂ ਉਨਾਂ ਨੂੰ ਸਰਕਾਰੀ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।
ਮ੍ਰਿਤਕ ਮਜ਼ਦੂਰਾਂ ‘ਚ ਤਰਸੇਮ ਸਿੰਘ ਬਿੱਟੂ ਪੁੱਤਰ ਜੀਤ ਸਿੰਘ, ਅਮਨਦੀਪ ਸਿੰਘ ਪੁੱਤਰ ਬਿੱਲੂ ਸਿੰਘ (ਦੋਵੇਂ ਵਾਸੀ ਹੀਰੋਂ ਖੁਰਦ) ਤੇ ਜਨਕ ਰਾਜ ਪੁੱਤਰ ਨਛੱਤਰ ਸਿੰਘ ਵਾਸੀ ਧਰਮਗੜ੍ਹ ਸ਼ਾਮਲ ਹਨ। ਗੰਭੀਰ ਜ਼ਖ਼ਮੀ ਹੋਏ ਮਜ਼ਦੂਰਾਂ ‘ਚ ਜੱਸਾ ਸਿੰਘ ਪੁੱਤਰ ਗਾਜ ਸਿੰਘ ਵਾਸੀ ਧਰਮਗੜ੍ਹ ਤੇ ਕ੍ਰਿਸ਼ਨ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਰਤਨਗੜ ਪਾਟਿਆਵਾਲੀ ਸ਼ਾਮਲ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਮ੍ਰਿਤਕ ਅਮਨਦੀਪ ਸਿੰਘ ਪੰਜ ਬੱਚਿਆਂ ਦੇ ਪਿਤਾ ਸਨ ਜਦੋਂਕਿ ਬਿੱਟੂ ਸਿੰਘ ਦੇ ਦੋ ਬੱਚੇ ਹਨ। ਧਰਮਗੜ੍ਹ ਵਾਸੀ ਕਰਤਾਰ ਸਿੰਘ ਲਾਟਕ, ਲਾਲ ਸਿੰਘ ਪੰਚ, ਗੁਰਮੀਤ ਸਿੰਘ ਤੇ ਰਜਿੰਦਰ ਸਿੰਘ ਪ੍ਰੇਮੀ ਨੇ ਕਿਹਾ ਕਿ ਉਕਤ ਮਜ਼ਦੂਰਾਂ ਦੇ ਪਰਿਵਾਰ ਬਹੁਤ ਗਰੀਬੀ ਹੰਢਾਅ ਰਹੇ ਹਨ ਜਿਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਆਰਥਿਕ ਮਦਦ ਦੇਵੇ। ਥਾਣਾ ਮੁਖੀ ਧਰਮਗੜ੍ਹ ਇੰਸਪੈਕਟਰ ਕਰਮਜੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਇਸ ਸਬੰਧੀ ਸ਼ੈਲਰ ਮਾਲਕ ਗਗਨਦੀਪ ਸਿੰਘ ਵਿੱਕੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਘਟਨਾ ‘ਤੇ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਇਹ ਘਟਨਾ ਅਚਨਚੇਤ ਵਾਪਰੀ ਹੈ ਜਿਸ ਦਾ ਉਨ੍ਹਾਂ ਨੂੰ ਵੀ ਬਹੁਤ ਦੁੱਖ ਹੈ।